ਯਾਤਰੀਆਂ ਨੇ ਸਰਕਾਰੀ ਪ੍ਰਬੰਧਾਂ ਨੂੰ ਸਰਾਹਿਆ
ਬਠਿੰਡਾ, 4 ਮਈ (ਪੰਜਾਬ ਪੋਸਟ ਬਿਊਰੋ) – ਬਠਿੰਡਾ ਸ਼ਹਿਰ ਦੇ ਮੈਰੀਟੋਰੀਅਸ ਸਕੂਲ ਵਿਚ ਬਣੇ ਇਕਾਂਤਵਾਸ ਕੇਂਦਰ ਵਿਚ ਠਹਿਰੇ ਕੁੱਝ ਸ਼ਰਧਾਲੂਆਂ ਨੇ ਬੀਤੀ ਸ਼ਾਮ
ਕੜਾਹ ਪ੍ਰਸ਼ਾਦ ਖਾਣ ਦੀ ਫਰਮਾਇਸ਼ ਕੀਤੀ।ਜਿਸ ‘ਤੇ ਜਿਲ੍ਹਾ ਪ੍ਰਸਾਸ਼ਨ ਨੇ ਫੈਸਲਾ ਕੀਤਾ ਕਿ ਸਿਰਫ ਮੰਗ ਕਰਨ ਵਾਲਿਆਂ ਨੂੰ ਹੀ ਨਹੀਂ ਸਗੋਂ ਸ਼ਹਿਰ ਵਿੱਚ ਬਣੇ ਦੋਨੋਂ ਇਕਾਂਤਵਾਸ ਕੇਂਦਰਾਂ ਵਿੱਚ ਰਹਿ ਰਹੇ ਸਾਰੇ ਯਾਤਰੀਆਂ ਅਤੇ ਡਾਕਟਰੀ ਅਮਲੇ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਖੁਆਈ ਜਾਵੇ।ਇਸ ‘ਤੇ ਨੌਜਵਾਨ ਵੇਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ 300 ਲੋਕਾਂ ਨੂੰ ਰਾਤ ਦੇ ਖਾਣੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਦਿੱਤੀ ਗਈ।
ਜਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਿਰਦੇਸ਼ ਹਨ ਕਿ ਸਰਕਾਰੀ ਇਕਾਂਤਵਾਸ ਕੇਂਦਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਉਣ ਦਿੱਤੀ ਜਾਵੇ। ਇਸ ਲਈ ਇੰਨ੍ਹਾਂ ਇਕਾਂਤਵਾਸ ਕੇਂਦਰਾਂ ਵਿਚ ਸਾਰੇ ਢੁੱਕਵੇਂ ਇੰਤਜ਼ਾਮ ਕੀਤੇ ਗਏ ਹਨ।ਉਨ੍ਹਾਂ ਨੇ ਦੱਸਿਆ ਕਿ ਬਠਿੰਡਾ ਵਿਚ ਮੈਰੀਟੋਰੀਅਸ ਸਕੂਲ ਅਤੇ ਆਈ.ਐਚ.ਐਮ ਵਿਖੇ ਇਕਾਂਤਵਾਸ ਕੇਂਦਰ ਬਣਾਏ ਹਨ।ਇੰਨ੍ਹਾਂ ਕੇਂਦਰਾਂ ਵਿਚ ਰਹਿ ਰਹੇ ਸਮੂਹ ਯਾਤਰੀਆਂ ਦੀਆਂ ਸੁੱਖ ਸਹੁਲਤਾਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।
ਐਸ.ਡੀ.ਐਮ ਬਠਿੰਡਾ ਅਮਰਿੰਦਰ ਸਿੰਘ ਟਿਵਾਣਾ ਜੋ ਇੰਨ੍ਹਾਂ ਕੇਂਦਰਾਂ ਦੀ ਨਿਗਰਾਨੀ ਕਰ ਰਹੇ ਹਨ ਨੇ ਦੱਸਿਆ ਕਿ ਯਾਤਰੀਆਂ ਦੀਆਂ ਲੋੜਾਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਯਾਤਰੀਆਂ ਦੇ ਭੋਜਨ ਦੇ ਨਾਲ ਨਾਲ ਯਾਤਰੀਆਂ ਦੇ ਬੱਚਿਆਂ ਲਈ ਖੁਰਾਕ ਤੇ ਦੁੱਧ ਵੀ ਮੁਹੱਈਆ ਕਰਵਾਇਆ ਜਾਂਦਾ ਹੈ।
Punjab Post Daily Online Newspaper & Print Media