ਹੁਸ਼ਿਆਰਪੁਰ, 5 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਹਾਲ ਹੀ ਵਿੱਚ ਦਿੱਤੀ ਗਈ ਛੋਟ ਦੇ
ਆਦੇਸ਼ਾਂ ਸਬੰਧੀ ਨਵੇਂ ਆਦੇਸ਼ ਜਾਰੀ ਕੀਤੇ ਹਨ।ਜਾਰੀ ਆਦੇਸ਼ਾਂ ਤਹਿਤ ਸਿਹਤ ਵਿਭਾਗ ਦੇ ਨਿਰਦੇਸ਼ਾਂ ਮੁਤਾਬਕ ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ ਨੂੰ ਕੰਟੇਨਮੈਂਟ ਜ਼ੋਨ ਵਿੱਚ ਸ਼ਾਮਲ ਕੀਤਾ ਗਿਆ ਹੈ, ਇਸ ਲਈ ਜ਼ਿਲੇ ਵਿੱਚ ਦਿੱਤੀ ਗਈ ਛੋਟ ਮੁਹੱਲਾ ਕਮਾਲਪੁਰ ਲਈ ਲਾਗੂ ਨਹੀਂ ਹੋਵੇਗੀ।ਜੇਕਰ ਭਵਿੱਖ ਵਿੱਚ ਵੀ ਕਿਸੇ ਸਥਾਨ ਨੂੰ ਕੰਟੇਨਮੈਂਟ ਜੋਨ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਤਾਂ ਉਥੇ ਵੀ ਦਿੱਤੀ ਗਈ ਹਰ ਤਰਾਂ ਦੀ ਛੋਟ ਆਪਣੇ-ਆਪ ਵਾਪਸ ਲੈ ਲਈ ਜਾਵੇਗੀ।
ਉਨਾਂ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੋਲਣ ਦੀ ਆਗਿਆ ਹੋਵੇਗੀ।ਸਿਨੇਮਾ ਹਾਲ, ਸ਼ਾਪਿੰਗ ਮਾਲ, ਜਿੰਮ, ਸਪੋਰਟਸ ਕੰਪਲੈਕਸ, ਸਵਿਮਿੰਗ ਪੂਲ, ਇੰਟਰਟੇਨਮੈਂਟ ਪਾਰਕ, ਥੀਏਟਰ, ਬਾਰ ਅਤੇ ਆਡੀਟੋਰੀਅਮ, ਅਸੈਂਬਲੀ ਹਾਲ, ਸਾਰੇ ਸ਼ਾਪਿੰਗ ਕੰਪਲੈਕਸ, ਮਠਿਆਈ ਦੀਆਂ ਦੁਕਾਨਾਂ ਅਤੇ ਖਾਦ ਪਦਾਰਥ ਵਾਲੇ ਸਥਾਨ ਬੰਦ ਰਹਿਣਗੇ।ਇਸ ਤੋਂ ਇਲਾਵਾ ਹੋਟਲ, ਰੈਸਟੋਰੈਂਟ ਅਤੇ ਆਨਲਾਈਨ ਏਜੰਸੀਆਂ ਵਲੋਂ ਕੁਕਡ ਫੂਡ ਦੀ ਡਿਲੀਵਰੀ, ਸਾਰੇ ਅਹਾਤੇ, ਸੈਲੂਨ, ਬਿਊਟੀ ਪਾਰਲਰ ਅਤੇ ਨਾਈ ਦੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ।
ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਗੈਰ ਜ਼ਰੂਰੀ ਕੰਮਾਂ ਲਈ ਵਿਅਕਤੀਆਂ ਦੀ ਮੂਵਮੈਂਟ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਪੂਰੀ ਤਰਾਂ ਬੰਦ ਹੈ।ਕੰਮਾਂ `ਤੇ ਆਊੁਣ-ਜਾਣ ਲਈ ਸਬੰਧਤ ਅਦਾਰੇ ਵਲੋਂ ਜਾਰੀ ਕੀਤਾ ਗਿਆ ਪਹਿਚਾਣ ਪੱਤਰ ਦਿਖਾਉਣਾ ਪਵੇਗਾ।ਸਿਹਤ ਵਿਭਾਗ ਵਲੋਂ ਕਿਸੇ ਵੀ ਬੱਸ ਨੂੰ ਇੰਟਰਸਟੇਟ, ਇੰਟਰ ਡਿਸਟ੍ਰਿਕਟ ਤੇ ਇੰਟਰਾ ਡਿਸਟ੍ਰਿਕਟ ਆਉਣ-ਜਾਣ ਦੀ ਆਗਿਆ ਨਹੀਂ ਹੋਵੇਗੀ।ਉਨਾਂ ਕਿਹਾ ਕਿ ਚਾਰ ਪਹੀਆ ਵਾਹਨ `ਤੇ ਵੱਧ ਤੋਂ ਵੱਧ ਦੋ ਸਵਾਰੀਆਂ ਡਰਾਈਵਰ ਤੋਂ ਇਲਾਵਾ ਪਾਸ ਸਮੇਤ ਜ਼ਿਲੇ ਵਿੱਚ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਮੂਵਮੈਂਟ ਕਰ ਸਕਦੇ ਹਨ। ਇਸ ਤੋਂ ਇਲਾਵਾ ਦੋ ਪਹੀਆ ਵਾਹਨਾਂ `ਤੇ ਆਉਣ-ਜਾਣ ਦੀ ਆਗਿਆ ਸਿਰਫ਼ ਪਾਸ ਦੇ ਨਾਲ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗੀ।
ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਜਿਨਾਂ ਉਦਯੋਗਾਂ ਨੂੰ ਪਹਿਲਾਂ ਜਾਰੀ ਕੀਤੇ ਗਏ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੰਮ ਕਰਨ ਦੀ ਪ੍ਰਵਾਨਗੀ ਸੀ, ਉਨਾਂ ਨੂੰ ਆਪਣੇ ਕੰਮਾਂ ਨੂੰ ਮੁੜ ਸ਼ੁਰੂ ਕਰਨ ਲਈ ਜ਼ਿਲਾ ਅਧਿਕਾਰੀਆਂ ਦੀ ਮਨਜ਼ੂਰੀ ਦੀ ਜ਼ਰੂਰਤ ਨਹੀਂ ਹੈ।ਜ਼ਿਲੇ ਦੇ ਸਾਰੇ ਸਕੂਲ, ਕਾਲਜ, ਵਿਦਿਅਕ ਸੰਸਥਾਵਾਂ ਬੰਦ ਰਹਿਣਗੀਆਂ। ਉਨਾਂ ਕਿਹਾ ਕਿ ਆਨਲਾਈਨ ਅਤੇ ਡਿਸਟੈਂਸ ਲਰਨਿੰਗ ਅਤੇ ਕਿਤਾਬਾਂ ਵੰਡਣ ਲਈ ਇਹ ਸੰਸਥਾਵਾਂ ਆਪਣਾ ਦਫ਼ਤਰ ਖੋਲ ਸਕਦੇ ਹਨ। ਉਨਾਂ ਕਿਹਾ ਕਿ ਈ-ਕਾਮਰਸ `ਤੇ ਕੋਈ ਪਾਬੰਦੀ ਨਹੀਂ ਹੈ ਅਤੇ ਉਨਾਂ ਨੂੰ ਜ਼ਰੂਰੀ ਅਤੇ ਗੈਰ ਜ਼ਰੂਰੀ ਵਸਤੂਆਂ ਦੀਆਂ ਗਤੀਵਿਧੀਆਂ ਜਾਰੀ ਰੱਖਣ ਦੀ ਮਨਜ਼ੂਰੀ ਹੈ। ਉਨਾਂ ਕਿਹਾ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਨਿਰਮਾਣ ਕੰਮਾਂ `ਤੇ ਕੋਈ ਪਾਬੰਦੀ ਨਹੀਂ ਹੋਵੇਗੀ।
ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਜਨਤਕ ਥਾਵਾਂ `ਤੇ ਜਿਥੇ ਫੇਸ ਮਾਸਕ ਪਹਿਨਣਾ ਜ਼ਰੂਰੀ ਹੈ, ਉਥੇ ਸਾਰੇ ਵਿਅਕਤੀ ਜਨਤਕ ਥਾਵਾਂ `ਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਮਾਜਿਕ ਦੂਰੀ ਨੂੰ ਬਣਾਈ ਰੱਖਣ।ਉਨਾਂ ਕਿਹਾ ਕਿ ਜਨਤਕ ਥਾਵਾਂ `ਤੇ ਥੁੱਕਣ ਦੀ ਵੀ ਮਨਾਹੀ ਹੈ।ਜਨਤਕ ਥਾਵਾਂ `ਤੇ ਸ਼ਰਾਬ, ਪਾਨ, ਗੁਟਖਾ, ਤੰਬਾਕੂ ਆਦਿ ਦਾ ਸੇਵਨ ਕਰਨ ਦੀ ਆਗਿਆ ਨਹੀਂ ਹੈ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media