Thursday, July 3, 2025
Breaking News

ਹਥਿਆਰਾਂ ਸਮੇਤ ਲਸ਼ਕਰ-ਏ-ਤੋਇਬਾ ਦਾ ਤੀਜ਼ਾ ਕਾਰਕੁੰਨ ਪਠਾਨਕੋਟ ਤੋਂ ਕਾਬੂ – ਡੀ.ਜੀ.ਪੀ

ਚੰਡੀਗੜ੍ਹ, 14 ਜੂਨ (ਪੰਜਾਬ ਪੋਸਟ ਬਿਊਰੋ) – ਕਸ਼ਮੀਰ ਵਾਦੀ ਵਿੱਚ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਜੰਮੂ ਕਸ਼ਮੀਰ ਨਾਲ ਸਬੰਧਤ ਦੋ ਲਸ਼ਕਰ-ਏ-ਤੋਇਬਾ ਦੇ ਕਾਰਕੁੰਨ ਆਮਿਰ ਹੁਸੈਨ ਵਾਨੀ ਅਤੇ ਵਸੀਮ ਹਸਨ ਵਾਨੀ ਦੀ ਗ੍ਰਿਫਤਾਰੀ ਤੋਂ ਇਕ ਦਿਨ ਬਾਅਦ, ਪੰਜਾਬ ਪੁਲਿਸ ਨੇ ਸ਼ੁਕਰਵਾਰ ਨੂੰ ਉਨ੍ਹਾਂ ਦੇ ਤੀਜੇ ਸਾਥੀ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ, ਜਦੋਂ ਉਹ ਕਸ਼ਮੀਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
              ਡੀ.ਜੀ.ਪੀ ਦਿਨਕਰ ਗੁਪਤਾ ਅਨੁਸਾਰ ਤੀਜੇ ਸ਼ੱਕੀ ਅੱਤਵਾਦੀ ਦੀ ਪਛਾਣ ਜਾਵੇਦ ਅਹਿਮਦ ਭੱਟ (29 ਸਾਲ) ਪੁੱਤਰ ਗੁਲਾਮ ਅਹਿਮਦ ਭੱਟ ਵਾਸੀ ਪਿੰਡ ਸ਼ਰਮਲ, ਜਿਲ੍ਹਾ ਸ਼ੋਪੀਆਂ (ਜੰਮੂ ਕਸ਼਼ਮੀਰ) ਵਜੋਂ ਹੋਈ ਹੈ।ਪਠਾਨਕੋਟ ਪੁਲਿਸ ਵਲੋਂ ਉਸ ਨੂੰ ਅੰਮ੍ਰਿਤਸਰ-ਜੰਮੂ ਹਾਈਵੇਅ `ਤੇ ਧੋਬੜਾ ਪੁਲ ਪਠਾਨਕੋਟ ਤੋਂ ਉਸ ਦੇ ਟਰੱਕ ਨੰਬਰ ਜੇ.ਕੇ-22- 8711 ਸਮੇਤ ਰੋਕ ਕੇ ਗ੍ਰਿਫਤਾਰ ਕਰ ਲਿਆ।
          ਡੀ.ਜੀ.ਪੀ ਦਿਨਕਰ ਗੁਪਤਾ ਅਨੁਸਾਰ ਜਾਵੇਦ ਉਸੇ ਹੀ ਪਿੰਡ ਦਾ ਰਹਿਣ ਵਾਲਾ ਹੈ, ਜਿਥੇ ਦੇ ਪਹਿਲਾਂ ਫੜੇ ਲਸ਼ਕਰ ਦੇ ਦੋ ਹੋਰ ਕਾਰਕੁੰਨ ਹਨ ਅਤੇ ਇਹ ਉਨ੍ਹਾਂ ਦਾ ਬਚਪਨ ਦਾ ਦੋਸਤ ਹੈ। ਜਾਵੇਦ ਦੀ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਾ ਹੈ ਕਿ ਉਹ ਦੂਸਰੇ ਸਾਥੀਆਂ ਆਮਿਰ ਅਤੇ ਵਸੀਮ ਦੇ ਨਾਲ ਕਸ਼ਮੀਰ ਘਾਟੀ ਤੋਂ ਅੰਮ੍ਰਿਤਸਰ ਫਲ ਅਤੇ ਸਬਜ਼ੀਆਂ ਲਿਆਉਣ ਦੀ ਆੜ ਵਿਚ ਹਥਿਆਰਾਂ ਦੀ ਖੇਪ ਇਕੱਠੀ ਕਰਨ ਲਈ ਉਹ ਦੋ ਟਰੱਕਾਂ ਵਿਚ ਆਏ ਸਨ ਅਤੇ 11 ਜੂਨ ਨੂੰ ਵੱਲਾ ਰੋਡ ਦੇ ਕੋਲੋਂ ਖੇਪ ਚੁੱਕ ਕੇ, ਆਮਿਰ ਅਤੇ ਵਸੀਮ ਨੇ ਜਾਵੇਦ ਨੂੰ ਅੰਮ੍ਰਿਤਸਰ ਵਿੱਚ ਪਿੱਛੇ ਰਹਿਣ ਲਈ ਕਿਹਾ ਸੀ ਤਾਂ ਜੋ ਕਿ ਲਸ਼ਕਰ ਦੇ ਇਸ਼ਫਾਕ ਅਹਿਮਦ ਡਾਰ ਉਰਫ ਬਸ਼ੀਰ ਅਹਿਮਦ ਖਾਨ ਦੇ ਨਿਰਦੇਸ਼ਾਂ ‘ਤੇ ਹਥਿਆਰਾਂ ਦੇ ਵਪਾਰੀ ਨਾਲ ਸੰਪਰਕ ਬਣਾਇਆ ਜਾ ਸਕੇ।
                  ਡੀ.ਜੀ.ਪੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਅੱਤਵਾਦੀਆਂ ਦੇ ਪੰਜਾਬ, ਜੰਮੂ ਤੇ ਕਸ਼ਮੀਰ ਵਿਚ ਮੌਜੂਦ ਹੋਰ ਕੜੀਆਂ ਤੇ ਸਬੰਧਾਂ ਦੀ ਅਗਲੇਰੀ ਜਾਂਚ ਜਾਰੀ ਹੈ।ਗੁਪਤਾ ਨੇ ਕਿਹਾ ਕਿ ਪ੍ਰਾਪਤ ਖੁਫੀਆ ਜਾਣਕਾਰੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਪਾਕਿ ਦੀ ਏਜੰਸੀ ਆਈ.ਐਸ.ਆਈ, ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਪੰਜਾਬ ਅਤੇ ਕਸ਼ਮੀਰ ਦੀ ਸਰਹੱਦ ਤੋਂ ਹਥਿਆਰਾਂ ਦੀ ਖੇਪ ਅਤੇ ਘੁਸਪੈਠ ਕਰਨ ਵਾਲੇ ਅੱਤਵਾਦੀ ਭੇਜ਼ ਰਿਹਾ ਹੈ।
                 ਇਸ ਤੋਂ ਪਹਿਲਾਂ, 25 ਅਪ੍ਰੈਲ 2020 ਨੂੰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਦੇ ਇਕ ਹੋਰ ਨੌਜਵਾਨ, ਹਿਲਾਲ ਅਹਿਮਦ ਵਾਗੇ, ਜੋ ਕਿ ਮਾਰੇ ਗਏ ਹਿਜ਼ਬੁਲ ਮੁਜਾਹਾਦੀਨ ਦੇ ਕਮਾਂਡਰ ਰਿਆਜ਼ ਅਹਿਮਦ ਨਾਇਕੂ ਦੇ ਨਿਰਦਸ਼ਾਂ `ਤੇ, ਅੰਮ੍ਰਿਤਸਰ ਤੋਂ ਨਸ਼ਲੇ ਪਦਾਰਥ ਲੈਣ ਲਈ ਆਇਆ ਸੀ, ਨੂੰ ਗ੍ਰਿਫਤਾਰ ਕੀਤਾ ਸੀ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …