ਆਪਣੇ ਘਰ 3000 ਮਾਸਕ ਬਣਾ ਕੇ ਲੋਕਾਂ ‘ਚ ਵੰਡੇ
ਬਟਾਲਾ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜਿਥੇ ਭਾਰਤ ਅਤੇ ਪੰਜਾਬ ਸਰਕਾਰਾਂ ਆਪਣੀ ਪੂਰੀ ਵਾਹ ਲਗਾ ਰਹੀਆਂ ਹਨ,
ਓਥੇ ਕੋਰੋਨਾ ਦੀ ਇਸ ਜੰਗ ਵਿੱਚ ਕੁੱਝ ਲੋਕ ਆਪਣੇ ਪੱਧਰ ’ਤੇ ਵੱਡੀਆਂ ਸੇਵਾਵਾਂ ਨਿਭਾਅ ਰਹੇ ਹਨ। ਬਟਾਲਾ ਦੇ ਉਮਰਪੁਰਾ ਦੀ ਰਹਿਣ ਵਾਲੀ ਮਨਜਿੰਦਰ ਕੌਰ ਕੋਰੋਨਾ ਦੀ ਜੰਗ ਦੌਰਾਨ ਨਾਇਕਾ ਵਜੋਂ ਉੱਭਰੀ ਹੈ।ਮਨਜਿੰਦਰ ਕੌਰ ਪੇਸ਼ੇ ਵਜੋਂ ਸਰਕਾਰੀ ਆਈ.ਟੀ.ਆਈ ਫਤਿਹਗੜ੍ਹ ਚੂੜੀਆਂ ਵਿਖੇ ਸਿਲਾਈ ਕਢਾਈ ਦੇ ਇੰਸਟਰਕਟਰ ਹੈ ਅਤੇ ਕਰਫਿਊ ਦੌਰਾਨ ਉਨ੍ਹਾਂ ਨੇ ਆਪਣੇ ਹੁਨਰ ਨੂੰ ਕੋਰੋਨਾ ਦੀ ਜੰਗ ਜਿੱਤਣ ਲਈ ਵਰਤਿਆ ਹੈ।
ਮਨਜਿੰਦਰ ਕੌਰ ਵਲੋਂ ਕਰਫਿਊ ਦੌਰਾਨ ਆਪਣੇ ਘਰ ਵਿੱਚ ਕੱਪੜੇ ਦੇ ਮਾਸਕ ਤਿਆਰ ਕੀਤੇ ਜਾ ਰਹੇ ਹਨ।ਉਸ ਵਲੋਂ ਆਪਣੇ ਹੱਥੀਂ ਤਿਆਰ ਕੀਤੇ ਮਾਸਕ ਕੋਰੋਨਾ ਦੀ ਜੰਗ ਲੜ੍ਹ ਰਹੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼, ਪੁਲਿਸ ਮੁਲਾਜ਼ਮਾਂ, ਸਰਕਾਰੀ ਦਫ਼ਤਰਾਂ ਅਤੇ ਰਾਹਗੀਰਾਂ ਨੂੰ ਮੁਫ਼ਤ ਵੰਡੇ ਜਾ ਰਹੇ ਹਨ।ਇਸ ਸੇਵਾ ਵਿੱਚ ਮਨਜਿੰਦਰ ਕੌਰ ਦੇ ਪਤੀ ਮਨਜੀਤ ਸਿੰਘ ਬਮਰਾਹ ਵੀ ਉਨ੍ਹਾਂ ਦੀ ਪੂਰੀ ਮਦਦ ਕਰ ਰਹੇ ਹਨ। ਮਨਜਿੰਦਰ ਕੌਰ ਨੇ ਆਪਣੀ ਆਈ.ਟੀ.ਆਈ ਦੀਆਂ ਸਿਖਆਰਥਣਾਂ ਨੂੰ ਆਨਲਾਈਨ ਮਾਸਕ ਬਣਾਉਣ ਦੀ ਟ੍ਰੇਨਿੰਗ ਦਿੱਤੀ ਹੈ ਅਤੇ ਉਨ੍ਹਾਂ ਨੂੰ ਵੀ ਆਪਣੇ ਘਰਾਂ ਵਿੱਚ ਮਾਸਕ ਬਣਾ ਕੇ ਵੰਡਣ ਲਈ ਪ੍ਰੇਰਿਆ ਹੈ।ਮਨਜਿੰਦਰ ਕੌਰ ਨੇ ਦੱਸਿਆ ਕਿ ਹੁਣ ਤੱਕ ਉਸ ਵਲੋਂ 3000 ਦੇ ਕਰੀਬ ਮਾਸਕ ਬਣਾਏ ਜਾ ਚੁੱਕੇ ਹਨ ਅਤੇ ਇਨ੍ਹਾਂ ਦੀ ਵੰਡ ਪੁਲਿਸ ਜਵਾਨਾਂ, ਬੈਂਕਾਂ, ਸਰਕਾਰੀ ਦਫਤਰਾਂ, ਪੈਟਰੋਲ ਪੰਪਾਂ ਉੱਪਰ ਕੰਮ ਕਰਨ ਵਾਲਿਆਂ ਨੂੰ ਕੀਤੀ ਗਈ ਹੈ। ਇਸ ਤੋਂ ਇਲਾਵਾ ਰਾਹਗੀਰਾਂ ਨੂੰ ਮਾਸਕ ਵੀ ਵੰਡੇ ਗਏ ਹਨ। ਮਨਜਿੰਦਰ ਕੌਰ ਨੇ ਕਿਹਾ ਕਿ ਉਸ ਵਲੋਂ ਬਣਾਏ ਜਾ ਰਹੇ ਮਾਸਕ ਕੱਪੜੇ ਦੇ ਹਨ ਅਤੇ ਇਨ੍ਹਾਂ ਨੂੰ ਧੋ ਕੇ ਦੁਬਾਰਾ-ਦੁਬਾਰਾ ਵੀ ਵਰਤਿਆ ਜਾ ਸਕਦਾ ਹੈ।
ਓਧਰ ਐਸ.ਡੀ.ਐਮ ਬਟਾਲਾ ਬਲਵਿੰਦਰ ਸਿੰਘ ਨੇ ਮਨਜਿੰਦਰ ਕੌਰ ਦੇ ਇਸ ਉਦਮ ਦੀ ਭਰਪੂਰ ਸਰਾਹਨਾ ਕੀਤੀ ਹੈ।
Punjab Post Daily Online Newspaper & Print Media