ਪਟਿਆਲਾ, 19 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਤੇ ਸੈਸ਼ਨ ਜੱਜ ਕਮ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜਿੰਦਰ ਅਗਰਵਾਲ ਵਲੋਂ ਅੱਜ ਯਾਦਵਿੰਦਰਾ
ਪੂਰਨ ਬਾਲ ਨਿਕੇਤਨ ਦਾ ਅਚਾਨਕ ਨਿਰੀਖਣ ਕੀਤਾ ਗਿਆ।ਸੀ.ਜੀ.ਐਮ ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਪਰਮਿੰਦਰ ਕੌਰ ਵੀ ਮੌਜੂਦ ਸਨ।
ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਬਾਲ ਨਿਕੇਤਨ ਵਿਚ ਰਹਿ ਰਹੇ ਬੱਚਿਆਂ ਨਾਲ ਉਨ੍ਹਾਂ ਦੇ ਰਹਿਣ-ਸਹਿਣ ਅਤੇ ਪੜ੍ਹਾਈ ਸਬੰਧੀ ਗੱਲਬਾਤ ਕੀਤੀ ਅਤੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਹੋਣ ਸਬੰਧੀ ਵੀ ਖੁੱਲ੍ਹ ਕੇ ਗੱਲਬਾਤ ਕਰਨ ਲਈ ਬੱਚਿਆਂ ਨੂੰ ਕਿਹਾ।
ਰਾਜਿੰਦਰ ਅਗਰਵਾਲ ਨੇ ਸੈਂਟਰ ਦੇ ਪ੍ਰਬੰਧਕਾਂ ਨੂੰ ਬੱਚਿਆਂ ਦੀ ਸਿਹਤ ਅਤੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ ਕਰਦਿਆਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।ਉਨ੍ਹਾਂ ਪ੍ਰਬੰਧਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿਚ ਕਿਸੇ ਪ੍ਰਕਾਰ ਦੀ ਢਿੱਲ ਨਾ ਕੀਤੀ ਜਾਵੇ ਅਤੇ ਬੱਚਿਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ।
ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਅਤੇ ਉਨ੍ਹਾਂ ਦੇ ਸਟਾਫ਼ ਵਲੋਂ ਸਮੇਂ-ਸਮੇਂ `ਤੇ ਬੱਚਿਆਂ ਦੇ ਅਜਿਹੇ ਦੇਖਭਾਲ ਸੈਂਟਰਾਂ ਦਾ ਨਿਰੀਖਣ ਕੀਤਾ ਜਾਂਦਾ ਹੈ ਤਾਂ ਜੋ ਅਨਾਥ ਤੇ ਬੇਸਹਾਰਾ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਤੇ ਅਜਿਹੇ ਉਪਰਾਲਿਆਂ `ਚ ਕੋਈ ਕਮੀ ਜਾਂ ਬੇਨਿਯਮੀ ਨਾ ਹੋਵੇ।ਉਨ੍ਹਾਂ ਕਿਹਾ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵੀ ਲੋੜਵੰਦਾਂ ਦੀ ਕਾਨੂੰਨੀ ਸਹਾਇਤਾ ਲਈ ਟੋਲ ਫਰੀ ਨੰਬਰ 1968 ਜਾਰੀ ਕੀਤਾ ਗਿਆ ਹੈ।ਜਿਸ `ਤੇ ਸੰਪਰਕ ਕਰਕੇ ਕਾਨੂੰਨੀ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ।ਇਸ ਮੌਕੇ ਹੋਮ ਦਾ ਸਟਾਫ਼ ਵੀ ਹਾਜ਼ਰ ਸੀ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media