ਕਿਹਾ ਮਈ ਮਹੀਨੇ `ਚ ਵੀ 37 ਹਜ਼ਾਰ ਲੋੜਵੰਦ ਪਰਿਵਾਰਾਂ ਦਾ ਤਪੇਗਾ ਚੁੱਲ੍ਹਾ
ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ ਬਿਊਰੋ) – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਕਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਏ 37 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਮਈ ਮਹੀਨੇ ਸੁੱਕੇ ਰਾਸ਼ਨ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਹ ਜਾਣਕਾਰੀ ਦਿੰਦਿਆਂ ਟਰੱਸਟ ਦੇ ਬਾਨੀ ਡਾ.ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਅਪ੍ਰੈਲ ਮਹੀਨੇ `ਚ ਸਵਾ ਕਰੋੜ ਦੀ ਲਾਗਤ ਨਾਲ ਸਮੁੱਚੇ ਪੰਜਾਬ ਤੋਂ ਇਲਾਵਾ ਹਿਮਾਚਲ ਅਤੇ ਰਾਜਸਥਾਨ ਦੇ ਕੁੱਝ ਹਿੱਸਿਆਂ ‘ਚ 22 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਸੀ।ਜਦਕਿ ਹੁਣ ਟਰੱਸਟ ਵਲੋਂ ਮਈ ਮਹੀਨੇ `ਚ 37 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜਿਨ੍ਹਾਂ `ਚੋਂ 2500 ਦੇ ਕਰੀਬ ਕਿੱਟਾਂ ਸ਼੍ਰੀਨਗਰ ਵੀ ਭੇਜੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਦਿੱਤੀ ਜਾਣ ਵਾਲੀ ਰਾਸ਼ਨ ਦੀ 20 ਕਿਲੋ ਵਾਲੀ ਕਿੱਟ ਵਿਚ 10 ਕਿਲੋ ਆਟਾ, 3 ਕਿਲੋ ਚੌਲ ਤੋਂ ਇਲਾਵਾ ਦਾਲ, ਖੰਡ ਅਤੇ ਚਾਹ ਪੱਤੀ ਸ਼ਾਮਿਲ ਹੈ, ਜਿਸ ਨਾਲ ਇੱਕ ਦਰਮਿਆਨੇ ਪਰਿਵਾਰ ਦਾ ਇੱਕ ਮਹੀਨਾ ਲਈ ਗੁਜ਼ਾਰਾ ਹੋ ਸਕੇਗਾ।
ਉਨ੍ਹਾਂ ਦੱਸਿਆ ਕਿ ਰਾਸ਼ਨ ਵੰਡਣ ਦੀ ਸੂਚੀ `ਚ ਟਰੱਸਟ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਵਿਧਵਾ, ਬੁਢਾਪਾ ਤੇ ਅੰਗਹੀਣ ਪੈਨਸ਼ਨਾਂ ਦੇ ਨਾਲ ਨਾਲ ਮੈਡੀਕਲ ਸਹੂਲਤ ਲੈ ਰਹੇ ਲੋਕਾਂ ਦੇ ਪਰਿਵਾਰਾਂ ਤੋਂ ਇਲਾਵਾ ਹਜ਼ਾਰਾਂ ਦੇ ਕਰੀਬ ਉਨ੍ਹਾਂ ਬੱਚਿਆਂ ਦੇ ਪਰਿਵਾਰ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਟਰੱਸਟ ਨੇ ਉਚੇਰੀ ਸਿੱਖਿਆ ਦੇ ਲਈ ਗੋਦ ਲਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਟਰੱਸਟ ਦੇ ਧਿਆਨ `ਚ ਆਏ ਕੁੱਝ ਲੋੜਵੰਦ ਗ੍ਰੰਥੀ ਸਿੰਘਾਂ ਅਤੇ ਕੁੱਝ ਅਜਿਹੇ ਪਰਿਵਾਰਾਂ ਨੂੰ ਵੀ ਰਾਸ਼ਨ ਦਿੱਤਾ ਜਾਵੇਗਾ ਜੋ ਮਿਡਲ ਕਲਾਸ ਦੇ ਹੋਣ ਦੇ ਬਾਵਜੂਦ ਵੀ ਹਲਾਤਾਂ ਨੇ ਮਜ਼ਬੂਰ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੀ ਸੇਵਾ ਕਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਠੀਕ ਨਹੀਂ ਹੋਣ ਤੱਕ ਜਾਰੀ ਰਹੇਗੀ।
ਲਾਕਡਾਊਨ ਦੌਰਾਨ ਵੀ ਟਰੱਸਟ ਵਲੋਂ ਦੇਸ਼ ਦੇ 9 ਸੂਬਿਆਂ ਦੇ ਵੱਖ-ਵੱਖ ਹਸਪਤਾਲਾਂ ‘ਚ ਸਥਾਪਤ ਕੀਤੇ ਗਏ 172 ਡਾਇਲਸਿਸ ਯੂੀਨਟਾਂ ਤੇ ਲੋੜਵੰਦ ਮਰੀਜ਼ਾਂ ਲਈ ਡਾਇਲਸਿਸ ਅਤੇ ਮੁਫ਼ਤ ਡਾਇਲਾਇਜ਼ਰ ਕਿੱਟਾਂ ਦੀ ਸਹੂਲਤ ਵੀ ਨਿਰੰਤਰ ਜਾਰੀ ਹੈ।
ਇਸ ਮੌਕੇ ਉਨ੍ਹਾਂ ਨਾਲ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ, ਜਨਰਲ ਸਕੱਤਰ ਗਗਨਦੀਪ ਸਿੰਘ ਅਹੂਜਾ, ਰਵੀਦੀਪ ਸਿੰਘ ਸੰਧੂ ਆਦਿ ਵੀ ਮੌਜੂਦ ਸਨ।