ਹਫ਼ਤੇ ‘ਚ ਤਿੰਨ ਦਿਨ ਚੱਲੇਗੀ ਵੈਨ, ਐਚ.ਆਈ.ਵੀ ਟੈਸਟਿੰਗ ਦੀ ਵੀ ਮਿਲੇਗੀ ਸਹੂਲਤ
ਕਪੂਰਥਲਾ, 9 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਨਸ਼ਾ ਪੀੜਤ ਮਰੀਜ਼ਾਂ ਨੂੰ ਘਰ ਬੈਠੇ ਹੀ ਦਵਾਈ ਮੁਹੱਈਆ ਕਰਵਾਉਣ ਦੇ ਉਦੇਸ਼ 
ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਬੀਤੀ 14 ਅਪ੍ਰੈਲ ਨੂੰ ਮੋਬਾਈਲ ਓਟ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਸੀ।ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਓਟ ਕਲੀਨਿਕਾਂ ਵਿਚ ਵੱਧ ਰਹੀ ਭੀੜ ਅਤੇ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀ ਪਾਲਣਾ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਸੀ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਦੂਜੇ ਪੜਾਅ ਤਹਿਤ ਆਈ.ਸੀ.ਟੀ.ਸੀ ਕਾਊਂਸਲਿੰਗ ਵੈਨ, ਜਿਸ ਰਾਹੀਂ ਐਚ.ਆਈ.ਵੀ ਟੈਸਟਿੰਗ ਵੀ ਕੀਤੀ ਜਾਏਗੀ, ਨੂੰ ਓਟ ਮੋਬਾਈਲ ਕਲੀਨਿਕ ਨਾਲ ਜੋੜਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਤਹਿਤ ਆਈ.ਸੀ.ਟੀ.ਸੀ ਵੈਨ ਜਿਥੇ ਨਸ਼ਾ ਪੀੜਤਾਂ ਨੂੰ ਦਵਾਈ ਮੁਹੱਈਆ ਕਰਵਾਏਗੀ, ਉਥੇ ਹੀ ਐਚ.ਆਈ.ਵੀ ਟੈਸਟਿੰਗ ਤੇ ਕਾਊਂਸਲਿੰਗ ਦੀ ਸਹੂਲਤ ਵੀ ਮੁਹੱਈਆ ਕਰਵਾਏਗੀ। ਡਾ. ਬਾਵਾ ਨੇ ਇਹ ਵੀ ਦੱਸਿਆ ਕਿ ਉਕਤ ਵੈਨ ਹਫ਼ਤੇ ਵਿਚ ਤਿੰਨ ਦਿਨ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਏਗੀ।
ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾ. ਸੰਦੀਪ ਭੋਲਾ ਨੇ ਦੱਸਿਆ ਕਿ ਉਕਤ ਵੈਨ ਮੰਗਲਵਾਰ ਨੂੰ ਖੀਰਾਂਵਾਲੀ, ਨਵਾਂ ਪਿੰਡ ਭੱਠੇ, ਵਿੱਲਾ ਕੋਠੀ ਤੇ ਡੈਣਵਿੰਡ ਜਾਵੇਗੀ। ਇਸੇ ਤਰ੍ਹਾਂ ਵੀਰਵਾਰ ਨੂੰ ਪਲਾਹੀ, ਖਲਵਾੜਾ ਤੇ ਪੰਡੋਰੀ ਅਤੇ ਸਨਿੱਚਰਵਾਰ ਨੂੰ ਛੰਨਾ ਸ਼ੇਰ ਸਿੰਘ, ਡੇਰਾ ਸੈਦਾਂ ਅਤੇ ਬੜਾ ਜੋਧ ਸਿੰਘ ਪਿੰਡਾਂ ਨੂੰ ਕਵਰ ਕਰੇਗੀ।ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਨਸ਼ੇ ਤੋਂ ਪੀੜਤ ਮਰੀਜ਼ਾਂ ਤੱਕ ਘਰ ਬੈਠੇ ਹੀ ਦਵਾਈ ਪਹੁੰਚਾਉਣ ਲਈ ਜ਼ਿਲ੍ਹੇ ਵਿਚ ਪਾਇਲਟ ਪ੍ਰਾਜੈਕਟ ਤਹਿਤ ਮੋਬਾਈਲ ਓਟ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਜ਼ਰੀਏ ਨਸ਼ਾ ਪੀੜਤਾਂ ਨੂੰ ਪਿੰਡ-ਪਿੰਡ ਜਾ ਕੇ ਦਵਾਈ ਮੁਹੱਈਆ ਕਰਵਾਈ ਜਾ ਰਹੀ ਹੈ, ਤਾਂ ਜੋ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਦੇ ਚੱਲਦਿਆਂ ਮਰੀਜ਼ਾਂ ਨੂੰ ਦਵਾਈ ਲੈਣ ਵਿਚ ਕੋਈ ਦਿੱਕਤ ਪੇਸ਼ ਨਾ ਆਵੇ।
Punjab Post Daily Online Newspaper & Print Media