ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਡਾ.ਐਸ.ਪੀ ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਰਬਤ 
ਦਾ ਭਲਾ ਚੈਰੀਟੇਬਲ ਟਰੱਸਟ ਨੇ ਦੂਜੇ ਪੜਾਅ ਤਹਿਤ ਅੰਮ੍ਰਿਤਸਰ ਜਿਲ੍ਹੇ ਨਾਲ ਸਬੰਧਿਤ ਕਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਏ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਟਰੱਸਟ ਦੇ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸੰਧੂ, ਵਿੱਤ ਸਕੱਤਰ ਨਵਜੀਤ ਸਿੰਘ ਘਈ, ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਅਮਰਜੀਤ ਸਿੰਘ ਸੰਧੂ ਅਤੇ ਪ੍ਰਦੀਪ ਸਿੰਘ ਥਿੰਦ ਨੇ ਦੱਸਿਆ ਕਿ ਟਰੱਸਟ ਵਲੋਂ ਜਿਥੇ ਅਪ੍ਰੈਲ ਮਹੀਨੇ `ਚ ਸਵਾ ਕਰੋੜ ਦੀ ਲਾਗਤ ਨਾਲ ਸਮੁੱਚੇ ਪੰਜਾਬ ਤੋਂ ਇਲਾਵਾ ਹਿਮਾਚਲ ਅਤੇ ਰਾਜਸਥਾਨ ਦੇ ਕੁੱਝ ਹਿੱਸਿਆਂ ‘ਚ 24 ਹਜ਼ਾਰ ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਸੀ।ਉਥੇ ਹੁਣ ਟਰੱਸਟ ਵਲੋਂ ਦੂਜੇ ਪੜਾਅ ਤਹਿਤ ਮਈ ਮਹੀਨੇ `ਚ 40 ਹਜ਼ਾਰ ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਦੇਣ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ।ਅੰਮ੍ਰਿਤਸਰ ਜਿਲ੍ਹੇ ‘ਚ ਹੁਣ 1350 ਲੋੜਵੰਦ ਪਰਿਵਾਰਾਂ ਨੂੰ ਸੱਕਾ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ ਦਿੱਤੀ ਜਾਣ ਵਾਲੀ ਰਾਸ਼ਨ ਦੀ 19 ਕਿਲੋ ਵਾਲੀ ਇੱਕ ਕਿੱਟ ਵਿਚ 10 ਕਿਲੋ ਆਟਾ, 3 ਕਿਲੋ ਚੌਲ ਤੋਂ ਇਲਾਵਾ ਦਾਲ, ਖੰਡ ਅਤੇ ਚਾਹ ਪੱਤੀ ਸ਼ਾਮਿਲ ਹੈ ।
ਉਨ੍ਹਾਂ ਦੱਸਿਆ ਕਿ ਰਾਸ਼ਨ ਵੰਡਣ ਦੀ ਸੂਚੀ `ਚ ਟਰੱਸਟ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਵਿਧਵਾ ਤੇ ਅੰਗਹੀਣ ਪੈਨਸ਼ਨਾਂ ਦੇ ਨਾਲ ਨਾਲ ਮੈਡੀਕਲ ਸਹੂਲਤ ਲੈ ਰਹੇ ਲੋਕਾਂ ਦੇ ਪਰਿਵਾਰਾਂ ਤੋਂ ਇਲਾਵਾ ਉਨ੍ਹਾਂ ਬੱਚਿਆਂ ਦੇ ਪਰਿਵਾਰ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਟਰੱਸਟ ਵਲੋਂ ਉਚੇਰੀ ਸਿੱਖਿਆ ਦੇ ਲਈ ਗੋਦ ਲਿਆ ਹੋਇਆ ਹੈ।
Punjab Post Daily Online Newspaper & Print Media