ਰਿਸ਼ਵਤ ਲੈ ਕੇ ਲੀਜ਼ ਡੀਡ ਦੀਆਂ ਰਸੀਦਾਂ ਜਾਰੀ ਕਰਨ ਲਈ ਹੋਇਆ ਸੀ ਰਾਜ਼ੀ
ਭੀਖੀ/ਮਾਨਸਾ, 9 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ
ਵਿਜੀਲੈਂਸ ਬਿਊਰੋ ਯੂਨਿਟ ਮਾਨਸਾ ਦੀ ਟੀਮ, ਜਿਸ ਦੀ ਅਗਵਾਈ ਉਪ ਕਪਤਾਨ ਪੁਲਿਸ ਸੰਦੀਪ ਸਿੰਘ ਕਰ ਰਹੇ ਸਨ, ਵਲੋਂ ਵਕਫ਼ ਬੋਰਡ ਮਾਨਸਾ ਦੇ ਦਫ਼ਤਰ ਵਿੱਚ ਤਾਇਨਾਤ ਰੈਂਟ ਕਲਰਕ ਜਾਵੇਦ ਇਕਬਾਲ ਨੂੰ ਮੁਦੱਈ ਜਗਦੀਸ਼ ਸਿੰਘ ਪਾਸੋਂ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ।
ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਜਗਦੀਸ਼ ਸਿੰਘ ਵਾਸੀ ਕਲਾਣਾ, ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਵਲੋਂ ਵਿਜੀਲੈਂਸ ਦਫ਼ਤਰ ਮਾਨਸਾ ਪੁੱਜ ਕੇ ਬਿਆਨ ਲਿਖਵਾਇਆ ਗਿਆ ਕਿ ਉਸ ਵਲੋਂ ਪਿੰਡ ਕਲਾਣਾ ਵਿਖੇ ਵਕਫ਼ ਬੋਰਡ ਦੀ ਮਾਲਕੀ ਵਾਲੀ ਕਰੀਬ 8 ਕਨਾਲ ਜ਼ਮੀਨ ਸਾਲ 1994 ਤੋਂ ਲੈ ਕੇ 2020 ਤੱਕ ਪਟੇ `ਤੇ ਲਈ ਸੀ, ਜਿਸ ਦੀ ਲੀਜ਼ 31 ਮਾਰਚ 2020 ਨੂੰ ਖ਼ਤਮ ਹੋ ਗਈ ਸੀ, ਜਿਸ `ਤੇ ਉਸ ਵਲੋਂ ਜ਼ਮੀਨ ਦੁਬਾਰਾ ਲੀਜ਼ ਦੇ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਵਕਫ਼ ਬੋਰਡ ਵਲੋਂ ਸ਼ਿਕਾਇਤਕਰਤਾ ਨੂੰ ਲੀਜ਼ `ਤੇ ਲਈ ਜ਼ਮੀਨ ਵਿਚੋਂ 1 ਕਨਾਲ 5 ਮਰਲੇ ਜ਼ਮੀਨ ਨੂੰ ਕਮਰਸ਼ੀਅਲ ਲੀਜ਼ ਵਿੱਚ ਤਬਦੀਲ ਕਰਵਾਉਣ ਲਈ ਕਿਹਾ ਗਿਆ, ਜਿਸ `ਤੇ ਸ਼ਿਕਾਇਤਕਰਤਾ ਨੇ ਇਹ ਜ਼ਮੀਨ ਵੀ ਕਮਰਸ਼ੀਅਲ ਲੀਜ਼ `ਤੇ ਆਪਣੇ ਨਾਮ ਕਰਵਾ ਲਈ।ਜਿਸ ਦੇ ਕਿਰਾਏ ਦੀ ਇਵਜ਼ ਵਿਚ ਜਾਵੇਦ ਇਕਬਾਲ ਵਲੋਂ ਕੁੱਝ ਦਿਨ ਪਹਿਲਾਂ ਉਸ ਪਾਸੋਂ 47,000/- ਰੁਪਏ ਹਾਸਲ ਕਰ ਲਏ ਗਏ ਸੀ, ਪਰ ਇਸ ਦੀ ਕੋਈ ਰਸੀਦ ਜਾਰੀ ਨਹੀਂ ਸੀ ਕੀਤੀ ਗਈ।ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਵਲੋਂ ਵਕਫ਼ ਬੋਰਡ ਦੀ ਕਰੀਬ 1,16,000/- ਰੁਪਏ ਦੀ ਹੋਰ ਰਾਸ਼ੀ ਭਰਾਉਣ ਯੋਗ ਬਣਦੀ ਸੀ, ਪਰੰਤੂ ਉਕਤ ਕਲਰਕ ਸ਼ਿਕਾਇਤਕਰਤਾ ਵਲੋਂ 50,000/- ਰੁਪਏ ਦੀ ਹੋਰ ਵਾਧੂ ਰਕਮ ਰਿਸ਼ਵਤ ਵਜੋਂ ਮੰਗ ਰਿਹਾ ਸੀ।ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਵਲੋਂ ਮਿੰਨਤ ਤਰਲਾ ਕਰਨ `ਤੇ ਉਹ 20,000/- ਰੁਪਏ ਰਿਸ਼ਵਤ ਲੈ ਕੇ ਲੀਜ਼ ਡੀਡ ਸਬੰਧੀ ਰਸੀਦਾਂ ਜਾਰੀ ਕਰਨ ਲਈ ਰਾਜ਼ੀ ਹੋ ਗਿਆ।
ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਵਿਜੀਲੈਂਸ ਵਲੋਂ ਇਸ ਸਬੰਧ ਵਿੱਚ ਪੀ.ਸੀ ਐਕਟ 1988 ਐਜ ਅਮੈਡਿਡ ਬਾਏ 2018 ਤਹਿਤ ਮੁਕੱਦਮਾ ਦਰਜ਼ ਕਰਕੇ ਕਲਰਕ ਜਾਵੇਦ ਇਕਬਾਲ ਨੂੰ ਟਰੈਪ ਲਗਾ ਦੇ ਉਸਦੇ ਦਫ਼ਤਰ ਵਿਚੋਂ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਕਾਬੂ ਕੀਤਾ ਗਿਆ ਅਤੇ ਉਸ ਪਾਸੋਂ ਰਿਸ਼ਵਤ ਵਜੋਂ ਹਾਸਲ ਕੀਤੀ ਗਈ ਰਕਮ 20,000/- ਰੁਪਏ ਬਰਾਮਦ ਕੀਤੀ ਗਈ।
Punjab Post Daily Online Newspaper & Print Media