Sunday, April 26, 2026

ਮਹਾਂਮਾਰੀ ਦੌਰਾਨ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਨਿਭਾਈਆਂ ਮਿਸਾਲੀ ਸੇਵਾਵਾਂ

ਰੁਤਬੇ ਤੇ ਜ਼ਿੰਮੇਵਾਰੀ ਤੋਂ ਪਰੇ ਹੱਟ ਗਰੀਬਾਂ, ਮਜ਼ਦੂਰਾਂ ਤੇ ਲੋੜਵੰਦਾਂ ਫੜੀ ਬਾਂਹ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮੇਸੀ ਵਿਭਾਗ ਮੁੱਖੀ ਅਤੇ ਯੂਨੀਵਰਸਿਟੀ ਇੰਡਸਟਰੀ ਲਿੰਕਜ ਪ੍ਰੋਗਰਾਮ ਦੇ ਡਾਇਰੈਕਟਰ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਜਿੰਨ੍ਹਾਂ ਨੇ ਕੋਵਿਡ 19/ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਐਮ.ਓ.ਯੂ ਅਤੇ ਵਿਭਾਗੀ ਸੈਨਾਟਾਈਜ਼ ਸੇਵਾਵਾਂ ਨਿਭਾਈਆਂ ਤੇ ਫਿਰ ਮੁਕੰਮਲ ਰੂਪ ਵਿੱਚ ਯੂਨੀਵਰਸਿਟੀ ਬੰਦ ਹੋਣ ਦੇ ਬਾਅਦ ਆਪਣੇ ਸਰਕਾਰੀ ਰੁਤਬੇ ਅਤੇ ਜ਼ਿੰਮੇਵਾਰੀ ਨੂੰ ਇੱਕ ਪਾਸੇ ਰੱਖਦੇ ਹੋਏ ਇਸ ਦੁਖਦ ਘੜੀ ਵਿੱਚ ਮਨੁੱਖੀ ਸੇਵਾ ਨੂੰ ਪਹਿਲ ਦਿੰਦੇ ਹੋਏ ਸਮਾਜ ਸੇਵਾ ਕੀਤੀ।
                ਪਰ ਇਸ ਸਮਾਜ ਸੇਵਾ ਦਾ ਸਭ ਤੋਂ ਹੈਰਾਨੀਜਨਕ ਤੇ ਦਿਲਚਸਪ ਪਹਿਲੂ ਇਹ ਰਿਹਾ ਕਿ ਉਨ੍ਹਾਂ ਨੇ ਆਪਣੀ ਇਸ ਸਮਾਜ ਸੇਵਾ ਦੇ ਦੌਰਾਨ ਕਿਸੇ ਵੀ ਕਿਸਮ ਦੇ ਪ੍ਰਚਾਰ ਨੂੰ ਅਹਿਮੀਅਤ ਨਹੀਂ ਦਿੱਤੀ।ਸਗੋਂ ਨਿਰੰਤਰ ਆਪਣੀ ਸਮਾਜ ਸੇਵਾ ਵੱਲ ਧਿਆਨ ਦਿੱਤਾ।ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਰਾਮ ਤੀਰਥ ਰੋਡ ‘ਤੇ ਸਥਿਤ ਆਬਾਦੀਆਂ ਦੇ ਵਿੱਚ ਰਹਿਣ ਵਾਲੇ ਗਰੀਬ, ਮਜ਼ਬੂਰ, ਮਜ਼ਲੂਮ ਤੇ ਦਿਹਾੜੀਦਾਰਾਂ ਵਿਸ਼ੇਸ਼ਕਰ ਬਜ਼ੁਰਗਾਂ ਨੂੰ ਜਿੱਥੇ ਰਾਸ਼ਨ ਮੁਹੱਈਆ ਕਰਵਾਇਆ ਉਥੇ ਸਰਦੀ ਬਣਦੀ ਨਗਦ ਰਾਸ਼ੀ ਵੀ ਦਿੱਤੀ।ਕਈ ਘਰੇਲੂ ਤੇ ਬਾਹਰੀ ਇਲਾਕਿਆਂ ਨੂੰ ਸੈਨੇਟਾਈਜ਼ ਕਰਵਾਉਣ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਵੱਲੋਂ ਜਦੋੋਂ ਪ੍ਰਵਾਸੀ ਮਜ਼ਦੂਰਾਂ ਦੀ ਵਾਪਸੀ ਨੂੰ ਲੈ ਕੇ ਕੇਂਦਰ ਸਰਕਾਰ ਦੇ ਰੇਲ ਮੰਤਰਾਲੇ ਤੋਂ ਮਜ਼ਦੂਰ ਸਪੈਸ਼ਲ ਰੇਲ ਗੱਡੀਆਂ ਦੀਆਂ ਸੇਵਾਵਾਂ ਸ਼ੁਰੂ ਹੋਈਆਂ ਤਾਂ ਉਸ ਵਕਤ ਵੀ ਡਾ. ਬੇਦੀ ਨੇ ਆਪਣੇ ਇਲਾਕੇ ਆਦਰਸ਼ ਨਗਰ ਤੇ ਲਾਭ ਨਗਰ ਤੋਂ ਕੂਚ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਬਾਂਹ ਫੜੀ।
                     ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਯੂਨੀਵਰਸਿਟੀ ਦੇ ਵੀ.ਸੀ ਪ੍ਰੋਫੈਸਰ ਡਾ. ਜਸਪਾਲ ਸਿੰਘ ਦੀ ਯੋਗ ਅਗਵਾਈ ਵਿੱਚ ਕਿਸੇ ਕਾਰਜਸ਼ੈਲੀ ਨੂੰ ਅਮਲੀ ਰੂਪ ਦੇਣਾ ਸਰਕਾਰੀ ਜ਼ਿੰਮੇਵਾਰੀ ਹੈ।ਪਰ ਇਸ ਦੇ ਨਾਲ ਯੂਨੀਵਰਸਿਟੀ ਗਲਿਆਰੇ ਤੋਂ ਬਾਹਰ ਉਹ ਇੱਕ ਆਮ ਇਨਸਾਨ ਹਨ ਤੇ ਹੁਣ ਜਦੋਂ ਸਮੁੱਚੀ ਲੋਕਾਈ ਇਸ ਮਹਾਂਮਾਰੀ ਦੇ ਨਾਲ ਲੜ ਰਹੀ ਹੈ ਤਾਂ ਗਰੀਬ, ਮਜ਼ਦੂਰ, ਦਿਹਾੜੀਦਾਰ ਤੇ ਲੋੜਵੰਦ ਪਰਿਵਾਰਾਂ ਦੀ ਬਾਂਹ ਫੜਨਾ ਹਰੇਕ ਮਨੁੱਖ ਦਾ ਫਰਜ਼ ਹੈ।ਉਨ੍ਹਾਂ ਕਿਹਾ ਕਿ ਇਹ ਸੇਵਾ ਉਨ੍ਹਾਂ ਉਸ ਅਕਾਲ ਪੁਰਖ ਦੇ ਹੁਕਮਾਂ ਅਤੇ ਆਸ਼ੀਰਵਾਦ ਨਾਲ ਨਿਭਾਈ ਹੈ।ਇਸ ਲਈ ਉਹ ਇਸ ਦੇ ਬਦਲੇ ਕਿਸੇ ਵੀ ਕਿਸਮ ਦੀ ਪ੍ਰਾਪਤੀ ਜਾਂ ਪ੍ਰਸ਼ੰਸ਼ਾ ਦੀ ਆਸ ਨਹੀਂ ਰੱਖਦੇ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …