ਇਕਾਂਤਵਾਸ ਕੇਂਦਰਾਂ ਤੇ ਦੂਰ-ਦੁਰਾਡੇ ਤੋਂ ਸੈਂਪਲ ਲੈਣ ਲਈ ਹੋਵੇਗੀ ਮਦਦ – ਕੁਮਾਰ ਅਮਿਤ
ਪਟਿਆਲਾ, 16 ਮਈ (ਪੰਜਾਬ ਪੋਸਟ ਬਿਊਰੋ) – ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਇੱਕ ਨਿਵੇਕਲਾ ਉਪਰਾਲਾ ਕਰਦਿਆਂ ਜ਼ਿਲ੍ਹੇ ਦੇ ਦੂਰ ਦੁਰਾਡੇ
ਖੇਤਰਾਂ ਅਤੇ ਇਕਾਂਤਵਾਸ ਕੇਂਦਰਾਂ ਵਿਚੋਂ ਕੋਵਿਡ-19 ਦੇ ਸੈਂਪਲ ਇਕੱਤਰ ਕਰਨ ਲਈ ਤਿਆਰ ਕੀਤੀ ਗਈ ਇੱਕ ਵਿਸ਼ੇਸ਼ ਮੋਬਾਇਲ ਗੱਡੀ ਨੂੰ ਰਵਾਨਾ ਕੀਤਾ ਗਿਆ।
ਇਸ ਗੱਡੀ ਨੂੰ ਰਵਾਨਾ ਕਰਨ ਮੌਕੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਆ ਕਿ ਮੋਹਨ ਇੰਡਸਟਰੀ ਰਾਜਪੁਰਾ ਵਲੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਸੌਂਪੀ ਸਕਾਰਪਿਉ ਗੱਡੀ ਨੂੰ ਥਾਪਰ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਤੇ ਸਰਬਤ ਫਾਊਂਡੇਸ਼ਨ ਦੇ ਵਿਤੀ ਸਹਿਯੋਗ ਨਾਲ ਨੇਚਰ ਹਾਰਵੈਸਟ ਵਲੋਂ ਡਿਜ਼ਾਇਨ ਕੀਤਾ ਗਿਆ ਹੈ।
ਕੁਮਾਰ ਅਮਿਤ ਨੇ ਦੱਸਿਆ ਕਿ ਇਸ ਗੱਡੀ ਨਾਲ ਸਿਹਤ ਵਿਭਾਗ ਦੀ ਟੀਮ ਨੂੰ ਕੋਰੋਨਾਵਾਇਰਸ ਦੇ ਸੈਂਪਲ ਇਕੱਤਰ ਕਰਨ `ਚ ਮਦਦ ਮਿਲੇਗੀ, ਕਿਊਂਕਿ ਇਸ ਨੂੰ ਵਿਸ਼ੇਸ਼ ਤਰੀਕੇ ਨਾਲ ਡਿਜਾਇਨ ਕੀਤਾ ਗਿਆ ਹੈ, ਜਿਸ ਰਾਹੀਂ ਸੈਂਪਲ ਲੈਣ ਵਾਲਾ ਮੈਡੀਕਲ ਅਮਲਾ ਗੱਡੀ ਦੇ ਅੰਦਰ ਹੀ ਬੈਠਾ-ਬੈਠਾ ਹੀ ਕਿਸੇ ਦੇ ਸੈਂਪਲ ਲੈ ਸਕਦਾ ਹੈ।
ਸਰਬਤ ਫਾਊਂਡੇਸ਼ਨ ਤੇ ਥਾਪਰ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਦੇ ਮੈਂਬਰ ਸਚਲੀਨ ਸਿੰਘ ਤੇ ਗੁਰਲੀਨ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਵਿੱਤੀ ਸਹਿਯੋਗ ਦੇ ਕੇ ਕੋਵਿਡ 19 ਖ਼ਿਲਾਫ਼ ਲੜੀ ਜਾ ਰਹੀ ਜੰਗ ਵਿੱਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਨਾਲ ਮਨਪ੍ਰੀਤ ਸਿੰਘ, ਹਰਕੀਰਤ ਸਿੰਘ ਤੇ ਮੋਹਿਤ ਕੁਮਾਰ ਵੀ ਮੌਜੂਦ ਸਨ।
ਇਸ ਮੌਕੇ ਆਬਕਾਰੀ ਤੇ ਕਰ ਵਿਭਾਗ ਦੇ ਏ.ਈ.ਟੀ.ਸੀ ਸ਼ੌਕਤ ਅਹਿਮਦ ਪਰੈ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਏ.ਡੀ.ਸੀ (ਡੀ) ਡਾ. ਪ੍ਰੀਤੀ ਯਾਦਵ, ਸ੍ਰੀਮਤੀ ਇਨਾਇਤ, ਡਾ. ਨਿਰਮਲ ਉਸੀਪਚਨ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਏ.ਸੀ.ਐਸ ਡਾ. ਪ੍ਰਵੀਨ ਪੁਰੀ, ਡਾ. ਜਤਿੰਦਰ ਕਾਂਸਲ, ਰੈਡ ਕਰਾਸ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਆਦਿ ਵੀ ਹਾਜ਼ਰ ਸਨ।
Punjab Post Daily Online Newspaper & Print Media