ਕਿਹਾ ਮਹੱਤਵਪੂਰਨ ਮਾਰਗ ਨਾਲ ਜੁੜਣ ’ਤੇ ਖੇਤਰ ਨੂੰ ਹੋਵੇਗਾ ਆਰਥਿਕ ਲਾਭ
ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਸੀਨੀਅਰ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦਾ ‘ਗੁਰੂ ਨਗਰੀ’ ਅੰਮ੍ਰਿਤਸਰ ਨੂੰ ਐਕਸਪ੍ਰੈਸ ਮਾਰਗ ਨਾਲ ਜੋੜਣ ਲਈ ਧੰਨਵਾਦ ਕੀਤਾ।ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਮਾਰਗ 60000 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਇਕ ਮਹੱਤਵਪੂਰਨ ਪ੍ਰੋਜੈਕਟ ਹੈ।
ਉਨ੍ਹਾਂ ਕਿਹਾ ਕਿ ਇਹ ਖੇਤਰ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਵੇਗਾ ਅਤੇ ਦੁਨੀਆ ਭਰ ਦੇ ਸ਼ਰਧਾਲੂ ਤੇਜ਼ ਰਫ਼ਤਾਰ ਐਕਸਪ੍ਰੈਸ ਮਾਰਗ ਰਾਹੀਂ ਕੌਮੀ ਰਾਜਧਾਨੀ ਅਤੇ ਇਕ ਹੋਰ ਧਾਰਮਿਕ ਅਸਥਾਨ ਸ੍ਰੀ ਵੈਸ਼ਨੋ ਦੇਵੀ ਨਾਲ ਜੁੜਣਗੇ।ਜਿਸ ਲਈ ਇਸ ਮਹੱਤਵਪੂਰਨ ਫ਼ੈਸਲੇ ਤੋਂ ਹਰੇਕ ਵਰਗ ਦੇ ਲੋਕ ਖੁਸ਼ ਹਨ।
ਛੀਨਾ ਜਿਨ੍ਹਾਂ ਨੇ ਪਹਿਲਾਂ ਅੰਮ੍ਰਿਤਸਰ ਨੂੰ ਐਕਸਪ੍ਰੈਸ ਮਾਰਗ ਨਾਲ ਜੋੜਣ ਲਈ ਪ੍ਰਧਾਨ ਮੰਤਰੀ ਅਤੇ ਹੋਰ ਅਧਿਕਾਰੀਆਂ ਨੂੰ ਪੱਤਰ ਲਿਖੇ ਸਨ।ਉਨ੍ਹਾਂ ਨੇ ਪਹਿਲਾਂ ਪੱਤਰ ’ਚ ਕਿਹਾ ਸੀ ਕਿ ‘ਪਵਿੱਤਰ ਸ਼ਹਿਰ’ ਨੂੰ ਪ੍ਰੋਜੈਕਟ ਤੋਂ ਬਾਹਰ ਰੱਖਿਆ ਜਾ ਰਿਹਾ ਹੈ।ਉਨ੍ਹਾਂ ਅਧਿਕਾਰੀਆਂ ਅਤੇ ਹੋਰਨਾਂ ਦਾ ਧੰਨਵਾਦ ਪ੍ਰਗਟ ਕੀਤਾ ਜਿਨ੍ਹਾਂ ਨੇ ਇਸ ਕਾਰਜ ਨੂੰ ਪੂਰਾ ਕਰਨ ਲਈ ਯੋਗਦਾਨ ਦਿੱਤਾ ਅਤੇ ਸ਼ਹਿਰ ਅਤੇ ਇਸ ਖੇਤਰ ਨੂੰ ਐਕਸਪ੍ਰੈਸ ਮਾਰਗ ਨਾਲ ਜੁੜਿਆ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਰਾਜਨੀਤੀ ਤੋਂ ਉਪਰ ਉਠ ਕੇ ਇਕ ਮੰਚ ’ਤੇ ਇਕਜੁੱਟ ਆਉਣਾ ਚਾਹੀਦਾ ਹੈ ਤਾਂ ਕਿ ਇਲਾਕੇ ਦੇ ਹਿੱਤਾਂ ਦੀ ਰਾਖੀ ਲਈ ਕੰਮ ਹੋ ਸਕੇ।ਛੀਨਾ ਨੇ ਕਿਹਾ ਕਿ ਮੈ ਪ੍ਰਧਾਨ ਮੰਤਰੀ ਅਤੇ ਮੰਤਰੀ ਕੋਲੋਂ ਉਕਤ ਪ੍ਰੋਜੈਕਟ ਲਈ ਦਖਲ ਦੇਣ ਦੀ ਮੰਗ ਕੀਤੀ ਸੀ।ਜਿਸ ਕਰਕੇ ਅੰਮ੍ਰਿਤਸਰ ਅਤੇ ਵਿਸ਼ਵ ਪੱਧਰ ਦੇ ਸ਼ਰਧਾਲੂਆਂ ਦੇ ਕੇਂਦਰ ਇਸ ਮਹੱਤਵਪੂਰਨ ਆਧੁਨਿਕ ਸੜਕ ਦੇ ਨਕਸ਼ੇ ’ਚ ਸ਼ਾਮਿਲ ਕੀਤੇ ਗਏ।
ਛੀਨਾ ਨੇ ਇਸ ਮੌਕੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ) ਦੇ ਚੇਅਰਮੈਨ ਡਾ. ਐਸ.ਐਸ ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਨੂੰ ਇਸ ਪ੍ਰਭਾਵਸ਼ਾਲੀ ਪ੍ਰੋਜੈਕਟ ਦੇ ਮਹੱਤਵਪੂਰਨ ਸੜਕ ਮਾਰਗ ਨਾਲ ਜੋੜਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਇਕ ਪਾਸੇ ਸ੍ਰੀ ਹਰਿਮੰਦਰ ਸਾਹਿਬ ਸਿੱਧੇ ਤੌਰ ’ਤੇ ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਜੁੜ ਜਾਵੇਗਾ ਅਤੇ ਦੂਜੇ ਪਾਸੇ ਮਾਤਾ ਵੈਸ਼ਨੋ ਦੇਵੀ ਦਾ ਪਵਿੱਤਰ ਮੰਦਿਰ ਅਸਥਾਨ ਵੀ।ਉਨ੍ਹਾਂ ਕਿਹਾ ਕਿ ਸਾਨੂੰ ਇਸ ਖੇਤਰ ’ਚ ਸ਼ਰਧਾਲੂਆਂ ਦੀ ਆਮਦ ਨੂੰ ਵਧਾਉਣ ਦੀ ਲੋੜ ਹੈ ਤਾਂ ਜੋ ਧਾਰਮਿਕ ਸੈਰ-ਸਪਾਟੇ ਦਾ ਵਧੇਰੇ ਵਿਕਾਸ ਹੋ ਸਕੇ।