
ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਅੱਜ ਇੱਥੇ ਇੱਕ ਰੋਸ਼ ਰੈਲੀ ਕੀਤੀ ਗਈ।ਰੈਲੀ ਉਪਰੰਤ ਸ਼ਹਿਰ ਦੇ ਬਾਹਰ ਬਠਿੰਡਾ-ਚੰਡੀਗੜ੍ਹ ਰੋਡ ਤੇ ਸੰਕੇਤਕ ਧਰਨਾ ਵੀ ਦਿੱਤਾ ਗਿਆ।ਧਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ।ਇਹ ਰੋਸ਼ ਰੈਲੀ ਬਲਾਕ ਪ੍ਰਧਾਨ ਹਰਬੰਸ ਕੌਰ ਦੀ ਅਗਵਾਈ ਵਿੱਚ ਕੀਤੀ ਗਈ।ਯੂਨੀਅਨ ਦੀ ਸੀਨੀਅਰ ਮੀਤ ਪ੍ਰਧਾਨ ਛਿੰਦਰਪਾਲ ਕੌਰ ਦਿਆਲਪੁਰਾ ਤੇ ਹਰਮੀਤ ਕੌਰ ਜ਼ਿਲ੍ਹਾ ਸਕੱਤਰ ਨੇ ਵੀ ਵਿਸ਼ੇਸ਼ ਸਮੂਲੀਅਤ ਕੀਤੀ।ਸੂਬਾ ਆਗੂ ਛਿੰਦਰਪਾਲ ਕੌਰ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 16 ਜੂਨ 2014 ਨੂੰ ਸੂਬਾ ਸਰਕਾਰ ਨੇ ਵਰਕਰਾਂ ਦੇ ਮਾਣ ਮੱਤੇ ਵਿੱਚ ਵਾਧਾ ਕਰਨ ਸਬੰਧੀ ਇੱਕ ਕਮੇਟੀ ਬਣਾ ਕੇ ਰਿਪੋਰਟ ਤਿਆਰ ਕੀਤੀ ਸੀ ਪਰ ਅਜੇ ਤੱਕ ਇਸ ਰਿਪੋਰਟ ਨੂੰ ਜਾਰੀ ਨਹੀਂ ਕੀਤਾ ਗਿਆ।ਇਕੱਠ ਨੇ ਇਸ ਰਿਪੋਰਟ ਨੂੰ ਜਲਦੀ ਜਾਰੀ ਕਰਨ ਦੀ ਮੰਗ ਕੀਤੀ।ਇਸੇ ਤਰ੍ਹਾਂ ਵਰਕਰਾਂ, ਹੈਲਪਰਾਂ ਦੀ ਸੇਵਾ ਮੁਕਤੀ ਨਵੰਬਰ, 2013 ਦੌਰਾਨ ਗਠਿਤ ਕਮੇਟੀ ਦੀ ਰਿਪੋਰਟ ਵੀ ਤੁਰੰਤ ਜਾਰੀ ਕਰਕੇ ਲਾਗੂ ਕਰਨ ਦੀ ਮੰਗ ਕੀਤੀ ਗਈ।ਇਕੱਠ ਵੱਲੋਂ ਪਾਸ ਕੀਤੇ ਗਏ ਮਤਿਆਂ ਵਿਚੋਂ ਏ.ਐਨ.ਐਮ ਦੀ ਭਰਤੀ ਸਬੰਧੀ ਜਾਰੀ ਨੋਟੀਫਿਕੇਟਸ਼ਨ ਲਾਗੂ ਕਰਨ, ਸਮੇਂ ਸਿਰ ਮਾਣ ਭੱਤਾ ਦਿੱਤੇ ਜਾਣ ਤੇ ਆਂਗਣਵਾੜੀ ਵਰਕਰਾਂ ਦੀ ਮੈਡੀਕਲ ਛੁੱਟੀ ਇੱਕ ਮਹੀਨੇ ਦੀ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ ਗਈ।ਇਕੱਠ ਨੂੰ ਕਿਰਪਾਲ ਕੌਰ ਭੂੰਦੜ, ਜਗਦੀਸ ਕੌਰ ਦਿਆਲਪੁਰਾ, ਹਰਜਿੰਦਰ ਕੌਰ ਬਾਲਿਆਂਵਾਲੀ, ਪਰਮਜੀਤ ਕੌਰ ਕੋਟੜਾ ਕੌੜਾ, ਸੋਮਾਵਤੀ ਰਾਮਪੁਰਾ, ਮਹਿੰਦਰ ਕੌਰ ਚਾਉਕੇ, ਕਿਰਨਦੀਪ ਕੌਰ ਰਾਮਪੁਰਾ, ਜਸਵਿੰਦਰ ਕੌਰ, ਰਾਜ ਰਾਣੀ ਆਦਿ ਨੇ ਵੀ ਸੰਬੋਧਿਤ ਕੀਤਾ ।