ਕਪੂਰਥਲਾ, 8 ਜੂਨ (ਪੰਜਾਬ ਪੋਸਟ ਬਿਊਰੋ) – ਕੋਵਿਡ ਮਹਾਂਮਾਰੀ ਨੇ ਭਾਵੇਂ ਸਭਨਾਂ ਲਈ ਜ਼ਿੰਦਗੀ ਨੂੰ ਖੜ੍ਹਾ ਕਰ ਦਿੱਤਾ ਹੈ।ਪਰੰਤੂ ਇਸ ਨੇ ਹਿੰਮਤੀ ਕਿਸਾਨਾਂ ਨੂੰ ਕੁੱਝ
ਨਵਾਂ ਕਰਨ ਤੇ ਨਵੇਂ ਮੌਕੇ ਤਲਾਸ਼ ਕਰਨ ਲਈ ਮਜ਼ਬੂਰ ਕੀਤਾ ਹੈ।ਸਿਰੜੀ ਕਿਸਾਨਾਂ ਨੇ ਇਸ ਮੁਸ਼ਕਲਾਂ ਭਰੇ ਸਮੇਂ ਵਿੱਚ ਵੀ ਬਾਜ਼ੀ ਜਿੱਤ ਕੇ ਹੋਰਨਾਂ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਅਸਾਨ ਬਣਾ ਇਨ੍ਹਾਂ ਔਖੇ ਦਿਨਾਂ ਨੂੰ ਵੀ ਯਾਦਗਾਰੀ ਬਣਾਇਆ ਹੈ।
ਇਸ ਸਮੇਂ ਜਦੋਂ ਹਰ ਕੋਈ ਲੇਬਰ ਦੀ ਸਮੱਸਿਆ ਬਾਰੇ ਸੋਚ ਰਿਹਾ ਹੈ, ਤਾਂ ਜ਼ਿਲ੍ਹੇ ਦੇ ਪਿੰਡ ਨਾਨੋ ਮੱਲ੍ਹੀਆਂ ਦੇ ਉਦਮੀ ਕਿਸਾਨ ਕਿਸਾਨ ਜਗਤਾਰ ਸਿੰਘ ਜੱਗਾ ਨੇ ਪੈਡੀ ਟਰਾਂਸਪਲਾਂਟਰ ਮਸ਼ੀਨ ਲਈ ਮੈਟ ’ਤੇ ਪਨੀਰੀ ਬੀਜਣ ਲਈ ਇਕ ਨਵੀਂ ਮਸ਼ੀਨ ਤਿਆਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।ਕਿਸਾਨਾਂ ਵੱਲੋਂ ਇਸ ਮਸ਼ੀਨ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ।
ਅਜਿਹੇ ਹਾਲਾਤ ਵਿਚ ਬਲਾਕ ਢਿੱਲਵਾਂ ਦੇ ਪਿੰਡ ਚੱਕੋਕੀ ਦੇ ਨੌਜਵਾਨ ਗੁਰਸਿਮਰਨ ਸਿੰਘ, ਜਗਤਾਰ ਸਿੰਘ ਅਤੇ ਵਰਿੰਦਰ ਸਿੰਘ ਨੇ ਮਿਲ ਕੇ ਮਜ਼ਦੂਰਾਂ ਦੀ ਘਾਟ ਨੂੰ ਭਾਂਪਦਿਆਂ ਕੁੱਝ ਨਵਾਂ ਕਰਨ ਦਾ ਮਨ ਬਣਾਇਆ ਅਤੇ ਮਿਲ ਕੇ ਆਪਣੀ ਤੇ ਹੋਰਨਾਂ ਕਿਸਾਨਾਂ ਦੀ ਕਿਰਾਏ ’ਤੇ ਝੋਨੇ ਦੀ ਲਵਾਈ ਦਾ ਪਹਿਲੇ ਸਾਲ ਹੀ ਨਵਾਂ ਤਜ਼ਰਬਾ ਕਰਨ ਦਾ ਸੋਚਿਆ।ਵਿਦੇਸ਼ ਜਾਣ ਦੀ ਸੋਚ ਨੂੰ ਪਿਛਾਂਹ ਛੱਡ ਕੇ ਸਾਥੀਆਂ ਨਾਲ ਮਿਲ ਕੇ ਦੇਰ ਰਾਤ ਤੱਕ ਨਵੇਂ-ਨਵੇਂ ਤਰੀਕਿਆਂ ਨਾਲ ਜੂਝ ਕੇ ਪਹਿਲੇ ਹੀ ਸਾਲ ਰਘਬੀਰ ਸਿੰਘ ਦੇ ਖੇਤਾਂ ਵਿਚ 100 ਏਕੜ ਦੀ ਪਨੀਰੀ ਬੀਜ ਚੁੱਕੇ ਇਨ੍ਹਾਂ ਨੌਜਵਾਨਾਂ ਨੇ ਹੌਲੀ-ਹੌਲੀ ਇਸ ਤਕਨੀਕ ਦੀਆਂ ਬਾਰੀਕੀਆਂ ਨੂੰ ਸਮਝ ਕੇ ਮੁਹਾਰਤ ਪਾ ਲਈ ਹੈ ‘ਲੋੜ ਕਾਢ ਦੀ ਮਾਂ ਹੈ’ ਦੇ ਸਿਧਾਂਤ ਨੂੰ ਮੰਨਦਿਆਂ ਗੁਰਸਿਮਰਨ ਦੀ ਅਗਵਾਈ ਹੇਠ ਇਨ੍ਹਾਂ ਅਸੰਭਵ ਨੂੰ ਸੰਭਵ ਕਰ ਵਿਖਾਇਆ। ਪਹਿਲੇ ਹੀ ਸਾਲ ਇੰਨੇ ਵੱਡੇ ਰਕਬੇ ਲਈ ਪਨੀਰੀ ਬੀਜਣਾ ਤੇ ਪਾਲਣਾ ਸੌਖਾ ਕੰਮ ਨਹੀਂ, ਜੋ ਕਿ ਬੇਹੱਦ ਸਲਾਹੁਣਯੋਗ ਹੈ।
ਖੇਤੀਬਾੜੀ ਵਿਭਾਗ ਵੱਲੋਂ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਮਸ਼ੀਨ ਨਾਲ ਝੋਨੇ ਦੀ ਲਵਾਈ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ, ਜਿਸ ਦੀ ਨੀਂਹ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਕਾਹਨ ਸਿੰਘ ਪੰਨੂੰ ਨੇ ਰੱਖੀ ਸੀ, ਜਿਸ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਇਹ ਨੌਜਵਾਨ ਇਸ ਪ੍ਰਤੱਖ ਪ੍ਰਮਾਣ ਹਨ।ਇਨ੍ਹਾਂ ਕਿਸਾਨਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਨੌਜਵਾਨ ਕੁੱਝ ਵੀ ਕਰ ਸਕਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਨਾਜ਼ਰ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਮਸ਼ੀਨ ਨਾਲ ਝੋਨੇ ਦੀ ਲਵਾਈ ਨਾਲ ਮਜ਼ਦੂਰਾਂ ਦੀ ਕਮੀ ਨੂੰ ਘੱਟ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਝੋਨੇ ਦੀ ਲਵਾਈ ਵਿਚ ਮਸ਼ੀਨੀਕਰਨ ਲਿਆ ਕੇ ਇਸ ਮਸੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਹੁਣ ਤੱਕ ਜ਼ਿਲੇ੍ਹ ਵਿਚ ਤਕਰੀਬਨ 65 ਪੈਡੀ ਟਰਾਂਸਪਲਾਂਟਰ ਅਤੇ 121 ਸਿੱਧੀ ਬਿਜਾਈ ਲਈ ਡਰਿੱਲ ਮਸ਼ੀਨਾਂ ਉਪਦਾਨ ’ਤੇ ਮੁਹੱਈਆ ਕਰਵਾਈਆਂ ਗਈਆਂ ਹਨ, ਜਿਨ੍ਹਾਂ ਨਾਲ ਲੱਗਭਗ 30 ਹਜ਼ਾਰ ਹੈਕਟੇਅਰ ਰਕਬੇ ਵਿਚ ਝੋਨੇ ਦੀ ਲਵਾਈ ਵਿਚ ਮਸ਼ੀਨੀਕਰਨ ਹੋਣ ਦੀ ਸੰਭਾਵਨਾ ਹੈ।ਉਨ੍ਹਾਂ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਦੇ ਬਹੁਤ ਸਾਰੇ ਉਦਮੀ ਕਿਸਾਨ ਇਸ ਔਖੀ ਘੜੀ ‘ਚ ਇਕ-ਦੂਜੇ ਦਾ ਸਹਾਰਾ ਬਣ ਰਹੇ ਹਨ, ਜਿਸ ਤੋਂ ਚੰਗੇ ਨਤੀਜੇ ਮਿਲਣ ਦੀ ਆਸ ਹੈ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media