ਕੁਦਰਤੀ ਆਫਤ ਵਿਚ ਹਰ ਤਰਾਂ ਨਾਲ ਸਾਥ ਦੇਣ ਦਾ ਦਿੱਤਾ ਭਰੋਸਾ
ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ -ਖੁਰਮਣੀਆਂ) – ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਲੋਕਾਂ ਦੀ
ਸੁਰੱਖਿਆ ਲਈ ਬੇਖੌਫ਼ ਅਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ, ਕਰਮਚਾਰੀਆਂ, ਮੰਡੀਆਂ ‘ਚ ਕਿਸਾਨਾਂ ਆਦਿ ਲਈ 21 ਹਜ਼ਾਰ ਮਾਸਕ ਅਤੇ 2100 ਸੈਨੇਟਾਈਜ਼ਰ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਡੀ.ਸੀ.ਪੀ ਜਗਮੋਹਨ ਸਿੰਘ ਦੇ ਸਪੁੱਰਦ ਕੀਤੇ।
ਛੀਨਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨੀਂ ਮੈਨੇਜ਼ਮੈਂਟ ਅਤੇ ਸਮੂਹ ਪ੍ਰਿੰਸੀਪਲਾਂ ਨੇ ਹਮਸਲਾਹ ਹੋ ਕੇ ‘ਪੀ.ਐਮ.ਕੇਅਰ ਵੰਡ‘ ਲਈ 10 ਲੱਖ ਦੀ ਰਾਸ਼ੀ ਰਾਹਤ ਵਜੋਂ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ ਵਿਚ 1,25,245/ ਰੁਪਏ ਸੁਸਾਇਟੀ ਵੱਲੋਂ ਅਤੇ 8,74,755/- ਰੁਪਏ ਸੁਸਾਇਟੀ ਅਧੀਨ ਆਉਂਦੇ 18 ਪ੍ਰਿੰਸੀਪਲਾਂ ਵਲੋਂ 15-15 ਦਿਨਾਂ ਦੀ ਤਨਖਾਹ ਦੀ ਕਟੌਤੀ ਕਰਵਾਉਂਦੇ ਹੋਏ ਇਸ ਨਾਜ਼ੁਕ ਸਮੇਂ‘ਚ ਸਮਾਜ ਸੇਵੀ ਕਾਰਜ ਲਈ ਯੋਗਦਾਨ ਪਾਇਆ ਗਿਆ ਹੈ।
ਇਸ ਮੌਕੇ ਛੀਨਾ ਨੇ ਕਿਹਾ ਕਿ ਸੁਸਾਇਟੀ ਮਾਨਵਤਾ ਦੀ ਭਲਾਈ ਲਈ ਹਮੇਸ਼ਾਂ ਕਾਰਜ਼ਸ਼ੀਲ ਹੈ ਅਤੇ ਅਜਿਹੀਆਂ ਆਫ਼ਤਾਂ ਨਾਲ ਨਜਿੱਠਣ ਲਈ ਸਰਕਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲੇਗੀ ਤੇ ਜੋ ਸੰਭਵ ਸਹਾਇਤਾ ਹੋਵੇਗੀ ਉਹ ਸੋਸਾਇਟੀ ਦੁਆਰਾ ਕੀਤੀ ਜਾਵੇਗੀ।ਉਨਾਂ ਨੇ ਦੱਸਿਆ ਕਿ ਇਸ ਮੌਕੇ ਖ਼ਾਲਸਾ ਕਾਲਜ, ਖ਼ਾਲਸਾ ਕਾਲਜ ਫ਼ਾਰ ਵੂਮੈਨ ਖ਼ਾਲਸਾ ਕਾਲਜ ਆਫ਼ ਨਰਸਿੰਗ, ਖ਼ਾਲਸਾ ਕਾਲਜ ਚਵਿੰਡਾ ਦੇਵੀ, ਪਿੰਡ ਚਵਿੰਡਾ ਦੇਵੀ (ਅੰਮਿ੍ਰਤਸਰ)ਵੱਲੋਂ ਮਾਸਕ, ਜਦਕਿ ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਅਤੇ ਖ਼ਾਲਸਾ ਕਾਲਜ ਆਫ਼ ਨਰਸਿੰਗ ਵਲੋਂ ਸੈਟੇਨਾਈਜ਼ਰ ਸਹਾਇਤਾ ਵਜੋਂ ਪ੍ਰਦਾਨ ਕੀਤੇ ਗਏ ਹਨ, ਜੋ ਕਿ ਉਕਤ ਕਾਲਜਾਂ ਦੇ ਸਟਾਫ਼ ਤੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਗਏ।ਛੀਨਾ ਨੇ ਸੋਸਾਇਟੀ ਦੇ ਸਹਿਯੋਗ ਨਾਲ ਲੋੜ ਅਨੁਸਾਰ ਭਵਿੱਖ ‘ਚ ਹੋਰ ਵੀ ਸੈਨੇਟਾਈਜ਼ਰ ਅਤੇ ਮਾਸਕ ਬਣਾ ਕੇ ਦੇਣ ਦਾ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੂੰ ਭਰੋਸਾ ਦਿੱਤਾ।
ਡੀ.ਸੀ ਢਿੱਲੋਂ ਨੇ ਉਕਤ ਸੋਸਾਇਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਨਾਜ਼ੁਕ ਸਮੇਂ ‘ਚ ਇਹੋ ਜਿਹੀਆਂ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਦੀ ਵੱਡੀ ਲੋੜ ਹੈ।ਉਨਾਂ ਕਿਹਾ ਕਿ ਪੁਲਿਸ ਅਧਿਕਾਰੀਆਂ, ਸਟਾਫ਼ ਤੋਂ ਇਲਾਵਾ ਮੰਡੀਆਂ ‘ਚ ਕਿਸਾਨਾਂ ਲਈ ਇਹ ਮਾਸਕ ਅਤੇ ਸੈਟੇਨਾਈਜ਼ਰ ਮੁਹੱਈਆ ਕਰਵਾਏ ਜਾਣਗੇ।ਇਸ ਮੌਕੇ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ, ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਪਿ੍ਰੰਸੀਪਲ ਡਾ. ਆਰ.ਕੇ ਧਵਨ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰਸੀਪਲ ਡਾ. ਕਮਲਜੀਤ ਕੌਰ ਆਦਿ ਹਾਜ਼ਰ ਸਨ।
Punjab Post Daily Online Newspaper & Print Media