Thursday, June 25, 2026

ਮੁੱਖ ਮੰਤਰੀ ਪੰਜਾਬ ਨੇ ਸਰਬ ਪਾਰਟੀ ਮੀਟਿੰਗ ‘ਚ ਆਏ ਸਾਰੇ ਸੁਝਾਵਾਂ ‘ਤੇ ਵਿਚਾਰ ਕਰਨ ਦਾ ਕੀਤਾ ਵਾਅਦਾ

ਕੋਵਿਡ-19 ਖ਼ਿਲਾਫ਼ ਜੰਗ ਨੂੰ ਤੀਬਰ ਕਰਨ ਅਤੇ ਵੱਡੇ ਪੱਧਰ ‘ਤੇ ਟੈਸਟਿੰਗ ਦਾ ਦਿੱਤਾ ਭਰੋਸਾ

ਚੰਡੀਗੜ੍ਹ, 14 ਅਪਰੈਲ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਦੀ ਗੰਭੀਰਤਾ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ Captain Amarinderਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਦੇਸ਼ ਪੱਧਰ ਉਤੇ ਲੌਕਡਾਊਨ ਵਧਣ ਦੇ ਮੱਦੇਨਜ਼ਰ ਰਾਜ ਵਿੱਚ ਵੀ 3 ਮਈ ਤੱਕ ਮੁਕੰਮਲ ਕਰਫਿਊ/ਲੌਕਡਾਊਨ ਰਹੇਗਾ।ਉਨ੍ਹਾਂ ਰਾਜ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਾਲ ਹੀ ਭਰੋਸਾ ਦਿੱਤਾ ਕਿ ਕੋਵਿਡ-19 ਮਹਾਮਾਰੀ ਵਿਰੁੱਧ ਜੰਗ ਜਾਰੀ ਰੱਖਦਿਆਂ ਸੂਬਾ ਸਰਕਾਰ ਵੱਡੇ ਪੱਧਰ ‘ਤੇ ਟੈਸਟਿੰਗ ਸਮੇਤ ਸਾਰੇ ਕਦਮ ਚੁੱਕੇਗੀ।
           ਸੂਬੇ ਦੀਆਂ ਸਾਰੀਆਂ ਸਿਆਸੀ ਜਮਾਤਾਂ ਵਲੋਂ ਇਸ ਮੁਸ਼ਕਲ ਦੀ ਘੜੀ ਵਿੱਚ ਸੂਬਾ ਸਰਕਾਰ ਦੀ ਹਮਾਇਤ ਵਿੱਚ ਆਉਣ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀਆਂ ਨੇ ਅਪੀਲ ਕੀਤੀ ਕਿ ਉਹ ਸਿਆਸੀ ਵਲਗਣਾਂ ਤੋਂ ਉਪਰ ਉਠ ਕੇ ਕੋਵਿਡ-19 ਖ਼ਿਲਾਫ਼ ਜੰਗ ਵਿੱਚ ਇਕਜੁੱਟਤਾ ਦਿਖਾਉਣ।
ਕੋਵਿਡ-19 ਦੇ ਗੰਭੀਰ ਮੁੱਦੇ ‘ਤੇ ਵਿਚਾਰ ਲਈ ਸਾਰੀਆਂ ਸਿਆਸੀ ਪਾਰਟੀਆਂ ਦੀ ਵੀਡੀਓ ਕਾਨਫਰੰਸਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਾਰਾ ਮੁਲਕ, ਦਰਅਸਰ ਸਮੁੱਚਾ ਵਿਸ਼ਵ ਮੁਸ਼ਕਲ ਸਮਿਆਂ ਵਿੱਚੋਂ ਲੰਘ ਰਿਹਾ ਹੈ ਅਤੇ ਪੰਜਾਬ ਦੀ ਸਥਿਤੀ ਵੀ ਬਾਕੀਆਂ ਨਾਲੋਂ ਵੱਖਰੀ ਨਹੀਂ ਹੈ।ਉਨ੍ਹਾਂ ਦੱਸਿਆ ਕਿ ਲੌਕਡਾਊਨ ਨਾਲ ਹੁਣ ਤੱਕ ਇਸ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਮਿਲੀ ਹੈ ਅਤੇ ਮੌਜੂਦਾ ਸਮੇਂ ਸੂਬੇ ਵਿੱਚ ਇਸ ਬਿਮਾਰੀ ਦੇ ਪੀੜਤਾਂ ਦੀ ਗਿਣਤੀ ਦੇਸ਼ ਵਿੱਚੋਂ ਸਭ ਤੋਂ ਘੱਟ ਹੈ।ਮੈਡੀਕਲ ਮਾਹਿਰਾਂ ਵਲੋਂ ਦਿੱਤੇ ਸੁਝਾਅ ਕਿ ਪੰਜ ਹਫ਼ਤਿਆਂ ਦੇ ਲੌਕਡਾਊਨ ਨਾਲ ਸਥਿਤੀ ਵਿੱਚ ਸੁਧਾਰ ਹੋ ਸਕਦਾ ਹੈ, ਦਾ ਜ਼ਿਕਰ ਕਰਦਿਆਂ ਉਨ੍ਹਾਂ ਇਸ ਮਹਾਮਾਰੀ ਖ਼ਿਲਾਫ਼ ਜੰਗ ਵਿੱਚ ਜਿੱਤ ਲਈ ਸਾਰੀਆਂ ਕੋਸ਼ਿਸ਼ਾਂ ਕਰਨ ਦਾ ਭਰੋਸਾ ਦਿੱਤਾ।
          ਮੀਟਿੰਗ ਦੌਰਾਨ ਵੱਖ-ਵੱਖ ਸੁਝਾਵਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਸਾਰੇ ਸੁਝਾਵਾਂ ‘ਤੇ ਵਿਸ਼ੇਸ਼ ਤਵੱਜੋ ਦਿੱਤੀ, ਖ਼ਾਸ ਤੌਰ ਉਤੇ ਕਾਮਿਆਂ ਨਾਲ ਸਬੰਧਤ ਸੁਝਾਵਾਂ ਉਤੇ, ਅਤੇ ਇਨ੍ਹਾਂ ਸਾਰਿਆਂ ਦੇ ਹੱਲ ਲਈ ਕਦਮ ਚੁੱਕੇ ਜਾਣਗੇ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਅਪੀਲ ਨੂੰ ਮੰਨਦਿਆਂ ਕੇਂਦਰ ਸਰਕਾਰ ਨੇ ਸਨਅਤਾਂ ਵਿੱਚ ਕੰਮ ਕਾਰ ਸ਼ੁਰੂ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ ਅਤੇ ਬਠਿੰਡਾ ਵਿੱਚ ਚਾਰ ਸਨਅਤਾਂ ਨੇ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ, ਜਦੋਂ ਕਿ ਲੁਧਿਆਣਾ ਦੀਆਂ ਸਨਅਤਾਂ ਨੇ ਵੀ ਕੰਮ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ।ਉਨ੍ਹਾਂ ਦੱਸਿਆ ਕਿ ਕਰਫਿਊ ਵਿੱਚੋਂ ਨਿਕਲਣ ਦੇ ਤਰੀਕੇ ਸੁਝਾਉਣ ਲਈ ਬਣਾਈ ਟਾਸਕ ਫੋਰਸ ਦਸ ਦਿਨਾਂ ਵਿੱਚ ਅਗਲੇਰੀ ਰਣਨੀਤੀ ਬਾਰੇ ਸਿਫ਼ਾਰਸ਼ਾਂ ਦੇਵੇਗੀ।
            ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਦੱਸਿਆ ਕਿ ਸੂਬਾ ਸਰਕਾਰ ਇਸ ਮਹਾਮਾਰੀ ਦੇ ਫੈਲਾਅ ਨੂੰ ਠੱਲ੍ਹਣ ਲਈ ਲਗਾਤਾਰ ਟੈਸਟਿੰਗ ਸਮਰੱਥਾ ਵਧਾ ਰਹੀ ਹੈ ਅਤੇ ਹੁਣ ਸੂਬੇ ਦੇ ਸਾਰੇ ਤਿੰਨ ਮੈਡੀਕਲ ਕਾਲਜ 1200 ਟੈਸਟ ਪ੍ਰਤੀ ਦਿਨ ਦੀ ਸਮਰੱਥਾ ਨਾਲ ਇਸ ਮਹਾਮਾਰੀ ਦੇ ਟਾਕਰੇ ਲਈ ਤਤਪਰ ਹਨ।ਇਸ ਪੀ.ਜੀ.ਆਈ ਚੰਡੀਗੜ੍ਹ ਦੀ ਟੈਸਟਿੰਗ ਸਮਰੱਥਾ ਤੋਂ ਵੱਖ ਹੈ, ਜਦੋਂ ਕਿ ਲੁਧਿਆਣਾ ਦੀ ਡੀ.ਐਮ.ਸੀ ਅਤੇ ਸੀ.ਐਮ.ਸੀ ਨੂੰ ਟੈਸਟ ਕਰਨ ਦੀ ਪ੍ਰਵਾਨਗੀ ਦਾ ਇੰਤਜ਼ਾਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਵੱਡੇ ਪੱਧਰ ‘ਤੇ ਟੈਸਟਿੰਗ ਕਰਨ ਦਾ ਭਰੋਸਾ ਦਿੱਤਾ, ਜੋ ਅੱਜ ਦੋ ਜ਼ਿਲ੍ਹਿਆਂ ਵਿੱਚ ਸ਼ੁਰੂ ਹੋ ਗਈ। ਜੋ ਸਾਰੇ ਜ਼ਿਲ੍ਹਿਆਂ ਅਤੇ ਪਿੰਡਾਂ ਤੱਕ ਵਧਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਮੋਹਰੀ ਕਾਮਿਆਂ ਦੀ ਸੁਰੱਖਿਆ ਲਈ ਸਾਰਿਆਂ ਨੂੰ ਪੀ.ਪੀ.ਈ ਕਿੱਟਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ।
             ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੁਝਾਅ ‘ਤੇ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਆਦੇਸ਼ ਦਿੱਤਾ ਕਿ ਉਹ ਇਸ ਬਿਮਾਰੀ ਦੀ ਟੈਸਟਿੰਗ ਨੂੰ ਹੋਰ ਵਧਾਉਣ ਲਈ ਸ਼ੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਹਸਪਤਾਲਾਂ ਨੂੰ ਪ੍ਰੀਖਣਾਂ ਦੀ ਪ੍ਰਵਾਨਗੀ ਦੇਣ ‘ਤੇ ਵਿਚਾਰ ਕਰੇ।ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਐਮ.ਪੀ.ਲੈਡ ਫੰਡ ਤੁਰੰਤ ਜਾਰੀ ਕਰਨ ਲਈ ਕਿਹਾ ਹੈ ਤਾਂ ਕਿ ਸੰਸਦ ਮੈਂਬਰ ਇਸ ਫੰਡ ਦੀ ਵਰਤੋਂ ਆਪਣੇ ਜ਼ਿਲ੍ਹਿਆਂ ਵਿੱਚ ਕੋਵਿਡ-19 ਖ਼ਿਲਾਫ਼ ਜੰਗ ਵਿੱਚ ਵਰਤੋਂ ਕਰ ਸਕਣ।ਉਨ੍ਹਾਂ ਹਸਪਤਾਲਾਂ ਦੇ ਨਵੀਨੀਕਰਨ ਲਈ ਤਰਜ਼ੀਹੀ ਆਧਾਰ ‘ਤੇ 729 ਕਰੋੜ ਰੁਪਏ ਵੀ ਮੰਗੇ।
               ਇਸ ਮੀਟਿੰਗ ਦੌਰਾਨ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਸਪੱਸ਼ਟ ਤੌਰ ‘ਤੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਇਸ ਲੜਾਈ ਵਿੱਚ ਸੂਬਾ ਸਰਕਾਰ ਦੇ ਨਾਲ ਹਨ।
              ਸਾਰੀਆਂ ਸਿਆਸੀ ਜਮਾਤਾਂ ਵਿਚ ਉਨ੍ਹਾਂ ਸਾਰੇ ਅਦਾਰਿਆਂ, ਜਿਨ੍ਹਾਂ ਵਿੱਚ ਪ੍ਰਾਈਵੇਟ ਹਸਪਤਾਲ ਵੀ ਸ਼ਾਮਲ ਹਨ, ਖਿਲਾਫ ਸਖ਼ਤ ਐਕਸ਼ਨ ਲੈਣ ਦੀ ਲੋੜ ਉਤੇ ਇਕ ਰਾਇ ਬਣੀ, ਜੋ ਮੁਸ਼ਕਲ ਦੀ ਇਸ ਘੜੀ ਵਿੱਚ ਸਰਕਾਰ ਦੀ ਮਦਦ ਨਹੀਂ ਕਰ ਰਹੇ।ਜ਼ਿਆਦਾਤਰ ਪ੍ਰਾਈਵੇਟ ਹਸਪਤਾਲ ਤੇ ਓ.ਪੀ.ਡੀ ਬੰਦ ਹੋਣ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਸਖ਼ਤ ਚੇਤਾਵਨੀ ਜਾਰੀ ਕਰ ਦਿੱਤੀ ਹੈ ਅਤੇ ਇਸ ਦੀ ਪ੍ਰਵਾਹ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣਗੇ।ਉਨ੍ਹਾਂ ਕਿਹਾ ਕਿ ਕਈ ਮਾਮਲਿਆਂ ਵਿੱਚ ਪ੍ਰਾਈਵੇਟ ਹਸਪਤਾਲਾਂ ਦਾ ਬੁਨਿਆਦੀ ਢਾਂਚਾ ਸਰਕਾਰ ਵਲੋਂ ਇਸ ਮਹਾਮਾਰੀ ਖ਼ਿਲਾਫ਼ ਜੰਗ ਵਿੱਚ ਵਰਤਿਆ ਜਾ ਰਿਹਾ ਹੈ।ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਹਸਪਤਾਲਾਂ ਦਾ ਸਾਜ਼ੋ-ਸਾਮਾਨ ਸੀ.ਜੀ.ਐਚ.ਐਸ ਦਰਾਂ ‘ਤੇ ਲਿਆ ਗਿਆ ਹੈ।
             ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪਠਾਨਕੋਟ ਵਿੱਚ ਤਿੰਨ ਹਸਪਤਾਲਾਂ ਨੂੰ ਕੋਵਿਡ ਹਸਪਤਾਲਾਂ ਵਜੋਂ ਨੋਟੀਫਾਈ ਕੀਤਾ ਗਿਆ ਅਤੇ ਇਨ੍ਹਾਂ ਵਿੱਚ ਲੋੜੀਂਦੇ ਉਪਕਰਨ ਮੁਹੱਈਆ ਕੀਤੇ ਜਾ ਰਹੇ ਹਨ।
                ਸਾਰੇ ਆਗੂਆਂ ਨੇ ਲੌਕਡਾਊਨ ਮਗਰੋਂ ਸਨਅਤ ਦੀ ਸੁਰਜੀਤੀ ਲਈ ਵਿਆਪਕ ਕਦਮ ਚੁੱਕਣ ਦਾ ਸੱਦਾ ਦਿੱਤਾ। ਕਈ ਆਗੂਆਂ ਨੇ ਹਜ਼ੂਰ ਸਾਹਿਬ, ਨਾਂਦੇੜ ਵਿੱਚ ਫਸੇ ਸਿੱਖ ਸ਼ਰਧਾਲੂਆਂ ਦਾ ਮੁੱਦਾ ਵੀ ਚੁੱਕਿਆ।ਮੁੱਖ ਮੰਤਰੀ ਨੇ ਕਿਹਾ ਕਿ ਇਸ ਬਾਰੇ ਪਹਿਲਾਂ ਹੀ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਹੈ। ਜਦੋਂ ਕੇਂਦਰ ਸਰਕਾਰ ਅੰਤਰਰਾਜੀ ਗਤੀਵਿਧੀਆਂ ਦੀ ਇਜਾਜ਼ਤ ਦੇਵੇਗੀ, ਉਦੋਂ ਫੌਰਨ ਇਨ੍ਹਾਂ ਸ਼ਰਧਾਲੂਆਂ ਨੂੰ ਵਾਪਸ ਲਿਆਂਦਾ ਜਾਵੇਗਾ।
              ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਪਟਿਆਲਾ ਕਾਂਡ ਦੇ ਮੁਲਜ਼ਮਾਂ ਖ਼ਿਲਾਫ਼ ਪੁਲੀਸ ਵੱਲੋਂ ਫੌਰੀ ਕਾਰਵਾਈ ਕਰਨ ਦੀ ਸ਼ਲਾਘਾ ਕੀਤੀ ਅਤੇ ਮਿਸਾਲੀ ਸਜ਼ਾ ਦੀ ਇੱਛਾ ਪ੍ਰਗਟਾਈ। ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਸੂਬਾ ਸਰਕਾਰ ਦੇ ਇਸ ਮੁੱਦੇ ਨਾਲ ਸਿੱਝਣ ਦੇ ਤਰੀਕੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਪੁਲੀਸ ਬਲ ਤੇ ਇਸ ਜੰਗ ਦੇ ਹੋਰ ਮੋਹਰੀਆਂ ਦਾ ਮਨੋਬਲ ਵਧੇਗਾ।
            ਸਰਬ ਪਾਰਟੀ ਆਗੂ, ਪਰਵਾਸੀ ਮਜ਼ਦੂਰਾਂ ਦਾ ਮੁੱਦਾ ਹੱਲ ਕਰਨ ਦੀ ਲੋੜ ਉਤੇ ਇਕਮੱਤ ਸਨ ਤਾਂ ਕਿ ਕਿਸਾਨਾਂ ਨੂੰ ਵਾਢੀ, ਖ਼ਰੀਦ ਸੀਜ਼ਨ ਦੌਰਾਨ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।ਮੁਸ਼ਕਲ ਸਥਿਤੀ ਵਿੱਚ ਜੂਝ ਰਹੇ ਪੱਤਰਕਾਰਾਂ ਸਮੇਤ ਸਾਰੇ ਫਰੰਟ ਲਾਈਨ ਵਰਕਰਾਂ ਲਈ ਬੀਮੇ ਸਮੇਤ ਸਾਰੇ ਮੁਲਾਜ਼ਮਾਂ ਦੀ ਤਨਖ਼ਾਹ ਵਧਾਉਣ ਜਾਂ ਬੋਨਸ ਦੇਣ ਦੀ ਵੀ ਇੱਛਾ ਪ੍ਰਗਟਾਈ।
              ਸਹਿਕਾਰੀ ਬੈਂਕਾਂ ਦੇ ਕਰਜ਼ੇ ਤਿੰਨ ਮਹੀਨੇ ਲਈ ਟਾਲਣ ਦੀ ਸੁਖਬੀਰ ਸਿੰਘ ਬਾਦਲ ਦੀ ਮੰਗ `ਤੇ ਖੰਨਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਕ ਤਿਮਾਹੀ ਲਈ ਅਜਿਹਾ ਕਰਨ ਬਾਰੇ ਪਹਿਲਾਂ ਹੀ ਕਿਹਾ ਗਿਆ ਹੈ।ਵਿੱਤ ਕਮਿਸ਼ਨਰ ਵਿਕਾਸ ਨੇ ਕਿਹਾ ਕਿ ਸੂਬੇ ਵਿੱਚ ਨਰਮੇ ਦੇ ਬੀਜ਼ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ 15 ਮਈ ਤੱਕ 25 ਲੱਖ ਯੂਨਿਟਾਂ ਦੀ ਮੰਗ ਬਦਲੇ 28 ਲੱਖ ਯੂਨਿਟਾਂ (450 ਗਰਾਮ ਪ੍ਰਤੀ ਪੈਕੇਟ) ਦੇ ਆਰਡਰ ਵਿੱਚੋਂ 12 ਲੱਖ ਯੂਨਿਟ ਮਿਲ ਗਏ ਹਨ।ਸੁਖਬੀਰ ਬਾਦਲ ਨੇ ਕੋਵਿਡ-19 ਦੀਆਂ ਗਤੀਵਿਧੀਆਂ ਤੋਂ ਬਠਿੰਡਾ ਦੇ ਕੈਂਸਰ ਹਸਪਤਾਲ ਨੂੰ ਛੋਟ ਦੇਣ ਦਾ ਸੁਝਾਅ ਦਿੱਤਾ।
            ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਾਈਵੇਟ ਬੈਂਕਾਂ ਦੇ ਕਰਜ਼ਿਆਂ ਦੇ ਸਾਰੇ ਭੁਗਤਾਨ ਤੇ ਕਿਸ਼ਤਾਂ ਨੂੰ ਟਾਲਣ ਅਤੇ ਪ੍ਰਾਈਵੇਟ ਕੰਪਨੀਆਂ ਦੇ ਮੁਲਾਜ਼ਮਾਂ ਦੀ ਤਨਖਾਹ ‘ਤੇ ਕਟੌਤੀ ਨਾ ਕਰਨ ਦੀ ਮੰਗ ਕੀਤੀ।ਉਨ੍ਹਾਂ ਕੋਵਾ ਐਪ ਦੇ ਹੋਰ ਪ੍ਰਚਾਰ ਦਾ ਵੀ ਸੁਝਾਅ ਦਿੱਤਾ।
             ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਰੱਦ ਕੀਤੇ ਨੀਲੇ ਕਾਰਡਾਂ ਨੂੰ ਮੁੜ ਬਹਾਲ ਕਰਨ ਦੇ ਹੱਕ ਵਿੱਚ ਸਨ। ਉਨ੍ਹਾਂ ਸੁਝਾਅ ਦਿੱਤਾ ਕਿ ਹਰ ਤਰ੍ਹਾਂ ਦੇ ਬਿੱਲ ਮੁਆਫ ਅਤੇ ਸਕੂਲ ਫੀਸ ਵਿੱਚ ਮੁਆਫੀ ਜਾਂ ਕਟੌਤੀ ਕੀਤੀ ਜਾਵੇ ।ਡੇਅਰੀ ਤੇ ਪੋਲਟਰੀ ਫਾਰਮਰਾਂ ਨੂੰ ਵੀ ਹੋਰ ਮਦਦ ਦੀ ਲੋੜ ਹੈ।
            ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਠੇਕੇ `ਤੇ ਕੰਮ ਕਰ ਰਹੇ ਸਾਰੇ ਸਿਹਤ ਤੇ ਸਫਾਈ ਕਰਮੀਆਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਹੈ।ਸਾਰੇ ਫਰੰਟ ਲਾਈਨ ਵਰਕਰਾਂ ਸਮੇਤ ਪੱਤਰਕਾਰਾਂ ਨੂੰ ਬੀਮਾ ਕਵਰ ਦੇਣ ਅਤੇ ਪੰਜਾਬ ਵਿੱਚ ਅਟਕੇ ਲੋਕਾਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜਣ ਦੇ ਪ੍ਰਬੰਧ ਲਈ ਕਿਹਾ।ਵਿਦਿਆਰਥੀਆਂ ਲਈ ਸਟੇਸ਼ਨਰੀ ਦੁਕਾਨਾਂ ਖੋਲ੍ਹਣ ਦੀ ਵੀ ਮੰਗ ਕੀਤੀ।
            ਸੀ.ਪੀ.ਆਈ ਸਕੱਤਰ ਬੰਤ ਬਰਾੜ ਨੇ ਕਿਹਾ ਕਿ ਕੇਂਦਰੀ ਮੰਤਰੀ ਅਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਆਪਣੇ ਰੁਤਬੇ ਦੀ ਵਰਤੋਂ ਕਰਦੇ ਹੋਏ ਸੂਬੇ ਦੇ ਕੇਂਦਰ ਵੱਲ ਪੈਂਡਿੰਗ ਪਏ ਫੰਡ ਜਲਦ ਦਿਵਾਉਣ ਅਤੇ ਪੰਜਾਬ ਨੂੰ ਰਾਹਤ ਗਰਾਂਟਾਂ ਵਿੱਚ ਵੱਡਾ ਹਿੱਸਾ ਲੈਣ ਲਈ ਵੀ ਹੰਭਲਾ ਮਾਰਨ।ਜਿਹੜੇ ਹਸਪਤਾਲ ਮਰੀਜ਼ਾਂ ਨੂੰ ਦਾਖਲ ਨਹੀਂ ਰਹੇ ਉਨ੍ਹਾਂ ਨੂੰ ਸਰਕਾਰ ਵਲੋਂ ਆਪਣੇ ਹੱਥ ਵਿੱਚ ਲੈਣ ਲਈ ਕਿਹਾ।
            ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਵੈਂਟੀਲੇਟਰਾਂ ਦੀ ਲੋੜੀਂਦੀ ਗਿਣਤੀ ਸਾਰੇ ਹਸਪਤਾਲ ਵਿੱਚ ਪੁੱਜਦੀ ਕਰੇ। ਉਨਾਂ ਨੇ ਹੋਰਨਾਂ ਥਾਵਾਂ ‘ਤੇ ਫਸੇ ਪੰਜਾਬੀਆਂ ਖਾਸਕਰ ਦੂਜੇ ਦੇਸ਼ਾਂ ਵਿੱਚ ਫਸੇ ਵਿਦਿਆਰਥੀਆਂ ਨੂੰ ਲਿਆਉਣ ਲਈ ਵਿਸ਼ੇਸ਼ ਪ੍ਰਬੰਧ ਕਰੇ।
           ਸੀ.ਪੀ.ਆਈ (ਐਮ) ਦੇ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਭ ਪਾਰਟੀਆਂ ਮਿਲ ਕੇ ਕੇਂਦਰ ਤੋਂ ਸਹਾਇਤਾ ਲਈ ਜ਼ੋਰ ਪਾਉਣ।ਉਨਾਂ ਕਿਹਾ ਕਿ ਗੁੱਜਰਾਂ ਤੋਂ ਦੁੱਧ ਨਾ ਖਰੀਦਣ ਦਾ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
              ਬਹੁਤ ਨੇਤਾਵਾਂ ਵਲੋਂ ਹੇਠਲੇ ਪੱਧਰ `ਤੇ ਭੋਜਨ ਦੀ ਵੰਡ ਬਾਰੇ ਜ਼ਾਹਰ ਕੀਤੀਆਂ ਚਿੰਤਾਵਾਂ ਨੂੰ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਗਲਤਫਹਿਮੀ ਕਰਾਰ ਦਿੰਦਿਆਂ ਆਖਿਆ ਕਿ 1.41 ਕਰੋੜ ਕਾਰਡਧਾਰਕਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ।
             ਫਰੰਟ ਦੀ ਮੂਹਰੇ ਹੋ ਕੇ ਅਗਵਾਈ ਕਰਨ ਲਈ ਉਨ੍ਹਾਂ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਔਖੀ ਘੜੀ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਸਰਕਾਰ ਨੂੰ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਭਾਜਪਾ ਦੇ ਅਸ਼ਵਨੀ ਸ਼ਰਮਾ ਸਮੇਤ ਕੁੱਝ ਪਾਰਟੀ ਨੇਤਾਵਾਂ ਨੇ ਸਮੂਹ ਪਾਰਟੀਆਂ ਦੀ ਜ਼ਿਲ੍ਹਾ ਪੱਧਰੀ ਤਾਲਮੇਲ ਕਮੇਟੀ ਬਣਾਉਣ ਤੇ ਗੁਰਦੁਆਰਿਆਂ ਅਤੇ ਗੈਰ-ਸਰਕਾਰੀ ਸੰਸਥਾਵਾਂ ਨੂੰ ਸੁੱਕਾ ਰਾਸ਼ਨ ਦੇਣ ਲਈ ਦਿੱਤੇ ਸੁਝਾਵਾਂ ਦਾ ਸਮਰਥਨ ਕੀਤਾ।
                 ਜਾਖੜ ਨੇ ਮੰਡੀਆਂ ਵਿੱਚ ਹੱਥ ਧੋਣ ਲਈ ਪੈਡਲ ਨਾਲ ਚੱਲਣ ਵਾਲੇ ਸਟੇਸ਼ਨ ਵਰਤਣ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਪਰਵਾਸੀ ਮਜ਼ਦੂਰਾਂ ਨੂੰ ਵੀ ਸੂਬਾ ਨਾ ਛੱਡ ਕੇ ਜਾਣ ਲਈ ਮਨਾਉਣ ਵਾਸਤੇ ਆਖਿਆ।ਅਕਾਲੀ-ਭਾਜਪਾ ਗੱਠਜੋੜ ਨੂੰ ਕਿਹਾ ਕਿ ਕੇਂਦਰ ਕੋਲੋਂ ਕਪਾਹ ਮਿੱਲਾਂ ਖੋਲ੍ਹਣ ਦੀ ਇਜਾਜ਼ਤ ਲੈਣ ਅਤੇ ਛੋਟੇ ਤੇ ਦਰਮਿਆਨੇ ਉਦਯੋਗਾਂ ਲਈ ਤੁਰੰਤ ਪੈਕੇਜ ਐਲਾਨਣ ਅਤੇ ਸਾਰੇ ਪ੍ਰਾਈਵੇਟ ਥਰਮਲ ਪਾਵਰ ਪਲਾਂਟਾਂ ਦੀ ਅਦਾਇਗੀ ਦਾ ਜ਼ਿੰਮਾ ਵੀ ਕੇਂਦਰ ਨੂੰ ਆਪਣੇ ਸਿਰ ਲੈਣ ਲਈ ਮਨਾਵੇ।ਇਕ ਸਰਬ ਪਾਰਟੀ ਵਫ਼ਦ ਪੰਜਾਬ ਲਈ ਵਿਆਪਕ ਵਿੱਤੀ ਰਾਹਤ ਪੈਕੇਜ ਲੈਣ ਲਈ ਕੇਂਦਰ ਸਰਕਾਰ ਕੋਲ ਪਹੁੰਚ ਕਰੇ।
             ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜ਼ਾਹਰ ਕੀਤੀ ਚਿੰਤਾ ਦੇ ਜਵਾਬ ਵਿੱਚ ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਾਜੀਤ ਖੰਨਾ ਨੇ ਕਿਹਾ ਕਿ ਮੰਡੀਆਂ ਵਿੱਚ ਫਸਲ ਲਿਆਉਣ `ਤੇ ਕੋਈ ਹੱਦ ਨਹੀਂ ਮਿਥੀ ਗਈ ਅਤੇ ਇਕ ਕਿਸਾਨ ਜਾਰੀ ਕੀਤੇ ਪਾਸਾਂ ਮੁਤਾਬਿਕ ਕਣਕ ਮੰਡੀਆਂ ਵਿੱਚ ਲਿਆ ਸਕਦਾ ਹੈ।ਮੰਡੀ ਬੋਰਡ ਅਤੇ ਆੜ੍ਹਤੀਆਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਦੇ ਦਿੱਤੇ ਗਏ ਹਨ ਅਤੇ ਖਰੀਦ ਏਜੰਸੀਆਂ ਨੂੰ ਵੀ ਅੱਗੇ ਦੇ ਦਿੱਤੇ ਜਾਣਗੇ।ਅਕਾਲੀ ਦਲ ਦੇ ਪ੍ਰਧਾਨ ਦੀ ਛਿੰਤਾ ‘ਤੇ ਖੰਨਾ ਨੇ ਕਿਹਾ ਕਿ ਦੁੱਧ ਦੀ ਕਿਧਰੇ ਵੀ ਕੋਈ ਕਿੱਲਤ ਨਹੀਂ ਹੈ ਸਗੋਂ ਪੰਜਾਬ ਤਾਂ ਦੁੱਧ ਦੀ ਕਮੀ ਵਾਲੇ ਸੂਬਿਆਂ ਨੂੰ ਸੁੱਕੇ ਦੁੱਧ ਦੀ ਸਪਲਾਈ ਕਰਨ ਲਈ ਇਨ੍ਹਾਂ ਸੂਬਿਆਂ ਤੋਂ ਆਰਡਰ ਉਡੀਕ ਰਿਹਾ ਹੈ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …