ਸ਼ੱਕੀ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਲਈ ਨਵੀਂ ਨੀਤੀ ਤਿਆਰ
ਲੁਧਿਆਣਾ, 16 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਇਲਾਜ਼ ਅਧੀਨ ਮਰੀਜ਼ਾਂ
ਦਾ ਠੀਕ ਹੋਣਾ ਲਗਾਤਾਰ ਜਾਰੀ ਹੈ।ਹੁਣ ਤੱਕ ਜ਼ਿਲਾ ਲੁਧਿਆਣਾ ਵਿੱਚ 46 ਮਰੀਜ਼ ਠੀਕ ਹੋ ਚੁੱਕੇ ਹਨ, ਜੋ ਕਿ ਇੱਕ ਬਹੁਤ ਹੀ ਵੱਡੀ ਖੁਸ਼ਖ਼ਬਰੀ ਹੈ।ਉਨਾਂ ਦੱਸਿਆ ਕਿ ਅੱਜ ਠੀਕ ਹੋਣ ਵਾਲਿਆਂ ਵਿੱਚ 4 ਕੋਟਾ ਤੋਂ ਵਾਪਸ ਲਿਆਂਦੇ ਵਿਦਿਆਰਥੀ ਹਨ ਅਤੇ 25 ਨੰਦੇੜ ਤੋਂ ਵਾਪਸ ਲਿਆਂਦੇ ਸ਼ਰਧਾਲੂ ਹਨ, ਜਦਕਿ ਹੋਰ ਚਾਰ ਜ਼ਿਲਾ ਲੁਧਿਆਣਾ ਦੇ ਵੱਖ-ਵੱਖ ਥਾਵਾਂ ਨਾਲ ਸੰਬੰਧਤ ਹਨ।
ਉਨਾਂ ਦੱਸਿਆ ਕਿ ਅੱਜ 2 ਨਵੇਂ ਪਾਜ਼ਟਿਵ ਮਾਮਲੇ ਸਾਹਮਣੇ ਆਏ ਹਨ।ਇਸ ਤੋਂ ਇਲਾਵਾ ਅੱਜ ਤੱਕ ਜ਼ਿਲਾ ਲੁਧਿਆਣਾ ਵਿੱਚ 4718 ਨਮੂਨੇ ਲਏ ਗਏ ਹਨ, ਜਿਨਾਂ ਵਿਚੋਂ 4328 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ।ਜ਼ਿਲਾ ਲੁਧਿਆਣਾ ਨਾਲ ਸੰਬੰਧਤ 148 ਨਮੂਨੇ ਪਾਜ਼ਟਿਵ ਆਏ ਹਨ, ਜਦਕਿ ਬਾਕੀ ਜ਼ਿਲਿਆਂ ਨਾਲ ਸੰਬੰਧਤ ਮਾਮਲਿਆਂ ਦੀ ਗਿਣਤੀ 59 ਹੈ।ਹੁਣ ਤੱਕ 46 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 6 ਮੌਤਾਂ ਹੋ ਚੁੱਕੀਆਂ ਹਨ।ਜ਼ਿਲਾ ਲੁਧਿਆਣਾ ਦੇ 96 ਮਰੀਜ਼ਾਂ ਦਾ ਇਲਾਜ਼ ਸਿਵਲ ਹਸਪਤਾਲ ਲੁਧਿਆਣਾ ਅਤੇ ਜੱਚਾ ਬੱਚਾ ਹਸਪਤਾਲ (ਵਰਧਮਾਨ ਮਿੱਲ ਪਿੱਛੇ) ਵਿਖੇ ਚੱਲ ਰਿਹਾ ਹੈ।
ਅਗਰਵਾਲ ਨੇ ਦੱਸਿਆ ਕਿ ਸਰਕਾਰ ਵਲੋਂ ਸ਼ੱਕੀ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਲਈ ਨਵੀਂ ਨੀਤੀ ਬਣਾਈ ਗਈ ਹੈ, ਜਿਸ ਅਨੁਸਾਰ ਜਿਸ ਸ਼ੱਕੀ ਮਰੀਜ਼ ਵਿੱਚ ਕੋਵਿਡ 19 ਬਿਮਾਰੀ ਦੇ ਲੱਛਣ ਨਹੀਂ ਹਨ ਅਤੇ 72 ਘੰਟਿਆਂ ਦੌਰਾਨ ਵੀ ਉਸ ਵਿੱਚ ਕੋਈ ਲੱਛਣ ਪਤਾ ਨਹੀਂ ਲੱਗਦੇ ਅਤੇ ਉਹ ਸਿਹਤ ਪੱਖੋਂ ਸਿਹਤਮੰਦ ਹਨ ਤਾਂ ਉਨਾਂ ਨੂੰ ਹੁਣ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ।ਇਹ ਨੀਤੀ ਪ੍ਰਾਪਤ ਹੋ ਗਈ ਹੈ, ਜਿਸ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਲਾਗੂ ਕੀਤਾ ਜਾਵੇਗਾ।
Punjab Post Daily Online Newspaper & Print Media