ਪੰਜਾਬ ਵਿੱਚ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੁਲਤ ਮਿਲਦੀ ਰਹੇਗੀ
ਬਠਿੰਡਾ, 2 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਦੀਆਂ ਅਨਾੜੀ ਆਰਥਿਕ
ਨੀਤੀਆਂ ਕਾਰਨ ਹੀ ਦੇਸ਼ ਅੱਜ ਵੱਡੇ ਮੰਦਵਾੜੇ ਦੇ ਮੁਹਾਨੇ ‘ਤੇ ਪੁੱਜ ਗਿਆ ਹੈ ਜਦ ਕਿ ਕਮਜੋਰ ਵਿਦੇਸ਼ ਨੀਤੀ ਕਾਰਨ ਦੇਸ਼ ਦੀ ਕੌਮਾਂਤਰੀ ਮੰਚ ਤੇ ਸ਼ਾਖ਼ ਨੂੰ ਵੱਟਾ ਲੱਗਾ ਹੈ।
ਲਗਾਤਾਰ ਤੀਜੇ ਦਿਨ ਬਠਿੰਡਾ ਹਲਕੇ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨ ਲਈ ਬਜਾਰਾਂ ਦੇ ਦੌਰੇ ‘ਤੇ ਨਿਕਲੇ ਵਿੱਤ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੋਟਬੰਦੀ ਲਾਗੂ ਕਰਨ ਤੋਂ ਲੈ ਕੇ ਐਨ.ਡੀ.ਏ ਸਰਕਾਰ ਦੇ ਆਰਥਿਕ ਮੁਹਾਜ਼ ‘ਤੇ ਲਏ ਗਏ ਸਾਰੇ ਹੀ ਫੈਸਲੇ ਵਪਾਰ ਅਤੇ ਉਦਯੋਗ ਵਿਰੋਧੀ ਰਹੇ ਹਨ ਅਤੇ ਇਸ ਦਾ ਮਾੜਾ ਅਸਰ ਦੇਸ਼ ਦੇ ਪੂਰੇ ਅਵਾਮ ‘ਤੇ ਪਿਆ ਹੈ। ਉਨਾਂ ਨੇ ਕਿਹਾ ਕਿ ਅੱਜ ਲੋਕ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ਨੂੰ ਯਾਦ ਕਰ ਰਹੇ ਹਨ ਜਿੰਨਾਂ ਨੇ 2009-10 ਵਿਚ ਕੌਮਾਂਤਰੀ ਮੰਦੀ ਦੇ ਬਾਵਜੂਦ ਬਿਹਤਰ ਆਰਥਿਕ ਪ੍ਰਬੰਧਨ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਡੋਲਣ ਨਹੀਂ ਦਿੱਤਾ ਸੀ।
ਐਨ.ਡੀ.ਏ ਸਰਕਾਰ ਦੇ ਦੂਜੇ ਕਾਰਜਕਾਲ ਦੇ ਇਕ ਸਾਲ ਪੂਰਾ ਹੋਣ ‘ਤੇ ਟਿੱਪਣੀ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਨਾ ਸਿਰਫ ਆਰਥਿਕ ਮੁਹਾਜ ਤੇ ਸਗੋਂ ਵਿਦੇਸ਼ ਨੀਤੀ ਦੇ ਪੱਧਰ ‘ਤੇ ਵੀ ਦੇਸ਼ ਦੇ ਹਿੱਤਾਂ ਦੀ ਕੌਮਾਂਤਰੀ ਪੱਧਰ ‘ਤੇ ਰਾਖੀ ਕਰਨ ਵਿੱਚ ਮੋਦੀ ਸਰਕਾਰ ਨਾਕਾਮ ਰਹੀ ਹੈ।ਅੱਜ ਨੇਪਾਲ ਵਰਗੇ ਪੁਰਾਣੇ ਭਾਈਵਾਲ ਮੁਲਕ ਵੀ ਭਾਰਤ ਨੂੰ ਅੱਖਾਂ ਵਿਖਾ ਰਹੇ ਜਨ, ਜੋ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ ਦੀ ਨਕਾਮੀ ਦਾ ਪ੍ਰਮਾਣ ਹੀ ਹੈ।
ਮਨਪ੍ਰੀਤ ਬਾਦਲ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਦਿੱਤੀ ਜਾਂਦੀ ਮੁਫ਼ਤ ਬਿਜਲੀ ਰੋਕਣ ਲਈ ਉਨਾਂ ਨੇ ਨਾ ਤਾਂ ਹੁਣ ਅਤੇ ਨਾ ਹੀ ਕਦੇ ਪਹਿਲਾਂ ਕੋਈ ਮਤਾ ਲਿਆਂਦਾ ਸੀ।ਉਨਾਂ ਨੇ ਦੁਹਰਾਇਆ ਕਿ ਪੰਜਾਬ ਦੇ ਕਿਸਾਨਾਂ ਨੂੰ ਪਹਿਲਾਂ ਦੀ ਤਰਜ਼ ‘ਤੇ ਮੁਫ਼ਤ ਬਿਜ਼ਲੀ ਦੀ ਸਹੁਲਤ ਮਿਲਦੀ ਰਹੇਗੀ।ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਤੇ ਸੂਬੇ ਦੇ ਲੋਕਾਂ ਨੇ 2017 ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ਵਿਚ ਮੋਹਰ ਲਗਾ ਕੇ ਸਰਕਾਰ ਵਿਚ ਵਿਸ਼ਵਾਸ ਪ੍ਰਗਟਾਇਆ ਹੈ।
ਇਸ ਦੌਰਾਨ ਹਸਪਤਾਲ ਬਜ਼ਾਰ ਤੇ ਸਿਰਕੀ ਬਜ਼ਾਰ ਆਦਿ ਵਿਖੇ ਦੁਕਾਨਦਾਰਾਂ ਨਾਲ ਮਿਲ ਕੇ ਵਿੱਤ ਮੰਤਰੀ ਨੇ ਲਾਕਡਾਉਨ ਕਾਰਨ ਹੋਏ ਨੁਕਸਾਨ ਸਬੰਧੀ ਉਨਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਉਨਾਂ ਤੋਂ ਪ੍ਰਾਪਤ ਸੁਝਾਵਾਂ ਅਨੁਸਾਰ ਸਰਕਾਰ ਆਪਣੀਆਂ ਅਗਲੇਰੀਆਂ ਨੀਤੀਆਂ ਬਣਾਏਗੀ।
ਇਸ ਦੌਰਾਨ ਬਠਿੰਡਾ ਦੇ ਬਜ਼ਾਰ ਵਿੱਚ ਉਨਾਂ ਨੂੰ ਇਕ ਜ਼ਖਮੀ ਹੀਰਾ ਲਾਲ ਮਿਲਿਆ ਤਾਂ ਉਨਾਂ ਤੁਰੰਤ ਉਸ ਦੀ ਮਦਦ ਲਈ 10 ਹਜਾਰ ਰੁਪਏ ਦੀ ਮਦਦ ਕਰਦਿਆਂ ਉਸ ਦੇ ਇਲਾਜ਼ ਲਈ ਉਸ ਨੂੰ ਸਿਵਲ ਹਸਪਤਾਲ ਭਿਜਵਾਇਆ। ਇਕ ਹੋਰ ਅਪਾਹਿਜ਼ ਬਿਨੂ ਰਾਮ ਨੂੰ ਉਨਾਂ ਨੇ 5 ਹਜਾਰ ਦੀ ਮਦਦ ਦਿੱਤੀ। ਛੋਲੇ ਭਟੂਰੇ ਦੀ ਰੇਹੜੀ ਲਗਾਉਣ ਵਾਲੇ ਰਾਮ ਸਿੰਘ ਦੀਆਂ ਤਿੰਨ ਬੇਟੀਆਂ ਦੀਆਂ ਧੀਆਂ ਦੀ ਫੀਸ ਮਾਫ ਕਰਵਾਉਣ ਦਾ ਭਰੋਸਾ ਦਿੱਤਾ।ਸਤੀਸ਼ ਅਰੋੜਾ ਨੇ ਬਜ਼ਾਰ ਵਿੱਚ ਲੋੜਵੰਦਾਂ ਨੂੰ ਵੰਡਣ ਲਈ 10 ਹਜਾਰ ਮਾਸਕ ਵੰਡਣ ਦੀ ਮੁਹਿੰਮ ਦੀ ਸ਼ੁਰੂਆਤ ਵੀ ਵਿੱਤ ਮੰਤਰੀ ਨੇ ਕੀਤੀ।
ਇਸ ਮੌਕੇ ਕੇ.ਕੇ ਅਗਰਵਾਲ, ਅਰੁਣ ਵਧਾਵਨ, ਅਸ਼ੋਕ ਪ੍ਰਧਾਨ, ਰਾਜਨ ਗਰਗ, ਦਰਸ਼ਨ ਘੁੱਦਾ, ਰਾਜੂ ਭੱਠੇਵਾਲਾ, ਸਾਜਨ ਸ਼ਰਮਾ, ਨੱਥੂ ਰਾਮ, ਪ੍ਰਕਾਸ਼ ਚੰਦ ਆਦਿ ਵੀ ਹਾਜ਼ਰ ਸਨ।
Punjab Post Daily Online Newspaper & Print Media