Thursday, April 23, 2026

ਕਿਸੇ ਹੋਰ ਦੇ ਫੋਨ ਦਾ ਇਸਤੇਮਾਲ ਕਰਨ ਤੋਂ ਕਰੋ ਗੁਰੇਜ਼

ਸਰਕਾਰ ਵਲੋਂ ਮੋਬਾਈਲ ਫੋਨਾਂ ਦੀ ਸਫ਼ਾਈ ਤੇ ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ

ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਤੋਂ ਸੂਬਾ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੋਬਾਈਲ ਫੋਨਾਂ ਦੀ ਸਫ਼ਾਈ ਅਤੇ ਸੰਭਾਲ ਸਬੰਧੀ ਵਿਸਥਾਰਿਤ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
             ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਰੋਨਾ ਵਾਇਰਸ ਇੱਕ ਸਿਸਟਮਿਕ ਬਿਮਾਰੀ ਹੈ, ਜੋ ਜ਼ਿਆਦਾਤਰ ਮੌਕਿਆਂ ’ਤੇ ਛਿੱਕ ਤੇ ਖੰਘ ਸਮੇਂ ਥੁੱਕ ਦੇ ਕਣਾਂ ਰਾਹੀਂ ਸਾਹ ਜ਼ਰੀਏ ਅੰਦਰ ਜਾਣ ਨਾਲ, ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਅਤੇ ਸੰਕ੍ਰਮਿਤ ਚੀਜ਼ਾਂ/ਵਸਤੂਆਂ ਨੂੰ ਛੂਹਣ ਨਾਲ ਫ਼ੈਲਦੀ ਹੈ।ਹਾਲਾਂਕਿ ਇਹ ਵਾਇਰਸ ਵੱਖ-ਵੱਖ ਚੀਜ਼ਾਂ ਦੀ ਸਤਹਿ ਉਪਰ ਵੱਖ-ਵੱਖ ਸਮੇਂ ਤੱਕ ਜਿਊਂਦਾ ਰਹਿੰਦਾ ਹੈ, ਪਰ ਕੈਮੀਕਲ ਰੋਗਾਣੂ ਨਾਸ਼ਕ ਨਾਲ ਇਹ ਆਸਾਨੀ ਨਾਲ ਖ਼ਤਮ ਹੋ ਜਾਂਦਾ ਹੈ।ਇਸ ਲਈ ਜੇਕਰ ਸਹੀ ਅਤੇ ਸਮੇਂ ਸਿਰ ਜਾਣਕਾਰੀ ਹੋਵੇ ਤਾਂ ਕਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਿਆ ਜਾ ਸਕਦਾ ਹੈ।
                ਉਨ੍ਹਾਂ ਦੱਸਿਆ ਕਿ ਮੋਬਾਈਲ ਫੋਨ ਦੇ ਨਾਲ ਨਾਲ ਰਿਸੈਪਸ਼ਨ ਕਾਊਂਟਰ, ਮੇਜ਼ ਦੀ ਉਪਰਲੀ ਸਤਹਿ, ਦਰਵਾਜ਼ੇ ਦੇ ਹੈਂਡਲ, ਟਾਇਲਟ, ਕੀ-ਬੋਰਡ, ਮਾਊਸ, ਟੈਬਲੈਟਸ ਅਤੇ ਮੇਜ਼ ਸਭ ਤੋਂ ਵੱਧ ਛੂਹੀਆਂ ਜਾਣ ਵਾਲੀਆਂ ਵਸਤਾਂ ਹਨ।ਸਰਕਾਰ ਵਲੋਂ ਇਸ ਮਹਾਂਮਾਰੀ ਦੇ ਸੰਕ੍ਰਮਣ ਨੂੰ ਰੋਕਣ ਲਈ ਕੰਮ ਵਾਲੇ ਸਥਾਨਾਂ/ਦਫ਼ਤਰਾਂ ਦੀ ਸਫ਼ਾਈ ਅਤੇ ਚਿਹਰਾ/ਮੂੰਹ ਨਾ ਛੂਹਣ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਮੋਬਾਈਲ ਫੋਨ ਵਾਇਰਸ ਦੇ ਫ਼ੈਲਾਅ ਦਾ ਸੰਭਾਵੀਂ ਕਾਰਨ ਹੋ ਸਕਦਾ ਹੈ ਜੋ ਸਿੱਧੇ ਹੀ ਵਰਤੋਂ ਕਰਨ ਵਾਲੇ ਵਿਅਕਤੀ ਦੇ ਚਿਹਰੇ ਤੇ ਮੂੰਹ ਦੇ ਸੰਪਰਕ ਵਿੱਚ ਆਉਂਦਾ ਹੈ।
             ਢਿਲੋਂ ਨੇ ਦੱਸਿਆ ਕਿ ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਮੋਬਾਈਲ ’ਤੇ ਜੇਕਰ ਬਹੁਤ ਜ਼ਰੂਰੀ ਗੱਲਬਾਤ ਕਰਨੀ ਪੈਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਹੱਥਾਂ ਨੂੰ ਨਿਯਮਿਤ ਤਰੀਕੇ ਨਾਲ ਸਾਬਣ ਤੇ ਪਾਣੀ ਨਾਲ ਧੋਵੋ ਜਾਂ 70 ਪ੍ਰਤੀਸ਼ਤ ਆਈਸੋਪ੍ਰੋਪਾਈਲ ਅਲਕੋਹਲ ਯੁਕਤ ਸੈਨੀਟਾਈਜ਼ਰ ਨਾਲ ਸੈਨੇਟਾਈਜ਼ ਕਰੋ।ਮੋਬਾਈਲ ਫੋਨ ਨੂੰ ਕਿਸੇ ਹੋਰ ਸਤਹਿ ’ਤੇ ਰੱਖਣ ਤੋਂ ਪਰਹੇਜ਼ ਕਰੋ। ਮੋਬਾਈਲ ਫੋਨ ਅਤੇ ਆਪਣੇ ਚਿਹਰੇ/ਮੂੰਹ ਵਿਚਕਾਰ ਸਿੱਧਾ ਸੰਪਰਕ ਹੋਣ ਤੋਂ ਰੋਕਣ ਲਈ ਹੈਡਫੋਨ/ਹੈਡਸੈਟ (ਤਾਰ ਵਾਲੇ/ਬਿਨਾਂ ਤਾਰ ਵਾਲੇ) ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।ਜੇਕਰ ਸੰਭਵ ਹੋਵੇ ਤਾਂ ਮੋਬਾਈਨ ਫੋਨ ਸਪੀਕਰ ਦੀ ਵਰਤੋਂ ਕਰੋ। ਜੇਕਰ ਹੈਡਫੋਨ/ਹੈਡਸੈਟ ਉਪਲਬਧ ਨਹੀਂ ਹਨ ਤਾਂ ਸਪੀਕਰ ਫੋਨ ਦੀ ਵਰਤੋਂ ਉਨ੍ਹਾਂ ਦੇ ਬਦਲ ਵਜੋਂ ਕੀਤੀ ਜਾ ਸਕਦੀ ਹੈ।ਇਹ ਕਿਸੇ ਹੋਰ ਨਾਲ ਸਾਂਝਾ ਨਾ ਕਰੋ।
              ਇਸੇ ਤਰ੍ਹਾਂ ਦਫ਼ਤਰਾਂ ਵਿੱਚ ਮੋਬਾਈਲ ਫੋਨ ਦੀ ਵਰਤੋਂ ਦੀ ਬਜ਼ਾਏ ਇੰਟਰਕਾਮ ਦੀ ਸੁਵਿਧਾ ਨੂੰ ਪਹਿਲ ਦਿੱਤੀ ਜਾਵੇ।ਹਾਲਾਂਕਿ ਇੰਟਰਕਾਮ ਨੂੰ ਰੋਜ਼ਾਨਾ ਡਿਸਇਨਫੈਕਟ ਕੀਤਾ ਜਾਵੇ।ਇਹ ਸਲਾਹ ਦਿੱਤੀ ਜਾਂਦੀ ਹੈ ਕਿ ਮੋਬਾਈਲ ਨਾਲ ਸਬੰਧਤ ਯੂਜ਼ਰ ਸੁਪੋਰਟ ਗਾਈਡਲਾਈਨਜ਼ ਨੂੰ ਧਿਆਨ ਨਾਲ ਪੜ੍ਹਿਆ ਜਾਵੇ ਅਤੇ ਸਬੰਧਤ ਮੋਬਾਈਲ ਕੰਪਨੀ ਦੀ ਵੈਬਸਾਈਟ ’ਤੇ ਜਾ ਕੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਅਪਡੇਟਡ ਵਰਜ਼ਨ ਦੇਖਿਆ ਜਾਵੇ।ਐਪਲ ਅਤੇ ਸੈਮਸੰਗ ਦੋਵਾਂ ਕੰਪਨੀਆਂ ਨੇ ਆਪਣੀ ਯੂਜ਼ਰ ਗਾਈਡਲਾਈਨ ਨੂੰ ਅਪਡੇਟ ਕੀਤਾ ਹੈ, ਜਿਸ ਅਨੁਸਾਰ 70 ਪ੍ਰਤੀਸ਼ਤ ਆਈਸੋਪ੍ਰੋਪਾਈਲ ਅਲਕੋਹਲ ਜਾਂ ਕਲੋਰੌਕਸ ਡਿਸਇਨਫੈਕਟਿੰਗ ਵਾਈਪਸ ਨਾਲ ਸਵਿੱਚ ਆਫ਼ ਮੋਡ ’ਤੇ ਮੋਬਾਈਲ ਫੋਨ ਦੀ ਸਤਹਿ ਨੂੰ ਸਾਫ਼ ਕੀਤਾ ਜਾ ਸਕਦਾ ਹੈ।
           ਮੋਬਾਈਲ ਫੋਨ ਦੀ ਸਤਹਿ ਸਾਫ਼ ਕਰਨ ਲਈ ਲੜੀਵਾਰ ਪ੍ਰਕਿਰਿਆ ਤਹਿਤ ਸਫ਼ਾਈ ਤੋਂ ਪਹਿਲਾਂ ਫੋਨ ਨੂੰ ਬੰਦ ਕਰੋ ਅਤੇ ਜੇਕਰ ਇਸ ਨਾਲ ਕੋਈ ਕਵਰ, ਸਾਮਾਨ ਅਤੇ ਤਾਰਾਂ ਹਨ ਤਾਂ ਉਨ੍ਹਾਂ ਨੂੰ ਉਤਾਰ ਦਿਉ। ਡਿਵਾਇਸ ਦੀ ਸਤਹਿ ਸਾਫ਼ ਕਰਨ ਲਈ ਇੱਕ ਨਰਮ, ਬਿਨ੍ਹਾਂ ਬੁਰ ਤੋਂ, ਵਾਟਰ ਪਰੂਫ਼ ਵਾਈਪ ਦੀ ਵਰਤੋਂ ਕਰੋ (ਜਿਵੇਂ ਕਿ ਕੈਮਰਾ ਲੈਂਸ ਵਾਈਪ ਆਦਿ)।ਸਫ਼ਾਈ ਵਾਲੇ ਕੱਪੜੇ ਦੇ ਕੋਨੇ ਨੂੰ ਆਈਸੋਪ੍ਰੋਪਾਈਲ ਅਲਕੋਹਲ ਜਾਂ ਕਲੋਰੌਕਸ ਡਿਸਇਨਫੈਕਟ ਦੀ ਥੋੜ੍ਹੀ ਮਾਤਰਾ ਨਾਲ ਗਿੱਲਾ ਕਰੋ ਅਤੇ ਫ਼ੋਨ ਦੇ ਅਗਲੇ ਤੇ ਪਿਛਲੇ ਹਿੱਸੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
               ਇਸ ਦੌਰਾਨ ਬਲੀਚ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਕਿਸੇ ਵੀ ਖੁ ੱਲ੍ਹੀ ਜਗ੍ਹਾ ਤੋਂ ਨਮੀ ਨੂੰ ਅੰਦਰ ਜਾਣ ਤੋਂ ਰੋਕਿਆ ਜਾਵੇ। ਕੋਈ ਵੀ ਸਖ਼ਤ ਕੈਮੀਕਲ ਓਲੀਓਫੋਬਿਕ ਸਕਰੀਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜੋ ਕਿ ਅੱਗੇ ਫੋਨ ਦੀ ਟੱਚ ਸਕਰੀਨ ਦੀ ਸੈਂਸਟੀਵਿਟੀ ਨੂੰ ਖ਼ਰਾਬ ਕਰ ਸਕਦੀ ਹੈ।ਫੋਨ ਦੀ ਸਕਰੀਨ ਉਪਰ ਕੰਪਰੈਸਰ ਜਾਂ ਬਲੀਚ ਦੀ ਸਿੱਧੇ ਤੌਰ ’ਤੇ ਵਰਤੋਂ ਨਾ ਕਰੋ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …