ਅਕੀਲ ਵਲੋਂ ਭਾਈਚਾਰੇ ਨੂੰ ਘਰਾਂ ‘ਚ ਰਹਿ ਕੇ ਹੀ ਰਮਜ਼ਾਨ ਦੀ ਨਮਾਜ਼ ਅਦਾ ਕਰਨ ਦੀ ਅਪੀਲ
ਸੰਗਰੂਰ, 26 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਮਿਹਨਤੀ ਟੀਮਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਜਿਲ੍ਹਾ
ਸੰਗਰੂਰ ਦੇ ਇੱਕ ਹੋਰ ਕੋਰੋਨਾ ਵਾਇਰਸ ਪਾਜ਼ਟਿਵ ਵਿਅਕਤੀ ਨੇ ਇਸ ਨਾਮੁਰਾਦ ਬਿਮਾਰੀ ਕੋਵਿਡ-19 ਵਿਰੁੱਧ ਜੰਗ ਜਿੱਤ ਲਈ ਹੈ।ਅਹਿਮਦਗੜ ਦੇ ਦਹਿਲੀਜ਼ ਕਲਾਂ ਨਾਲ ਸਬੰਧਤ ਇਹ ਵਿਅਕਤੀ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚੋਂ ਤੰਦਰੁਸਤ ਹੋ ਕੇ ਨਿਕਲਿਆ।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ ਸਰਜਨ ਡਾ. ਰਾਜ ਕੁਮਾਰ, ਐਸ.ਐਮ.ਓ ਡਾ. ਕਿਰਪਾਲ ਸਿੰਘ ਅਤੇ ਜ਼ਿਲਾ ਐਪੋਡੀਮੋਲੋਜਿਸਟ ਡਾ. ਉਪਾਸਨਾ ਬਿੰਦਰਾ ਨੇ ਇਸ ਵਿਅਕਤੀ ਨੂੰ ਗੁਲਦਸਤੇ ਤੇ ਮਿਠਾਈ ਭੇਟ ਕਰਕੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਜਿਕਰਯੋਗ ਹੈ ਕਿ ਅਕੀਲ ਦੀਆ ਲਗਾਤਾਰ ਦੋ ਰਿਪੋਰਟਾਂ ਨੈਗੇਟਿਵ ਆਈਆਂ ਹਨ ਅਤੇ ਅੱਜ ਇਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ।
ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਅਕੀਲ ਨੇ ਕਿਹਾ ਕਿ ਡਾਕਟਰਾਂ ਤੇ ਸਟਾਫ਼ ਨੇ ਪੂਰਾ ਸਹਿਯੋਗ ਦਿੱਤਾ ਅਤੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਗਈ।ਉਨਾਂ ਨੇ ਪਵਿੱਤਰ ਰਮਜ਼ਾਨ ਦੇ ਮੱਦੇਨਜ਼ਰ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿ ਕੇ ਹੀ ਨਮਾਜ਼ ਅਦਾ ਕੀਤੇ ਜਾਣ ਦੀ ਅਪੀਲ ਕੀਤੀ।
ਸੀਨੀਅਰ ਮੈਡੀਕਲ ਅਫ਼ਸਰ ਡਾ. ਕਿਰਪਾਲ ਸਿੰਘ ਨੇ ਕਿਹਾ ਕਿ ਬੀਤੀ 9 ਅਪ੍ਰੈਲ ਨੂੰ ਕੋਰੋਨਾ ਵਾਇਰਸ ਪਾਜ਼ਟਿਵ ਪਾਏ ਜਾਣ ਤੋਂ ਬਾਅਦ ਇਥੇ ਵਧੀਆ ਇਲਾਜ ਸਹੂਲਤਾਂ ਸਦਕਾ ਉਹ ਸਿਹਤਯਾਬ ਹੋ ਕੇ ਇਥੋਂ ਜਾ ਰਹੇ ਹਨ ਜਿਸ ਨਾਲ ਡਾਕਟਰੀ ਤੇ ਪੈਰਾ ਮੈਡੀਕਲ ਸਟਾਫ਼ ਖੁਸ਼ ਹੈ।
Punjab Post Daily Online Newspaper & Print Media