ਵੱਡੀ ਮਾਤਰਾ ‘ਚ ਗੈਰ-ਕਾਨੂੰਨੀ ਹਥਿਆਰ, ਡਰੱਗ ਮਨੀ, ਵਾਹਨ ਅਤੇ ਨਕਲੀ ਦਸਤਾਵੇਜ਼ ਕੀਤੇ ਬਰਾਮਦ
ਚੰਡੀਗੜ੍ਹ / ਕਪੂਰਥਲਾ, 8 ਮਈ (ਪੰਜਾਬ ਪੋਸਟ ਬਿਊਰੋ) – ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਅਤਿ ਲੋਂੜੀਦੇ ਗੈਂਗਸਟਰ ਬਲਜਿੰਦਰ ਸਿੰਘ
ਉਰਫ਼ ਬਿੱਲਾ ਨੂੰ ਸੁਖਜਿੰਦਰ ਅਤੇ ਗਿਰੋਹ ਦੇ ਪੰਜ ਹੋਰ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।ਇਸ ਦੇ ਨਾਲ ਹੀ ਪਾਕਿਸਤਾਨ ਤੋਂ ਸਮੱਗਲ ਕੀਤੇ ਗਏ ਅਤਿ ਆਧੁਨਿਕ ਹਥਿਆਰਾਂ ਦੀ ਵੱਡੀ ਖੇਪ ਦੇ ਨਾਲ-ਨਾਲ ਡਰੋਨਾਂ ਸਮੇਤ ਡਰੱਗ ਮਨੀ ਵੀ ਕਈ ਤਰੀਕਿਆਂ ਰਾਹੀਂ ਵੱਖ-ਵੱਖ ਸਮੇਂ ਸਰਹੱਦ ਤੋਂ ਸਮੱਗਲਿੰਗ ਕੀਤੇ ਗਏ ਸਨ।
ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਅਨੁਸਾਰ ਕੱਲ੍ਹ ਚੰਡੀਗੜ੍ਹ ਤੋਂ ਓ.ਸੀ.ਸੀ.ਯੂ ਟੀਮ, ਕਾਊਂਟਰ ਇੰਟੈਲੀਜੈਂਸ ਜਲੰਧਰ ਯੂਨਿਟ ਅਤੇ ਕਪੂਰਥਲਾ ਪੁਲਿਸ ਨੇ ਇੱਕ ਸਾਂਝੀ ਮੁਹਿੰਮ ਤਹਿਤ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਬਿੱਲਾ ਮੰਡਿਆਲਾ (ਨਿਵਾਸੀ ਮੰਡਿਆਲਾ, ਗੁਰਦਾਸਪੁਰ), ਸੁਖਜਿੰਦਰ ਸਿੰਘ (ਨਿਵਾਸੀ ਪਿੰਡ ਕਮੋਕੇ ਬਿਆਸ, ਅੰਮ੍ਰਿਤਸਰ) ਤੋਂ ਇਲਾਵਾ ਕਪੂਰਥਲਾ ਦੇ ਮੋਹਿਤ ਸ਼ਰਮਾ, ਲਵਪ੍ਰੀਤ ਸਿੰਘ, ਮੰਗਲ ਸਿੰਘ ਅਤੇ ਮਨਿੰਦਰਜੀਤ ਸਿੰਘ ਉਰਫ਼ ਹੈਪੀ ਅਤੇ ਲਵਪ੍ਰੀਤ ਸਿੰਘ ਉਰਫ਼ ਲਵਲੀ (ਨਿਵਾਸੀ ਅਮਰਕੋਟ, ਵਲਟੋਹਾ ਤਰਨ ਤਾਰਨ) ਵਜੋਂ ਕੀਤੀ ਗਈ ਹੈ।ਜ਼ਿਕਰਯੋਗ ਹੈ ਕਿ ਬਲਜਿੰਦਰ ਸਿੰਘ ਬਿੱਲਾ ਮੰਡਿਆਲਾ 18 ਤੋਂ ਵੱਧ ਅਪਰਾਧਿਕ ਮਾਮਲਿਆਂ ਜਿਵੇਂ ਕਤਲ, ਕਤਲ ਦੀ ਕਸ਼ਿਸ਼ ਅਤੇ ਹਥਿਆਰਾਂ/ਨਸ਼ਿਆਂ ਦੀ ਤਸਕਰੀ ਆਦਿ ਵਿੱਚ ਸ਼ਾਮਲ ਸੀ।ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਨੂੰ ਵੱਖਰੇ ਤੌਰ `ਤੇ ਰੱਖਿਆ ਗਿਆ ਹੈ, ਕਿਉਂਕਿ ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਵਲੋਂ ਕੋਵਿਡ -19 ਲਈ ਟੈਸਟ ਕੀਤੇ ਜਾ ਰਹੇ ਹਨ।
ਉਨਾਂ ਕਿਹਾ ਕਿ ਬਿੱਲਾ ਦਾ ਕਥਿਤ ਤੌਰ `ਤੇ ਪਾਕਿਸਤਾਨ ਅਧਾਰਿਤ ਕੇ.ਐਲ.ਐਫ ਦੇ ਮ੍ਰਿਤਕ ਮੁਖੀ ਹਰਮੀਤ ਸਿੰਘ ਹੈਪੀ ਅਤੇ ਜਰਮਨੀ ਅਧਾਰਿਤ ਕੇ.ਜੈਡ.ਐਫ ਬੱਗਾ ਨਾਲ ਕਥਿਤ ਸਬੰਧ ਸਨ।
ਗੁਪਤਾ ਨੇ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਪਾਕਿਸਤਾਨ ਤੋਂ ਸਮੱਗਲਿੰਗ ਕੀਤੇ ਗਏ ਬਹੁਤ ਹੀ ਅਤਿ ਆਧੁਨਿਕ ਹਥਿਆਰ ਬਰਾਮਦ ਕੀਤੇ ਹਨ।ਇਸ ਬਰਾਮਦਗੀ ਵਿਚ ਦੋ 30 ਬੋਰ ਦੀਆਂ ਡਰੱਮ ਮਸ਼ੀਨ ਗੰਨਾਂ, ਤਿੰਨ ਪਿਸਟਲ (ਸਿਗ ਸਾਉਰ ਮਾਰਕਾ ਵਾਲੇ ਜਰਮਨੀ ਵਿਚ ਬਣੇ), ਦੋ ਗਲੋਕ ਪਿਸਟਲ (ਆਸਟਰੀਆ ਵਿੱਚ ਬਣੇ), ਦੋ 30 ਬੋਰ ਪਿਸਟਲ, ਇਕ 32 ਬੋਰ ਦਾ ਪਿਸਟਲ, ਇਕ 315 ਬੋਰ ਰਾਈਫਲ, 341 ਜ਼ਿੰਦਾ ਕਾਰਤੂਸ, ਦੋ ਡਰੱਮ ਮੈਗਜ਼ੀਨਾਂ, 14 ਪਿਸਟਲ ਮੈਗਜ਼ੀਨਾਂ ਦੇ ਨਾਲ ਤਿੰਨ ਲੱਖ ਅੱਠ ਸੌ ਅਠਾਰਾਂ ਰੁਪਏ ਅਤੇ ਇਕ ਸੌ ਆਸਟਰੇਲੀਅਨ ਡਾਲਰ ਦੀ ਡਰੱਗ ਮਨੀ ਸ਼ਾਮਲ ਹੈ।ਗੁਪਤਾ ਨੇ ਕਿਹਾ ਕਿ ਸਿਗ ਸਾਊਰ ਪਿਸਟਲ ਅਸਲ ਵਿੱਚ ਸੰਯੁਕਤ ਰਾਜ ਦੇ ਸਭ ਤੋਂ ਉਚੇ ਅਹੁਦਿਆਂ ਲਈ ਚੁਣੇ ਹੋਏ ਨੇਤਾਵਾਂ ਖਾਸਕਰ ਰਾਸ਼ਟਰਪਤੀ ਦੀ ਰੱਖਿਆ ਕਰਨ ਵਾਲੇ ਯੂ.ਐਸ ਸੀਕ੍ਰੇਟ ਸਰਵਿਸ ਦੇ ਮੈਂਬਰਾਂ ਵਲੋਂ ਵਰਤੀਆਂ ਜਾਂਦੀਆਂ ਹਨ।
ਡੀ.ਜੀ.ਪੀ ਨੇ ਕਿਹਾ ਕਿ ਹੁਣ ਤੱਕ ਮੁੱਢਲੀ ਜਾਂਚ ਕੀਤੀ ਗਈ ਹੈ, ਬਿੱਲਾ ਮੰਡਿਆਲਾ ਤੋਂ ਬਰਾਮਦ ਕੀਤੇ ਗਏ ਜਿਆਦਾਤਰ ਹਥਿਆਰ ਵੱਖ-ਵੱਖ ਖੇਪਾਂ ਵਿੱਚ ਭਾਰਤ-ਪਾਕਿ ਸਰਹੱਦ ਪਾਰੋਂ ਆਏ ਸਨ।ਪੁਲਿਸ ਨਾਜਾਇਜ਼ ਹਥਿਆਰਾਂ ਦੀ ਸਪਲਾਈ ਚੇਨ ਵਿੱਚ ਅੱਤਵਾਦੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।ਬੁਲਾਰੇ ਨੇ ਅੱਗੇ ਖੁਲਾਸਾ ਕੀਤਾ ਕਿ ਕੁੱਝ ਜਾਅਲੀ ਦਸਤਾਵੇਜਾਂ ਦੇ ਨਾਲ ਟੋਯੋਟਾ ਫਾਰਚੂਨਰ, ਈ.ਟੀ.ਓਸ ਲਾਵਾ ਅਤੇ ਆਲਟੋ ਕਾਰਾਂ ਵੀ ਅਪਰਾਧੀਆਂ ਕੋਲੋਂ ਬਰਾਮਦ ਕੀਤੀਆਂ ਗਈਆਂ।
ਪੁਲਿਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਐਸ.ਟੀ.ਐਫ ਪੰਜਾਬ ਵਲੋਂ 24 ਸਤੰਬਰ 2019 ਨੂੰ ਸਰਹੱਦ ਪਾਰ ਤੋਂ ਫਿਰੋਜ਼ਪੁਰ ਸੈਕਟਰ ਦੇ ਮਮਦੋਟ ਖੇਤਰ ਵਿੱਚ ਏ.ਕੇ-47 ਰਾਈਫਲਾਂ ਵਾਲੀ ਖੇਪ ਦਾ ਇੱਕ ਹਿੱਸਾ ਅਪਰਾਧਿਕ ਗਿਰੋਹ ਬਿੱਲਾ ਮੰਡਿਆਲਾ ਨਾਲ ਵੀ ਸਬੰਧਤ ਸੀ।
ਗ੍ਰਿਫ਼ਤਾਰੀਆਂ ਦਾ ਵੇਰਵਾ ਦਿੰਦਿਆਂ ਡੀ.ਜੀ.ਪੀ ਨੇ ਦੱਸਿਆ ਕਿ ਏ.ਆਈ.ਜੀ ਓ.ਸੀ.ਸੀ.ਯੂ ਗੁਰਮੀਤ ਚੋਹਾਨ ਨੂੰ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਅਤਿ ਲੋੜੀਂਦਾ ਗੈਂਗਸਟਰ `ਬਿੱਲਾ ਮੰਡਿਆਲਾ` ਆਪਣੇ ਸਾਥੀ ਮਿਲ ਕੇ ਕਪੂਰਥਲਾ ਖੇਤਰ `ਚ ਨਾਜਾਇਜ਼ ਹਥਿਆਰਾਂ ਦੀ ਵੱਡੀ ਖੇਪ ਨਾਲ ਪਨਾਹ ਲੈ ਰਿਹਾ ਹੈ।ਡੀ.ਐਸ.ਪੀ ਓ.ਸੀ.ਸੀ.ਯੂ ਬਿਕਰਮ ਬਰਾੜ ਨੂੰ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਜਲੰਧਰ, ਹਰਕਮਲਪ੍ਰੀਤ ਸਿੰਘ ਖੱਖ ਅਤੇ ਐਸ.ਐਸ.ਪੀ ਕਪੂਰਥਲਾ ਸਤਿੰਦਰ ਸਿੰਘ ਦੇ ਸਹਿਯੋਗ ਨਾਲ ਤੁਰੰਤ ਮਿਸ਼ਨ ਦਾ ਕੰਮ ਸੌਪਿਆ ਗਿਆ।
ਪੁਲਿਸ ਟੀਮਾਂ ਨੇ ਸੁਲਤਾਨਪੁਰ ਲੋਧੀ ਥਾਣੇ ਦੇ ਡਡਵਿੰਡੀ ਅਤੇ ਮੋਠਾਂਵਾਲਾ ਖੇਤਰ ਦੇ ਆਲੇ ਦੁਆਲੇ ਘੇਰਾਬੰਦੀ ਕੀਤੀ ਅਤੇ ਗ੍ਰਿਫ਼ਤਾਰੀਆਂ ਕੀਤੀਆਂ।ਇਹਨਾਂ ਸਾਰੇ 6 ਵਿਅਕਤੀਆਂ ਖਿਲਾਫ਼ ਥਾਣਾ ਸੁਲਤਾਨਪੁਰ ਲੋਧੀ ਕਪੂਰਥਲਾ ਵਿਖੇ ਆਈ.ਪੀ.ਸੀ ਦੀ ਧਾਰਾ 384, 465,467, 468, 471, 473, 489, ਯੂ.ਏ.ਪੀ.ਏ ਦੀ ਧਾਰਾ 13, 18 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਕੇਸ ਦਰਜ਼ ਕੀਤਾ ਗਿਆ ਹੈ।
ਮੁੱਢਲੀ ਪੜਤਾਲ ਦੌਰਾਨ ਬਲਜਿੰਦਰ ਸਿੰਘ ਬਿੱਲਾ ਮੰਡਿਆਲਾ ਨੇ ਮੰਨਿਆ ਹੈ ਕਿ ਉਹ ਮਿਰਜ਼ਾ ਅਤੇ ਅਹਿਦਦੀਨ ਸਮੇਤ ਵੱਖ-ਵੱਖ ਪਾਕਿਸਤਾਨ ਅਧਾਰਿਤ ਹਥਿਆਰਾਂ ਅਤੇ ਨਸ਼ਿਆਂ ਦੇ ਤਸਕਰਾਂ ਨਾਲ ਸੰਪਰਕ ਵਿੱਚ ਸੀ ਅਤੇ ਹਥਿਆਰਾਂ ਅਤੇ ਨਸ਼ਿਆਂ ਦੀਆਂ ਖੇਪਾਂ ਪ੍ਰਾਪਤ ਕੀਤੀਆਂ ਸਨ।
ਬਿੱਲਾ ਮੰਡਿਆਲਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨਾਲ ਨੇੜਲੇ ਸੰਪਰਕ ਵਿੱਚ ਸੀ, ਜੋ ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਹੈ।ਇੱਕ ‘ਏ’ ਸ਼੍ਰੇਣੀ ਦੇ ਗੈਂਗਸਟਰ ਗੁਰਪ੍ਰੀਤ ਸੇਖੋਂ ਦਾ ਕੇ.ਐਲ.ਐਫ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨਾਲ ਸੰਪਰਕ ਰਿਹਾ ਸੀ।
Punjab Post Daily Online Newspaper & Print Media