ਜਿਲ੍ਹੇ ਦੀ ਦੂਸਰੀ ਕੋਰੋਨਾ ਪਾਜ਼ਟਿਵ ਮਰੀਜ਼ ਵੀ ਹੋਈ ਸਿਹਤਯਾਬ
ਕਪੂਰਥਲਾ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਵਲ ਹਸਪਤਾਲ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਐਲ.ਪੀ.ਯੂ ਦੀ ਵਿਦਿਆਰਥਣ ਨੀਤੂ
ਚੌਹਾਨ, ਜਿਸ ਦੀ 11 ਅਪ੍ਰੈਲ ਨੂੰ ਕੋਰੋਨਾ ਟੈਸਟ ਰਿਪੋਰਟ ਪਾਜ਼ਟਿਵ ਆਈ ਸੀ।ਉਸ ਦੀ ਅੱਜ ਦੂਸਰੀ ਰਿਪੋਰਟ ਵੀ ਨੈਗੇਟਿਵ ਆਉਣ ’ਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ।ਬੀਤੇ ਦਿਨ ਉਸ ਦੀ ਪਹਿਲੀ ਟੈਸਟ ਰਿਪੋਰਟ ਨੈਗਟਿਵ ਆਈ ਸੀ।ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਅਫ਼ਜ਼ਲ ਸ਼ੇਖ ਨੂੰ ਵੀ ਸਿਹਤਯਾਬ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ।ਇਸ ਤਰ੍ਹਾਂ ਹੁਣ ਜ਼ਿਲ੍ਹੇ ਵਿਚ ਫਿਲਹਾਲ ਕੋਈ ਵੀ ਕੋਰੋਨਾ ਪਾਜ਼ੇਟਿਵ ਮਰੀਜ਼ ਨਹੀਂ ਹੈ।
ਨੀਤੂ ਨੂੰ ਹਸਪਤਾਲੋਂ ਛੁੱਟੀ ਮਿਲਣ ਮੌਕੇ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਉਸ ਨੂੰ ਵਿਦਾਇਗੀ ਦੇਣ ਲਈ ਉਚੇਚੇ ਤੌਰ ’ਤੇ ਪਹੁੰਚੇ।ਉਨ੍ਹਾਂ ਨੀਤੂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਸ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਕਿਹਾ ਕਿ ਆਈਸੋਲੇਸ਼ਨ ਵਾਰਡ ਦੀ ਰੈਪਿਡ ਰਿਸਪਾਂਸ ਟੀਮ ਦੀ ਅਣਥੱਕ ਮਿਹਨਤ ਦੇ ਨਤੀਜੇ ਵਜੋਂ ਪਾਜ਼ਟਿਵ ਮਰੀਜ਼ ਬਿਲਕੁੱਲ ਸਿਹਤਯਾਬ ਹੋਏ ਹਨ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਵੀ ਨੀਤੂ ਦੇ ਸਿਹਤਯਾਬ ਹੋਣ ’ਤੇ ਉਸ ਨੂੰ ਵਧਾਈ ਦਿੱਤੀ ਗਈ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਦੀਪ ਧਵਨ, ਮੈਡੀਕਲ ਸਪੈਸ਼ਲਿਸਟ ਡਾ. ਰਵਜੀਤ ਸਿੰਘ, ਡਾ. ਸੰਦੀਪ ਭੋਲਾ, ਡਾ. ਮੋਹਨਪ੍ਰੀਤ, ਡਾ. ਰਾਜੀਵ ਭਗਤ, ਡਾ. ਪਾਰੀਤੋਸ਼ ਗਰਗ, ਡਾ. ਹਰਪ੍ਰੀਤ ਮੋਤੀ ਤੇ ਹੋਰ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।
Punjab Post Daily Online Newspaper & Print Media