
ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਥਾਨਕ ਕਸਬੇ ਦੇ ਗੁੰਮਟੀ ਰੋਡ ਉਪਰ ਰਹਿਣ ਵਾਲੇ ਲੋਕ ਇੱਥੇ ਬਣੇ ਛੱਪੜ ਤੋਂ ਬਹੁਤ ਪ੍ਰੇਸ਼ਾਨ ਹਨ ਇਹ ਛੱਪੜ ਉਹਨਾਂ ਲਈ ਬਾਰਸ਼ ਦੇ ਦਿਨਾਂ ਵਿੱਚ ਬਹੁਤ ਮੁਸ਼ਕਿਲਾਂ ਲੈ ਆਉਂਦਾ ਹੈ ਇਸ ਛੱਪੜ ਦਾ ਪਾਣੀ ਉਹਨਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ।ਗੰਦੇ ਪਾਣੀ ਵਿੱਚੋਂ ਆਉਂਦੀ ਬਦਬੂ ਨੇ ਲੋਕਾਂ ਦਾ ਜੀਣਾ ਬੇਹਾਲ ਕਰ ਦਿੱਤਾ ਹੈ। ਪਿੰਡ ਨਿਵਾਸੀਆਂ ਨੇ ਦੱਸਿਆ ਕਿ ਸਾਰੇ ਪਿੰਡ ਦੇ ਘਰਾਂ ਦਾ ਪਾਣੀ ਵੱਖ-ਵੱਖ ਛੱਪੜਾਂ ਵਿੱਚੋਂ ਹੁੰਦਾ ਹੋਇਆ ਮੋਟਰਾਂ ਨਾਲ ਚੱਕ ਕੇ ਪਿੰਡ ਦੇ ਗੁੰਮਟੀ ਰੋਡ ਤੇ ਸਥਿਤ ਬਾਘੋ ਵਾਲੇ ਛੱਪੜ ਵਿੱਚ ਇੱਕਠਾ ਕੀਤਾ ਜਾਂਦਾ ਹੈ।ਇਸ ਛੱਪੜ ਦੇ ਕੋਲ ਐਲੀਮੈਂਟਰੀ ਸਕੂਲ ਅਤੇ ਇੱਕ ਪਾਸੇ ਦਾਣਾ ਮੰਡੀ ਹੈ ਅਤੇ ਛੱਪੜ ਦੇ ਕੋਲ ਦੀ ਗੁਰਦੁਆਰਾ ਕਾਲੇ ਬਾਗ ਸਾਹਿਬ ਨੂੰ ਸੜਕ ਜਾਂਦੀ ਹੈ। ਇਸ ਛੱਪੜ ਦਾ ਪਾਣੀ ਚੁੱਕ ਕੇ ਅੱਗੇ ਭੇਜਣ ਵਾਲੀ ਮੋਟਰ ਛੋਟੀ ਹੋਣ ਕਰਕੇ ਇਸ ਛੱਪੜ ਦਾ ਪਾਣੀ ਚੁੱਕਣ ਦੇ ਅਸਮਰੱਥ ਹੈ।ਪਿੱਛੋਂ ਪਾਣੀ ਜ਼ਿਆਦਾ ਇੱਕਠਾ ਆਉਣ ਕਰਕੇ ਇਹ ਗੰਦਾ ਪਾਣੀ ਐਲੀਮੈਂਟਰੀ ਸਕੂਲ ਅਤੇ ਦਾਣਾ ਮੰਡੀ ਵਿੱਚ ਚਲਾ ਜਾਂਦਾ ਹੈ।ਇੱਥੋਂ ਲੰਘਣ ਵਾਲੇ ਰਾਹਗੀਰਾਂ ਤੇ ਸਕੂਲ ਵਿੱਚ ਪੜ੍ਹਨ ਆਉਂਦੇ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਪਿੰਡ ਦੇ ਯੂਥ ਕਾਂਗਰਸੀ ਆਗੂ ਤੀਰਥ ਸਿੰਘ ਭਾਈਰੂਪਾ ਅਤੇ ਸੋਸਾਇਟੀ ਮੈਂਬਰ ਮੰਦਰ ਸਿੰਘ, ਬੀ.ਕੇ.ਯੂ. ਦੇ ਸੂਬਾ ਮੀਤ ਪ੍ਰਧਾਨ ਨਾਹਰ ਸਿੰਘ ਭਾਈਰੂਪਾ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਾਰੇ ਪਿੰਡ ਦਾ ਪਿੱਛੇ ਤੋਂ ਆ ਰਿਹਾ ਪਾਣੀ ਇਸ ਬਾਘੋ ਵਾਲੇ ਛੱਪੜ ਵਿੱਚੋਂ ਬੰਦ ਕਰਕੇ ਸ਼ੇਲਬਰਾਹ ਵਾਲੇ ਸੀਵਰੇਜ ਨਾਲ ਜੋੜਿਆ ਜਾਵੇ ਅਤੇ ਇਸ ਛੱਪੜ ਵਿੱਚੋਂ ਪਾਣੀ ਚੁੱਕਣ ਵਾਲੀ ਮੋਟਰ ਵੱਡੀ ਕੀਤੀ ਜਾਵੇ ਤਾਂ ਕਿ ਇਸ ਸਮੱਸਿਆ ਦਾ ਹੱਲ ਹੋ ਸਕੇ ਇਸ ਮੌਕੇ ਦਰਸ਼ਨ ਸਿੰਘ ਸਿੱਧੂ, ਕੁਲਦੀਪ ਸਿੰਘ, ਗੁਰਨੈਬ ਸਿੰਘ ਸਿੱਧੂ, ਗੁਰਚਰਨ ਸਿੰਘ ਧਾਲੀਵਾਲ ਅਤੇ ਜਗਸੀਰ ਸਿੰਘ ਹਾਜ਼ਰ ਸਨ।
Punjab Post Daily Online Newspaper & Print Media