Sunday, March 29, 2026

ਪ੍ਰਵਾਸੀ ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਲਿਬਰੇਸ਼ਨ ਵਲੋਂ ਰੋਸ਼ ਪ੍ਰਦਰਸ਼ਨ

ਲੌਂਗੋਵਾਲ, 21 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪ੍ਰਵਾਸੀ ਮਜ਼ਦੂਰਾਂ ਦੀ ਹੋ ਰਹੀ ਦੁਰਦਸ਼ਾ ਤੇ ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਕੀਤੀ ਜਾ ਰਹੀ ਅਣਦੇਖੀ ਖਿਲਾਫ ਸੀ.ਪੀ.ਆਈ (ਐੱਮ ਐੱਲ) ਲਿਬਰੇਸ਼ਨ ਦੀ ਅਗਵਾਈ ਚ ਬਾਬਾ ਬੂਝਾ ਸਿੰਘ ਭਵਨ ਤੋਂ ਡਿਪਟੀ ਕਮਿਸ਼ਨਰ ਦਫਤਰ ਮਾਨਸਾ ਤੱਕ ਰੋਸ ਪ੍ਰਦਰਸ਼ਨ ਕਰਦਿਆਂ ਸੈਂਕੜੇ ਪ੍ਰਵਾਸੀ ਮਜ਼ਦੂਰਾਂ ਨੇ ਮੋਦੀ ਸਰਕਾਰ ਦੀ ਅਰਥੀ ਫੂਕੀ ਅਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਖੱਬੇ ਪੱਖੀ ਆਗੂਆਂ ਦਾ ਵਫਦ ਮਿਲਿਆ।
               ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਤੇ ਜਿਲ੍ਹਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ ਤੇ ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਮੋਦੀ ਸਰਕਾਰ ਤੇ ਕੈਪਟਨ ਸਰਕਾਰ ਦੇ ਦਾਅਵੇ ਹਵਾਈ ਹੋਏ ਹਨ। ਪ੍ਰਵਾਸੀ ਮਜ਼ਦੂਰਾਂ ਨੂੰ ਬਗੈਰ ਕਿਸੇ ਸਹੂਲਤ ਦੇ ਲਾਚਾਰੀ ਦੀ ਜਿੰਦਗੀ ਜਿਊਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਪ੍ਰਵਾਸੀ ਮਜ਼ਦੂਰ ਜਿਥੇ ਹਜਾਰਾਂ ਮੀਲਾਂ ਦਾ ਸਫਰ ਪੈਦਲ ਕਰਦੇ ਹੋਏ ਮੌਤ ਦੇ ਮੂੰਹ ਜਾ ਰਹੇ ਹਨ।ਉਥੇ ਪੁਲਿਸ ਜ਼ਬਰ ਦਾ ਸਾਹਮਣਾ ਕਰਨ ਲਈ ਵੀ ਮਜਬੂਰ ਹਨ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਐਲਾਨੇ 20 ਲੱਖ ਕਰੋੜ ਦੇ ਬਜਟ ‘ਚ ਮਜ਼ਦੂਰਾਂ ਹਿੱਸੇ ਪੁਲਿਸ ਦੀਆਂ ਡਾਂਗਾਂ ਈ ਆਈਆਂ ਹਨ।
             ਆਲ ਇੰਡੀਆ ਪ੍ਰੋਗਰੈਸਿਵ ਵੁਮੈਨ ਐਸੋਸੀਏਸ਼ਨ ਦੀਆਂ ਕੇਂਦਰੀ ਆਗੂਆਂ ਜਸਬੀਰ ਕੌਰ ਨੱਤ ਤੇ ਨਰਿੰਦਰ ਕੌਰ ਬੁਰਜ਼ ਹਮੀਰਾ ਨੇ ਕਿਹਾ ਕਿ ਪੈਦਲ ਸਫ਼ਰ ਦੌਰਾਨ ਗਰਭਵਤੀ ਮਜ਼ਦੂਰ ਔਰਤਾਂ ਸੜਕਾਂ ‘ਤੇ ਬੱਚਿਆਂ ਨੂੰ ਜਨਮ ਦੇਣ ਲਈ ਮਜ਼ਬੂਰ ਹਨ।ਬਾਬਾ ਬੂਝਾ ਸਿੰਘ ਭਵਨ ਤੇ ਟਰੱਸਟ ਦੇ ਚੇਅਰਮੈਨ ਕਾਮਰੇਡ ਨਛੱਤਰ ਸਿੰਘ ਖੀਵਾ, ਜਰਨੈਲ ਸਿੰਘ ਮਾਨਸਾ, ਬਲਵਿੰਦਰ ਕੌਰ ਖਾਰਾ ਤੇ ਜੀਤ ਸਿੰਘ ਬੋਹਾ ਨੇ ਕਿਹਾ ਕਿ ਜਦ ਤੱਕ ਮਜ਼ਦੂਰਾਂ ਦੇ ਘਰ ਪੁਹੰਚਾਏ ਜਾਣ ਦਾ ਠੋਸ ਇੰਤਜ਼ਾਮ ਨਹੀਂ ਹੋ ਜਾਂਦਾ ਬਾਬਾ ਬੂਝਾ ਸਿੰਘ ਭਵਨ ਦੇ ਬੂਹੇ ਮਜ਼ਦੂਰਾਂ ਲਈ ਖੁੱਲ੍ਹੇ ਰਹਿਣਗੇ।ਆਗੂਆਂ ਨੇ ਕਿਹਾ ਕਿ ਜੇਕਰ ਪ੍ਰਵਾਸੀ ਮਜ਼ਦੂਰਾਂ ਤੇ ਪੇਂਡੂ ਗਰੀਬਾਂ ਦੀਆਂ ਮੁਸ਼ਕਿਲਾਂ ਦਾ ਕੋਈ ਠੋਸ ਹੱਲ ਨਹੀਂ ਹੁੰਦਾ ਤਾਂ 22 ਮਈ ਨੂੰ ਪ੍ਰਵਾਸੀ ਮਜ਼ਦੂਰਾਂ ਤੇ ਪੇਂਡੂ ਗਰੀਬਾਂ ਦੇ ਹੱਕ ‘ਚ ਰੋਹ ਭਰਪੂਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …