Saturday, April 25, 2026

`ਮੈਂ ਅੰਮ੍ਰਿਤਸਰ ਹਾਂ` ਮੁਹਿੰਮ ਦੀ ਹੋਈ ਜਿੱਤ – ਗੁਰਜੀਤ ਔਜਲਾ

ਕਿਹਾ ਅੰਮ੍ਰਿਤਸਰ ਦੀ ਆਵਾਜ਼ ਬੁਲੰਦ ਕਰਨ ਵਾਲੇ ਹਰ ਸਖਸ਼ ਅੱਗੇ ਝੁਕਾਉਂਦਾ ਹਾਂ ਸਿਰ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦਿੱਲੀ- ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਨੂੰ ਦੁਬਾਰਾ ਅੰਮ੍ਰਿਤਸਰ ਤੱਕ ਵਧਾਉਣ ਦੇ ਕੇਂਦਰ ਸਰਕਾਰ ਦੇ ਲਏ ਫ਼ੈਸਲੇ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਾਸੀਆਂ ਦੀ ਜਿੱਤ ਕਰਾਰ ਦਿੰਦਿਆਂ ਇਸ ਨੂੰ ‘ਮੈਂ ਅੰਮ੍ਰਿਤਸਰ ਹਾਂ’ ਮੁਹਿੰਮ ਦੀ ਕਾਮਯਾਬੀ ਦੱਸਿਆ ਹੈ।
                  ਇਥੇ ਜਾਰੀ ਬਿਆਨ ਵਿੱਚ ਗੁਰਜੀਤ ਔਜਲਾ ਨੇ ਦੱਸਿਆ ਕਿ ਧਾਰਮਿਕ ਤੇ ਇਤਿਹਾਸਕ ਪੱਖੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਮਹੱਤਤਾ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਸ ਪ੍ਰੋਜੈਕਟ ਦੀ ਰੂਪ ਰੇਖਾ ਪਹਿਲਾਂ ਵਾਂਗ ਕਰਨ ਦੀ ਹਾਮੀ ਭਰੀ ਹੈ।ਉਨ੍ਹਾਂ ਇਸ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਐਕਸਪ੍ਰੈਸ ਵੇਅ ਦੇ ਬਣਨ ਨਾਲ ਜਿਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਪਾਰਕ, ਉਦਯੋਗਿਕ ਅਤੇ ਸੈਰ ਸਪਾਟੇ ਪੱਖੋਂ ਹੋਰ ਪ੍ਰਫੁੱਲਤ ਹੋਵੇਗਾ, ਉਥੇ ਖੇਤੀਬਾੜੀ ਸੈਕਟਰ ਅਤੇ ਸਿਹਤ ਸੇਵਾਵਾਂ ਦੇ ਖੇਤਰ ਨੂੰ ਵੀ ਹੁਲਾਰਾ ਮਿਲੇਗਾ।ਉਨ੍ਹਾਂ ਕਿਹਾ ਕਿ 35 ਹਜ਼ਾਰ ਕਰੋੜ ਦੀ ਲਾਗਤ ਨਾਲ ਬਣਨ ਵਾਲਾ ਐਕਸਪ੍ਰੈਸ ਵੇਅ ਪੰਜਾਬ ਖਾਸਕਰ ਮਾਝੇ ਲਈ ਵਰਦਾਨ ਸਾਬਤ ਹੋਵੇਗਾ।
             ਉਨ੍ਹਾਂ ‘ਮੈਂ ਅੰਮ੍ਰਿਤਸਰ ਹਾਂ’ ਮੁਹਿੰਮ ਨੂੰ ਜੋਰਦਾਰ ਢੰਗ ਨਾਲ ਚਲਾਉਣ ਵਾਲੇ ਹਰ ਪੰਜਾਬੀ ਦਾ ਵੀ ਧੰਨਵਾਦ ਕੀਤਾ ਹੈ।ਜਿਨ੍ਹਾਂ ਸਮੇਂ ਸਿਰ ਅੰਮ੍ਰਿਤਸਰ ਦੀ ਆਵਾਜ਼ ਬੁਲੰਦ ਕਰਕੇ ਕੇਂਦਰ ਤੱਕ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ।ਉਨ੍ਹਾਂ ਸਮੂਹ ਰਾਜਸੀ ਪਾਰਟੀਆਂ, ਵੱਖ-ਵੱਖ ਜਥੇਬੰਦੀਆਂ, ਵਪਾਰਕ ਐਸੋਸੀਏਸ਼ਨਾਂ ਤੇ ਐਨ.ਜੀ.ਓ ਖਾਸ ਕਰ ਅੰਮ੍ਰਿਤਸਰ ਵਿਕਾਸ ਮੰਚ, ਵਾਇਸ ਆਫ ਅੰਮ੍ਰਿਤਸਰ, ਸਾਂਝੀ ਛਾਂ ਵਲੋਂ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਲਈ ਕੀਤੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਣੇ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ, ਦਿੱਲੀ ਦੀਆਂ ਸੰਗਤਾਂ ਤੇ ਧਾਰਮਿਕ ਜਥੇਬੰਦੀਆਂ ਦੇ ਰੋਲ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ।ਔਜਲਾ ਨੇ ਇਹ ਵੀ ਕਿਹਾ ਕਿ ਇਸ ਐਕਸਪ੍ਰੈਸ ਵੇਅ ਦੇ ਬਣਨ ਨਾਲ ਦਿੱਲੀ ਤੋਂ ਅੰਮ੍ਰਿਤਸਰ ਦੀ ਦੂਰੀ ਮਹਿਜ਼ ਚਾਰ ਘੰਟੇ ਰਹਿ ਜਾਵੇਗੀ।
                   ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਹਰ ਉਸ ਸ਼ਖ਼ਸ ਅੱਗੇ ਉਨ੍ਹਾਂ ਦਾ ਸਿਰ ਝੁੱਕਦਾ ਹੈ, ਜਿਨ੍ਹਾਂ ਸਦਕਾ ਅੰਮ੍ਰਿਤਸਰ ਨੂੰ ਉਸ ਦਾ ਹੱਕ ਮਿਲਿਆ ਹੈ।ਜ਼ਿਕਰਯੋਗ ਹੈ ਕਿ ਜਦ ਇਸ ਪ੍ਰੋਜੈਕਟ ਨੂੰ ਕਰਤਾਰਪੁਰ (ਫਰਨੀਚਰ ਹੱਬ) ਤੋਂ ਵਾਇਆ ਗੁਰਦਾਸਪੁਰ ਕਟੜਾ ਬਣਾਉਣ ਦੀ ਤਜਵੀਜ਼ ਸਾਹਮਣੇ ਆਈ ਸੀ ਤਾਂ ਇਸ ਪ੍ਰੋਜੈਕਟ ਨੂੰ ਅੰਮ੍ਰਿਤਸਰ ਤੱਕ ਵਧਾਉਣ ਲਈ ਦਬਾਅ ਬਣਾਇਆ ਗਿਆ ਸੀ।ਗੁਰਜੀਤ ਔਜਲਾ ਨੇ ਇਸ ਮੁੱਦੇ ਨੂੰ ‘ਤੇ ਸਖ਼ਤ ਸਟੈਂਡ ਲੈਂਦਿਆਂ ਇਸ ਮੁੱਦੇ `ਤੇ ਆਪਣੀ ਆਵਾਜ਼ ਬੁਲੰਦ ਕੀਤੀ ਸੀ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …