ਵਿਧਾਇਕ ਅੰਗਦ ਸਿੰਘ ਤੇ ਸਹਾਇਕ ਕਮਿਸ਼ਨਰ ਨੇ ਘਰ ਭੇਜੇ 59 ਵਿਅਕਤੀਆਂ ਦਾ ਕੀਤਾ ਸਵਾਗਤ
ਨਵਾਂਸ਼ਹਿਰ, 16 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਦੇ ਪਿੰਡ ਰੈਲ ਮਾਜਰਾ ਦਾ ਤਿੰਨ ਸਾਲ ਦਾ ਨਿੱਕਾ ਜੰਗਜ਼ੂ ਅੱਜ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਤੋਂ ਕੋਰੋਨਾ ਦੀ
ਜੰਗ ਜਿੱਤਣ ਵਾਲਿਆਂ ਦੇ ਜਰਨੈਲ ਵਜੋਂ ਉਭਰਿਆ।ਇਹ ਕੋਰੋਨਾ ਜੰਗਜ਼ੂ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚੋਂ ਬਾਹਰ ਆਉਣ ਬਾਅਦ ਜਿਥੇ ਬਾਹਰ ਸਵਾਗਤ ਲਈ ਮੌਜੂਦ ਵਿਧਾਇਕ ਅੰਗਦ ਸਿੰਘ, ਸਹਾਇਕ ਕਮਿਸ਼ਨਰ ਦੀਪ ਜੋਤ ਕੌਰ, ਐਸ.ਐਮ.ਓ ਡਾ. ਹਰਵਿੰਦਰ ਸਿੰਘ ਅਤੇ ਹਸਪਤਾਲ ਦੇ ਸਟਾਫ਼ ਦੀ ਖਿੱਚ ਦਾ ਕੇਂਦਰ ਬਣਿਆ, ਉਥੇ ਐਂਬੂਲੈਂਸ ’ਚ ਬੈਠਾ ਵੀ ਘਰ ਜਾਣ ਦੀ ਖੁਸ਼ੀ ’ਚ ਭੰਗੜੇ ਪਾ ਰਿਹਾ ਸੀ।
ਉਸ ਨਾਲ ਮੌਜੂਦ ਉਸ ਦੀ ਮਾਤਾ ਅਤੇ ਹੋਰ ਪਰਿਵਾਰਿਕ ਮੈਂਬਰਾਂ ਅਨੁਸਾਰ ਆਈਸੋਲੇਸ਼ਨ ਵਾਰਡ ’ਚ ਕਮਲਜੀਤ ਨੇ ਸਾਰਿਆਂ ਦਾ ਆਪਣੀਆਂ ਨਿੱਕੀਆਂ-ਨਿੱਕੀਆਂ ਸ਼ਰਾਰਤਾਂ ਨਾਲ ਮਨ ਮੋਹੀ ਰੱਖਿਆ।ਹੋਰ ਤਾਂ ਹੋਰ, ਬਜ਼ੁਰਗ ਔਰਤਾਂ ਵੀ ਉਸ ਦੀ ਖੁਸ਼ੀ ’ਚ ਸ਼ਰੀਕ ਹੋ, ਤਾੜੀਆਂ ਤੇ ਬੋਲੀਆਂ ਪਾ ਕੇ ਉਸ ਦੀ ਖੁਸ਼ੀਆਂ ’ਚ ਵਾਧਾ ਕਰੀ ਰੱਖਦੀਆਂ ਸਨ।
ਮਰੀਜ਼ਾਂ ’ਚ ਸਭ ਤੋਂ ਛੋਟਾ ਬੱਚਾ ਕਮਲਜੀਤ ਰੈਲ ਮਾਜਰਾ ਦੇ ਹਰਵਿੰਦਰ ਸਿੰਘ ਦਾ ਇਹ ਬੇਟਾ ਹੈ, ਜੋ ਨੰਦੇੜ ਤੋਂ ਆਏ ਸ਼ਰਧਾਲੂਆਂ ’ਚ ਸ਼ਾਮਿਲ ਸੀ ਅਤੇ ਟੈਸਟ ਦੌਰਾਨ ਆਪਣੀ ਮਾਂ ਸਮੇਤ ਪਾਜ਼ਿਟਿਵ ਪਾਇਆ ਗਿਆ ਸੀ।
ਜ਼ਿਲ੍ਹੇ ਨੂੰ ਕੋੋਰੋਨਾ ਤੋਂ ਮੁਕਤ ਕਰਨ ’ਚ ਨਿਭਾਈ ਜਾ ਰਹੀ ਜ਼ਿੰਮੇਂਵਾਰੀ ਲਈ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਐਸ.ਐਸ.ਪੀ ਅਲਕਾ ਮੀਨਾ ਅਤੇ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਵਲੋਂ ਇਸ ਮੁਸ਼ਕਿਲ ਘੜੀ ’ਚ ਦਿੱਤੀ ਜਾ ਰਹੀ ਅਗਵਾਈ ਦੀ ਵਿਧਾਇਕ ਨੇ ਸ਼ਲਾਘਾ ਕੀਤੀ।
ਐਸ.ਐਮ.ਓ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ 59 ਕੋਵਿਡ ਮਰੀਜ਼ਾਂ ਨੂੰ ਸੋਧੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਘਰ ਭੇਜਿਆ ਗਿਆ ਹੈ ਅਤੇ ਨਾਲ ਹੀ ਘਰ ਜਾ ਕੇ ਕੋਵਿਡ ਨਾਲ ਸਬੰਧਤ ਸਾਵਧਾਨੀਆਂ ਜਿਵੇਂ ਕਿ ਘਰ ਜਾ ਕੇ ਇੱਕ ਹਫ਼ਤੇ ਲਈ ‘ਇਕਾਂਤਵਾਸ’ ਜਿਹੀ ਸਾਵਧਾਨੀ ਰੱਖਣ ਲਈ ਕਿਹਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਡਾ. ਸਤਿੰਦਰਪਾਲ ਸਿੰਘ ਵੀ ਮੌਜੂਦ ਸਨ।
Punjab Post Daily Online Newspaper & Print Media