Saturday, April 25, 2026

ਅੰਮ੍ਰਿਤਸਰ ਜਿਲੇ ‘ਚ ਇੱਕ ਹੋਰ ਡੇਂਗੂ ਟੈਸਟਿੰਗ ਲੈਬ ਦੀ ਸਥਾਪਨਾ ਦੀ ਮਿਲੀ ਪ੍ਰਵਾਨਗੀ

ਅਨਜਾਲਾ ਦੇ ਸਰਕਾਰੀ ਹਸਪਤਾਲ ਵਿਚ ਬਣੇਗੀ ਨਵੀਂ ਲੈਬ

ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਭਾਰਤ ਸਰਕਾਰ ਨੇ ਜਿਲਾ ਅੰਮ੍ਰਿਤਸਰ ਦੇ ਐਸ.ਡੀ.ਐਚ ਅਜਨਾਲਾ ਵਿਖੇ ਡੇਂਗੂ ਟੈਸਟਿੰਗ ਲੈਬਾਰਟਰੀ ਸਥਾਪਿਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।ਅਜਨਾਲਾ ਵਿਚ ਸਾਲ 2019 ’ਚ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ ਦਰਜ਼ ਕੀਤਾ ਗਿਆ ਸੀ।ਪੰਜਾਬ ਸਰਕਾਰ ਵਲੋਂ ਪਿਛਲੇ ਵਰ੍ਹੇ ਐਸ.ਡੀ.ਐਚ ਅਜਨਾਲਾ ਵਿਖੇ ਇੱਕ ਨਵੀਂ ਟੈਸਟਿੰਗ ਲੈਬਾਰਟਰੀ ਦੀ ਸਥਾਪਨਾ ਲਈ ਭਾਰਤ ਸਰਕਾਰ ਨੂੰ ਪ੍ਰਸਤਾਵ ਸੌਂਪਿਆ ਗਿਆ ਸੀ।
              ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਅਜਨਾਲਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਇਹ ਲੈਬਾਰਟਰੀ ਮਦਦਗਾਰ ਸਾਬਤ ਹੋਵੇਗੀ ਜਿਨ੍ਹਾਂ ਨੂੰ ਡੇਂਗੂ ਦੇ ਟੈਸਟ ਲਈ ਨਿੱਜੀ ਲੈਬਾਰਟਰੀਆਂ ਜਾਂ ਅੰਮ੍ਰਿਤਸਰ ਨਹੀਂ ਜਾਣਾ ਪਏਗਾ।ਹੁਣ ਇਹ ਟੈਸਟ ਸਥਾਨਕ ਪੱਧਰ ’ਤੇ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਡੇਂਗੂ ਦੀ ਟੈਸਟਿੰਗ ਲਈ ਸੂਬੇ ਵਿੱਚ ਪਹਿਲਾਂ ਹੀ 34 ਪ੍ਰਵਾਨਿਤ ਲੈਬਾਰਟਰੀਆਂ ਹਨ ਅਤੇ ਇਹ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ 35ਵੀਂ ਲੈਬਾਰਟਰੀ ਹੋਵੇਗੀ।ਇਸ ਸੀਜ਼ਨ ਦੌਰਾਨ ਐਸ.ਡੀ.ਐਚ ਅਜਨਾਲਾ ਵਿਖੇ ਡੇਂਗੂ ਅਤੇ ਚਿਕਨਗੁਨੀਆ ਦੇ ਟੈਸਟ ਮੁਫਤ ਕੀਤੇ ਜਾਣਗੇ।ਹਸਪਤਾਲ ਨੂੰ ਆਉਣ ਵਾਲੇ ਦਿਨਾਂ ਵਿੱਚ ਟੈਸਟਿੰਗ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਲੈਬਾਰਟਰੀ ਜੂਨ 2020 ਤੋਂ ਕਾਰਜਸ਼ੀਲ ਹੋ ਜਾਵੇੇਗੀ।
                 ਇਸੇ ਦੌਰਾਨ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਦੱਸਿਆ ਕਿ ਵਿਭਾਗ ਇਸ ਵੇਲੇ ਕੋਵਿਡ-19 ਦੇ ਟਾਕਰੇ ਲਈ ਅਣਥੱਕ ਯਤਨ ਕਰ ਰਿਹਾ ਹੈ ਅਤੇ ਇਸ ਦੇ ਨਾਲ ਹੀ ਡੇਂਗੂ, ਮਲੇਰੀਆ ਅਤੇ ਹੋਰ ਵੈਕਟਰ ਬੋਰਨ ਡਿਸੀਜਿਜ਼ ਦੀ ਟੈਸਟਿੰਗ ਅਤੇ ਪ੍ਰਬੰਧਨ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
                    ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਦਾ ਮੱਛਰ ਸਿਰਫ ਸਾਫ ਪਾਣੀ ਵਿੱਚ ਹੀ ਪ੍ਰਜਨਨ ਕਰਦਾ ਹੈ ਅਤੇ ਦਿਨ ਵੇਲੇ ਹੀ ਕੱਟਦਾ ਹੈ।ਸਾਰੇ ਲੋਕ ਇਹ ਯਕੀਨੀ ਬਣਾਉਣ ਕਿ ਕੂਲਰਾਂ, ਫੁੱਲਾਂ ਦੇ ਗਮਲਿਆਂ, ਫਰਿੱਜ਼ਾਂ ਪਿੱਛੇ ਗੰਦੇ ਪਾਣੀ ਦੀਆਂ ਟਰੇਆਂ ਆਦਿ ਨੂੰ ਹਰ ਹਫ਼ਤੇ ਢੁੱਕਵੇਂ ਤਰੀਕੇ ਨਾਲ ਖਾਲੀ ਅਤੇ ਸਾਫ਼ ਕੀਤਾ ਜਾਵੇ।ਸਿਹਤ ਵਿਭਾਗ ਨੇ ਪਹਿਲਾਂ ਹੀ ਸ਼ੁਕਰਵਾਰ ਨੂੰ ‘ਡਰਾਈ ਡੇਅ’ ਐਲਾਨ ਕਰ ਦਿੱਤਾ ਹੈ ਤਾਂ ਜੋ ਸਾਰੇ ਘਰਾਂ ਵਿੱਚ ਹਫ਼ਤੇ ’ਚ ਇੱਕ ਵਾਰ ਰੋਕਥਾਮ ਗਤੀਵਿਧੀਆਂ ਕੀਤੀਆਂ ਜਾ ਸਕਣ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …