ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਪਰਿਵਾਰ ਵਲੋਂ ਇਕੱਠ ਨਾ ਹੋਣ ਦੀ ਕੀਤੀ ਸੀ ਅਪੀਲ
ਸ੍ਰੀ ਮੁਕਤਸਰ ਸਾਹਿਬ, 15 ਮਈ (ਪੰਜਾਬ ਪੋਸਟ ਬਿਊਰੋ) – ਸਾਬਕਾ ਐਮ.ਪੀ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਬਾਦਲ ਜੋ ਕਿ
90 ਸਾਲਾਂ ਦੇ ਸਨ ਦਾ ਦਿਹਾਂਤ ਕੱਲ ਦੇਰ ਰਾਤ ਮੌਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਹੋਣ ਉਪਰੰਤ ਉਨਾਂ ਦਾ ਅੰਤਿਮ ਸੰਸਕਾਰ ਅੱਜ ਜੱਦੀ ਪਿੰਡ ਬਾਦਲ ਵਿਖੇ ਕੀਤਾ ਗਿਆ।
ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਗੁਰਦਾਸ ਬਾਦਲ ਦੇ ਪਰਿਵਾਰ ਵਲੋਂ ਅਤੇ ਮਨਪ੍ਰੀਤ ਬਾਦਲ ਵਲੋਂ ਇਕੱਠ ਨਾ ਕਰਨ ਦੀ ਅਪੀਲ ਵੀ ਕੀਤੀ ਗਈ।
ਮਨਪ੍ਰੀਤ ਬਾਦਲ ਨੇ ਪੰਜਾਬ ਵਾਸੀਆਂ ਨੂੰ ਸੰਬੋਧਿਤ ਹੁੰਦੇ ਹੋਏ ਇੱਕ ਭਾਵੁਕ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਉਨਾਂ ਦੇ ਪਿਤਾ 70 ਸਾਲ ਦੀ ਉਮਰ ਤੱਕ ਆਮ ਜਨਤਾ ਨਾਲ ਵਿਚਰਦੇ ਰਹੇ।ਉਨਾਂ ਨੇ ਸਮੂਹ ਪੰਜਾਬ ਵਾਸੀਆਂ ਦਾ ਉਨਾਂ ਨਾਲ ਦੁੱਖ ਸਾਂਝਾ ਕਰਨ ਲਈ ਧੰਨਵਾਦ ਕੀਤਾ।
ਇਸ ਮੌਕੇ ਅਰੁਣ ਮਿੱਤਲ ਆਈ.ਜੀ ਬਠਿੰਡਾ ਵਲੋਂ ਪੰਜਾਬ ਦੇ ਗਵਰਨਰ ਵਲੋਂ ਭੇਜੀ ਗਈ ਰੀਥ ਗੁਰਦਾਸ ਬਾਦਲ ਨੂੰ ਭੇਂਟ ਕੀਤੀ।
ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਮੈਂਬਰ ਪਾਰਲੀਮੈਂਟ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ, ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸ੍ਰੀਮਤੀ ਅਰੁਣਾ ਚੌਧਰੀ ਕੈਬਨਿਟ ਮੰਤਰੀ, ਮੈਡਮ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ, ਹਲਕਾ ਵਿਧਾਇਕ ਗਿੱਦੜਬਾਹਾ ਅਮਰਿੰਦਰ ਸਿੰਘ ਰਾਜਾ ਵੜਿੰਗ, ਪੋਤਰਾ ਅਰਜੁਨ ਬਾਦਲ, ਡਾ. ਓਮ ਪ੍ਰਕਾਸ਼ ਅਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੰਜਾਬ ਦੀਆਂ ਉੱਘੀਆਂ ਸਖਸ਼ੀਅਤ ਵੀ ਹਾਜ਼ਰ ਸਨ।ਇਸ ਮੌਕੇ ਪੁਲਿਸ ਦੀ ਟੁਕੜੀ ਵਲੋਂ ਸ਼ੌਕ ਸਲਾਮੀ ਦਿੱਤੀ ਗਈ।
Punjab Post Daily Online Newspaper & Print Media