Thursday, April 23, 2026

ਡਿਪਟੀ ਕਮਿਸ਼ਨਰ ਵੱਲੋਂ ਰਾਵੀ ਦਰਿਆ ਦੇ ਨਾਲ ਲੱਗਦੇ ਖੇਤਰਾਂ ਦਾ ਦੌਰਾ

ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣਗੇ ਯੋਗ ਪ੍ਰਬੰਧ -ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਆ ਰਹੇ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ

ਵੱਲੋਂ ਅੱਜ ਸਬੰਧਤ ਅਧਿਕਾਰੀਆਂ ਨੂੰ ਨਾਲ ਲੈ ਕੇ ਰਾਵੀ ਦਰਿਆ ਨਾਲ ਲੱਗਦੇ ਬੀ.ਓ.ਪੀ ਸਹਾਰਨਬੰਨ, ਧਰਮ ਪ੍ਰਕਾਸ਼, ਲਬ ਦਰਿਆ, ਸਹਾਰਨ ਚੋਂਕੀ ਅਤੇ ਰਾਣੀਆਂ ਦਾ ਦੌਰਾ ਕੀਤਾ।
             ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹਾਂ ਦੇ ਸੰਭਾਵੀ ਖਤਰੇ ਨੂੰ ਦੇਖਦਿਆਂ ਹੋਇਆਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸਬੰਧਤ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ।ਢਿਲੋਂ ਨੇ ਦੱਸਿਆ ਕਿ ਜਿੰਨਾਂ ਥਾਵਾਂ ਤੇ ਹੜ੍ਹਾਂ ਦਾ ਜਿਆਦਾ ਖਤਰਾ ਹੈ ਉਥੇ ਮੁਰੰਮਤ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪ੍ਰਸਾਸ਼ਨ ਵੱਲੋਂ ਪੂਰੇ ਇੰਤਜਾਮ ਕੀਤੇ ਜਾ ਰਹੇ ਹਨ ਅਤੇ ਹੜ੍ਹਾਂ ਦੇ ਸੰਭਾਵੀ ਖਤਰੇ ਨੂੰ ਦੇਖਦਿਆਂ ਹੋਇਆਂ ਨਵੀਆਂ ਬੇੜੀਆਂ ਦੀ ਖਰੀਦ ਅਤੇ ਪੁਰਾਣੀਆਂ ਬੇੜੀਆਂ ਦੀ ਮੁਰੰਮਤ ਵੀ ਕਰਵਾਈ ਗਈ ਹੈ।ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
              ਡਿਪਟੀ ਕਮਿਸ਼ਨਰ ਨੇ ਰਾਵੀ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿਚ ਹੜ੍ਹ ਦੀ ਸਥਿਤੀ ਨਾਲ ਨਿਪਟਣ ਲਈ ਅਧਿਕਾਰੀਆਂ ਦੀਆਂ ਪਿੰਡ ਪੱਧਰ ‘ਤੇ ਡਿਊਟੀਆਂ ਲਗਾਉਣ, ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਣ, ਉਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕਰਨ ਅਤੇ ਪਸ਼ੂਆਂ ਦੇ ਚਾਰੇ ਆਦਿ ਦਾ ਪ੍ਰਬੰਧ ਕਰਨ ਲਈ ਤਿਆਰ ਰਹਿਣ ਵਾਸਤੇ ਵੀ ਕਿਹਾ।ਢਿਲੋਂ ਨੇ ਕਿਹਾ ਕਿ ਉਹ ਵੱਖ-ਵੱਖ ਵਿਭਾਗਾਂ ਵੱਲੋਂ ਕਰਵਾਏ ਜਾ ਰਹੇ ਪ੍ਰਬੰਧਾਂ ਦਾ ਖੁਦ ਮੌਕੇ ਉਤੇ ਜਾ ਕੇ ਨਿਰੀਖਣ ਕਰਨਗੇ ਅਤੇ ਕਿਸੇ ਵੀ ਕੰਮ ਵਿਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
               ਢਿਲੋਂ ਨੇ ਕਿਹਾ ਕਿ ਡਰੇਨਾਂ ਅਤੇ ਨਾਲਿਆਂ ਦੀ ਕੀਤੀ ਜਾ ਰਹੀ ਸਫਾਈ ਕੇਵਲ ਖਾਨਾਪੂਰਤੀ ਨਾ ਹੋਵੇ, ਇਸ ਲਈ ਸਬੰਧਤ ਵਿਭਾਗ ਠੇਕੇਦਾਰਾਂ ਉਤੇ ਬਰਾਬਰ ਨਿਗ੍ਹਾ ਰੱਖਣ। ਉਨਾਂ ਕਿਹਾ ਕਿ ਉਕਤ ਕੰਮ ਜੇਕਰ ਧਿਆਨ ਨਾਲ ਕਰ ਦਿੱਤਾ ਜਾਵੇ ਤਾਂ ਹੜ੍ਹਾਂ ਨਾਲ ਹੋਣ ਵਾਲਾ ਵੱਡਾ ਖ਼ਤਰਾ ਟਾਲਿਆ ਜਾ ਸਕਦਾ ਹੈ।
ਇਸ ਮੌਕੇ ਅੰਕੁਰਜੀਤ ਸਿੰਘ ਆਈ.ਏ.ਐਸ, ਐਸ.ਡੀ.ਐਮ ਦੀਪਕ ਭਾਟੀਆ, ਜਿਲ੍ਹਾ ਮਾਲ ਅਫਸਰ ਮੁਕੇਸ਼ ਸ਼ਰਮਾ, ਐਕਸੀਅਨ ਡਰੇਨੇਜ਼  ਚਰਨਜੀਤ ਸਿੰਘ, ਸਹਾਇਕ ਕਮਾਂਡੈਂਟ ਬੀ.ਐਸ.ਐਫ ਰਜਿੰਦਰ ਸਿੰਘ ਗੁੱਜਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …