ਫੂਡ ਪ੍ਰੋਸੈਸਿੰਗ ਉਦਯੋਗ ਲਾਉਣ ਵਾਲਿਆਂ ਨੂੰ ਕੇਂਦਰ ਦੇਵੇਗੀ ਹਰ ਸਹੂਲਤ
ਨੰਨੀ ਛਾਂ ਮੁਹਿੰਮ ਤਹਿਤ 300 ਸਿੱਖਿਅਤ ਲੜਕੀਆਂ/ਔਰਤਾਂ ਨੂੰ ਸਿਲਾਈ ਮਸ਼ੀਨਾਂ, ਪੌਦੇ ਤੇ ਸਰਟੀਫਿਕੇਟਾਂ ਵੰਡੇ

ਅਰਨੀਵਾਲਾ (ਫਾਜ਼ਿਲਕਾ), 09 ਅਕਤੂਬਰ (ਵਨੀਤ ਅਰੋੜਾ) – ਪੰਜਾਬ ਅੰਦਰ ਫੂਡ ਪ੍ਰੋਸੈਸਿੰਗ ਪਲਾਂਟ ਲਾਉਣ ਵਾਲਿਆਂ ਨੂੰ ਕੇਂਦਰ ਵੱਲੋਂ ਸਬਸਿਡੀ ਸਮੇਤ ਹਰ ਲੋੜੀਂਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਅਤੇ ਫਾਜ਼ਿਲਕਾ ਵਿਖੇ ਬਣ ਵਕਾਰੀ ਫੂਡ ਪਾਰਕ ਅਗਲੇ 2 ਮਹੀਨੀਆਂ ਵਿਚ ਸ਼ੁਰੂ ਹੋ ਜਾਵੇਗਾ।ਇਹ ਜਾਣਕਾਰੀ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਫਾਜ਼ਿਲਕਾ ਜਿਲ੍ਹੇ ਦੇ ਬਲਾਕ ਅਰਨੀਵਾਲਾ ਵਿਖੇ ਨੰਨੀ ਛਾਂ ਮੁਹਿੰਮ ਤਹਿਤ 300 ਤੋਂ ਵੱਧ ਸਿਖਲਾਈ ਪ੍ਰਾਪਤ ਲੜਕੀਆਂ/ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡਣ ਲਈ ਆਯੋਜਿਤ ਸਮਾਰੋਹ ਮੌਕੇ ਦਿੱਤੀ ।
ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਮਾਜ ਵਿਚ ਫੈਲਿਆਂ ਕੁਰੀਤੀਆਂ ਦੇ ਖ਼ਾਤਮੇ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਹਮਲਾ ਮਾਰਨਾ ਪਵੇਗਾ ਤੇ ਇਸ ਲਈ ਲੋਕ ਲਹਿਰ ਉਸਾਰਨੀ ਪਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਤੇ ਪੈਗੰਬਰਾਂ ਦੀ ਧਰਤੀ ਹੈ ਪਰ ਇਹ ਅਫਸੋਸ ਦੀ ਗੱਲ ਹੈ ਕਿ ਅੱਜ ਵੀ ਸਾਡੇ ਸਮਾਜ ਅੰਦਰ ਭਰੂਣ ਹੱਤਿਆ, ਦਾਜ, ਔਰਤਾਂ ਤੇ ਅੱਤਿਆਚਾਰ ਅਤੇ ਵਾਤਾਵਰਣ ਪ੍ਰਦੂਸ਼ਨ ਵਰਗੀਆਂ ਵੱਡੀਆਂ ਸਮੱਸਿਆਵਾਂ ਫੈਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਵੀ ਗੁਰਬਾਣੀ ਅੰਦਰ ਔਰਤ ਦੇ ਸਤਿਕਾਰ ਅਤੇ ਬਰਾਬਰੀ ਦਾ ਸੰਦੇਸ਼ ਦਿੱਤਾ ਹੈ ਪਰ ਇਸਦੇ ਬਾਵਜੂਦ ਭਰੂਣ ਹੱਤਿਆ ਵਰਗੀ ਲਾਹਨਤ ਸਮਾਜ ਦੇ ਮੱਥੇ ਤੇ ਵੱਡਾ ਕਲੰਕ ਹੈ ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਨੰਨੀ ਛਾਂ ਮੁਹਿੰਮ ਦੇ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਅੰਦਰ ਭਰੂਣ ਹੱਤਿਆ ਦੇ ਕੇਸਾਂ ਵਿਚ ਕਮੀ ਆਈ ਹੈ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਹੋਈ ਹੈ । ਉਨ੍ਹਾਂ ਕਿਹਾ ਕਿ ਭਰੂਣ ਹੱਤਿਆ ਤੇ ਹੋਰ ਸਮਾਜਿਕ ਕੁਰੀਤੀਆਂ ਖ਼ਿਲਾਫ਼ ਗੁਰੂ ਸਾਹਿਬਾਨਾਂ ਦਾ ਸੰਦੇਸ਼ ਘਰ ਘਰ ਪਹੁੰਚਾਉਣ ਦੀ ਵੱਡੀ ਲੋੜ ਹੈ ਤਾਂ ਜੋ ਔਰਤਾਂ ਨੂੰ ਸਮਾਜ ਵਿਚ ਬਰਾਬਰੀ ਦਾ ਸਥਾਨ ਮਿਲ ਸਕੇ । ਉਨ੍ਹਾਂ ਕਿਹਾ ਕਿ ਗੁਰਬਾਨੀ ਵਿਚ ਹਵਾ ਨੂੰ ਗੁਰੂ ਅਤੇ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਪਰ ਅਸੀਂ ਇਨ੍ਹਾਂ ਤਿੰਨਾਂ ਨੂੰ ਹੀ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਤੇ ਹੋਰ ਕਾਰਨਾਂ ਕਰਕੇ ਗੰਧਲਾ ਕਰ ਦਿੱਤਾ ਹੈ ਜਿਸਨੂੰ ਬਚਾਉਣ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਨੰਨੀ ਛਾਂ ਮੁਹਿੰਮ ਤਹਿਤ ਗੁਰਬਾਣੀ ਦੇ ਇਸ ਸੰਕਲਪ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ ।
ਸ਼੍ਰੀਮਤੀ ਬਾਦਲ ਨੇ ਅੱਗੇ ਕਿਹਾ ਕਿ ਔਰਤਾਂ ਕਿਸੇ ਵੀ ਖੇਤਰ ਵਿਚ ਮਰਦਾਂ ਤੋਂ ਘੱਟ ਨਹੀ ਹਨ ਤੇ ਭਾਰਤ ਅੰਦਰ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵਰਗੇ ਮਹੱਤਵਪੂਰਨ ਅਹੁਦਿਆਂ ਤੇ ਵੀ ਔਰਤਾਂ ਨੇ ਕੰਮ ਕਰਕੇ ਅਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ । ਉਨ੍ਹਾਂ ਕਿਹਾ ਕਿ ਨੰਨੀ ਛਾਂ ਮੁਹਿੰਮ ਤਹਿਤ ਪੰਜਾਬ ਅੰਦਰ 75 ਦੇ ਕਰੀਬ ਸਿਲਾਈ ਸੈਂਟਰ ਖੋਲੇ ਗਏ ਹਨ ਜਿੱਥੇ ਲੋੜਵੰਦ ਲੜਕੀਆਂ/ਔਰਤਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਸਿਲਾਈ ਕਟਾਈ ਦੀ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ।ਇਸੇ ਲੜੀ ਤਹਿਤ ਬਲਾਕ ਅਰਨੀ ਵਾਲਾ ਦੇ ਪਿੰਡ ਡੱਬਵਾਲਾ ਕਲਾਂ, ਮੂਲੀਆਂ ਵਾਲੀ,ਢਿੱਪਾਂ ਵਾਲੀ ਅਤੇ ਮੰਡੀ ਅਰਨੀਵਾਲਾ ਦੀਆਂ 220 ਸਿੱਖਿਅਤ ਲੜਕੀਆਂ/ਔਰਤਾਂ ਨੂੰ ਸਿਲਾਈ ਮਸ਼ੀਨਾਂ, ਸਰਟੀਫਿਕੇਟ ਅਤੇ ਪੌਦੇ ਵੰਡੇ ਗਏ ਹਨ।ਇਸੇ ਤਰ੍ਹਾਂ ਪਿੰਡ ਮਾਹੂਆਣਾ ਬੋਦਲਾ ਵਿਖੇ ਨੁਕੇਰੀਆਂ, ਟਾਹਲੀ ਵਾਲਾ ਜੱਟਾਂ ਅਤੇ ਮਾਹੂਆਣਾ ਬੋਦਲਾ ਦੀਆਂ 75 ਲੜਕੀਆਂ/ਔਰਤਾਂ ਨੂੰ ਸਿਲਾਈ ਮਸ਼ੀਨਾਂ, ਸਰਟੀਫਿਕੇਟ ਅਤੇ ਪੌਦੇ ਵੰਡੇ ਗਏ ਹਨ।ਉਨ੍ਹਾਂ ਹਾਜਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਲ ਵਿਚ ਘੱਟੋ ਘੱਟ 1 ਪੌਦਾ ਲਗਾ ਕੇ ਉਸਦੀ ਸਾਂਭ ਸੰਭਾਲ ਕਰਨ ਤਾਂ ਜੋ ਵਾਤਾਵਰਣ ਸ਼ੁੱਧ ਰਹਿ ਸਕੇ । ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਵਿਆਹ ਸਮੇਂ ਦਾਜ ਨਾ ਲੈਣ ਅਤੇ ਨਾ ਦੇਣ ਦਾ ਪ੍ਰਣ ਕਰਨ ਤਾਂਜੋ ਇਸ ਅਲਾਹਮਤ ਨੂੰ ਸਦਾ ਲਈ ਖਤਮ ਕੀਤਾ ਜਾ ਸਕੇ ।
ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਫੂਡ ਪ੍ਰੋਸੈਸਿੰਗ ਸਬੰਧੀ ਉਦਯੋਗ ਸਥਾਪਿਤ ਕਰਨ ਵਾਲੇ ਉੱਦਮੀਆਂ ਨੂੰ ਸਬਸਿਡੀ ਸਮੇਤ ਵੱਡੀਆਂ ਰਾਹਤਾਂ ਦਿੱਤੀਆਂ ਜਾਣਗੀਆਂ ।ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਖੇਤਰ ਲਈ ਪੰਜਾਬ ਅੰਦਰ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ ਇਸ ਨਾਲ ਜਿੱਥੇ ਕਿਸਾਨਾਂ ਨੂੰ ਉਪਜ ਦਾ ਵੱਧ ਰੇਟ ਮਿਲੇਗਾ ਉੱਥੇ ਹੀ ਖਰਾਬ ਹੋ ਰਹੇ ਅਨਾਜ ਨੂੰ ਬਚਾਉਣ ਵਿਚ ਵੀ ਵੱਡੀ ਮਦਦ ਮਿਲੇਗੀ।ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਵਿਖੇ ਵਿਸ਼ਵ ਪੱਧਰ ਦਾ ਫੂਡ ਪਾਰਕ ਸਥਾਪਿਤ ਕੀਤਾ ਜਾ ਰਿਹਾ ਹੈ ਜੋ ਕਿ ਅਗਲੇ 2 ਮਹੀਨਿਆਂ ਅੰਦਰ ਕੰਮ ਕਰਨਾ ਸ਼ੁਰੂ ਕਰ ਦੇਵੇਗਾ ।
ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ, ਸ਼੍ਰੀ ਮੁਨੀਸ਼ ਚਾਵਲਾ ਡੀ.ਆਈ.ਜੀ ਫਿਰੋਜ਼ਪੁਰ ਰੇਂਜ, ਸ਼੍ਰੀ ਸਵਪਨ ਸ਼ਰਮਾ ਐਸ.ਐਸ.ਪੀ., ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ, ਕਰਨਲ ਗਿੱਲ, ਜੱਥੇਦਾਰ ਸੂਬਾ ਸਿੰਘ ਡੱਬਵਾਲਾ ਮੈਂਬਰ ਐਸ.ਜੀ.ਪੀ.ਸੀ., ਅਕਾਲੀ ਆਗੂ ਸੁਖਦੇਵ ਸਿੰਘ ਠੇਠੀ, ਸ. ਸ਼ਮਿੰਦਰਜੀਤ ਸਿੰਘ ਬਰਾੜ, ਸ.ਰਾਜਪਾਲ ਸਿੰਘ ਕਰਾਈਵਾਲਾ, ਸ. ਜਸਵੀਰ ਸਿੰਘ ਘੁੜਿਆਣਾ, ਸ. ਸਰਤਾਜ ਪ੍ਰੀਤ ਸਿੰਘ, ਸ਼੍ਰੀਮਤੀ ਸੰਦੀਪ ਕੌਰ, ਸ਼੍ਰੀਮਤੀ ਜਸਪਾਲ ਕੌਰ, ਸ. ਚਰਨ ਸਿੰਘ, ਸ. ਗੁਰਪ੍ਰੀਤ ਸਿੰਘ (ਲਵਲੀ ਕਾਠਪਾਲ),ਸ. ਜਗਮੀਤ ਸਿੰਘ ਕੰਧਵਾਲਾ ਆਦਿ ਵੀ ਹਾਜਰ ਸਨ ।
Punjab Post Daily Online Newspaper & Print Media