ਕਿਹਾ ਕਣਕ ਲਿਫ਼ਟਿੰਗ ਦੀ ਰਫ਼ਤਾਰ ਢਿੱਲੀ
ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ – ਖੁਰਮਣੀਆਂ) – ਸੀਨੀਅਰ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ
(ਪੀ.ਐਸ.ਪੀ.ਸੀ.ਐਲ) ਵੱਲੋਂ ਉਦਯੋਗਾਂ ਅਤੇ ਘਰੇਲੂ ਖਪਤਕਾਰਾਂ ਨੂੰ ਅੰਦਾਜ਼ਨ ਬਿਜਲੀ ਦੇ ਬਿੱਲ ਭੇਜੇ ਜਾਣ ਦਾ ਵਿਰੋਧ ਕਰਦਿਆਂ ਇਸ ਨੂੰ ਲੋਕਾਂ ਦੇ ਜ਼ਖਮਾਂ ’ਤੇ ਲੂਣ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਜਦੋਂ ਕਿ ਲੋਕ ਕੋਵਿਡ-19 ਬਿਮਾਰੀ ਦੇ ਮੌਜ਼ੂਦਾ ਸੰਕਟ ’ਚ ਪਹਿਲਾਂ ਹੀ ਮੁਸ਼ਕਿਲਾਂ ਨਾਲ ਜੂਝ ਰਹੇ ਹਨ ਤਾਂ ਬਿਜਲੀ ਮਹਿਕਮੇ ਵੱਲੋਂ ਭੇਜੇ ਗਏ ਅੰਦਾਜ਼ਨ ਬਿੱਲ ਉਦਯੋਗਪਤੀਆਂ, ਵਪਾਰੀਆਂ, ਦੁਕਾਨਦਾਰਾਂ ਅਤੇ ਬਿਜਲੀ ਦੇ ਘਰੇਲੂ ਖਪਤਕਾਰਾਂ ਦੀਆਂ ਪ੍ਰੇਸ਼ਾਨੀਆਂ ’ਚ ਹੋਰ ਵਾਧਾ ਕਰਨਗੇ।
ਜਾਰੀ ਬਿਆਨ ’ਚ ਛੀਨਾ ਨੇ ਕਿਹਾ ਕਿ ਬਿੱਲਾਂ ਨੂੰ ਕੁੱਝ ਸਮੇਂ ਲਈ ਮੁਲਤਵੀ ਕੀਤਾ ਜਾ ਸਕਦਾ ਸੀ।ਜੇਕਰ ਸਚਮੁੱਚ ਬਿੱਲ ਭੇਜਣਾ ਜਰੂਰੀ ਸੀ ਤਾਂ ਪੀ.ਐਸ.ਪੀ.ਸੀ.ਐਲ ਨੂੰ ਆਪਣੇ ਕਰਮਚਾਰੀਆਂ ਨੂੰ ਪਾਸ ਜਾਰੀ ਕਰਕੇ ਮੀਟਰਾਂ ਦੀ ਰੀਡਿੰਗ ਕਰਵਾਉਣੀ ਚਾਹੀਦੀ ਸੀ ਤਾਂ ਜੋ ਸਹੀ ਬਿੱਲ ਜਾਰੀ ਕੀਤੇ ਜਾ ਸਕਦੇ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੱਦ ਤੋਂ ਵਧੇਰੇ ਬਿੱਲ ਮਿਲ ਰਹੇ ਹਨ ਜਦੋਂ ਕਿ ਦੁਕਾਨਾਂ, ਉਦਯੋਗ ਬੰਦ ਹਨ ਤਾਂ ਬਿਜਲੀ ਖਰਚ ਕਿਵੇਂ ਹੋਈ?
ਉਨ੍ਹਾਂ ਪੰਜਾਬ ਦੀਆਂ ਅਨਾਜ ਮੰਡੀਆਂ ’ਚੋਂ ਕਣਕ ਦੀ ਲਿਫ਼ਟਿੰਗ ਅਤੇ ਹੋਲੀ ਰਫ਼ਤਾਰ ’ਤੇ ਵੀ ਰੋਸ ਜਤਾਇਆ ਅਤੇ ਇਸ ਲਈ ਰਾਜ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ।ਛੀਨਾ ਨੇ ਕਿਹਾ ਕਿ ਕਿਸਾਨ ਮਜ਼ਦੂਰੀ ਦੀ ਘਾਟ ਤੋਂ ਪਹਿਲਾਂ ਹੀ ਪ੍ਰੇਸ਼ਾਨ ਹਨ ਕਿਉਂਕਿ ਪ੍ਰਵਾਸੀ ਲਗਭਗ ਗਾਇਬ ਹੋ ਗਏ ਹਨ ਜਦੋਂ ਕਿ ਵਾਪਸੀ ਦੀ ਕੋਈ ਆਸ ਨਹੀਂ ਹੈ।ਉਨ੍ਹਾਂ ਕਿਹਾ ਕਿ ਟਰੈਕਟਰ-ਟਰਾਲੀਆਂ ਦੀ ਆਵਾਜਾਈ ਕੋਰੋਨਾ ਵਾਇਰਸ ਕਾਰਨ ਪਹਿਲਾਂ ਹੀ ਸੰਭਵ ਨਹੀਂ ਹੈ ਤੇ ਅਨਾਜ ਨੂੰ ਮੰਡੀਆਂ ’ਚ ਲਿਜਾਣ ਲਈ ਲੋੜੀਂਦੇ ਪਾਸ ਮੁਹੱਈਆ ਨਹੀਂ ਕਰਵਾਏ ਜਾ ਰਹੇ।ਸੂਬਾ ਸਰਕਾਰ ਸੰਕਟ ਦੀ ਇਸ ਘੜੀ ’ਚ ਕਿਸਾਨਾਂ ਦੀ ਸਥਿਤੀ ਪ੍ਰਤੀ ਸੰਵੇਦਨਸ਼ੀਲ ਹੋਵੇ ਹੈ ਅਤੇ ਮੰਡੀਆਂ ’ਚੋਂ ਸਮੇਂ ਸਿਰ ਉਤਪਾਦਨ ਦੀ ਲਿਫਟਿੰਗ ਨੂੰ ਯਕੀਨੀ ਬਣਾਵੇ।
Punjab Post Daily Online Newspaper & Print Media