ਠੀਕ ਹੋਣ ‘ਤੇ ਤਿੰਨ ਹੋਰ ਵਿਅਕਤੀਆਂ ਦੀ ਆਈਸੋਲੇਸ਼ਨ ਵਾਰਡ ਤੋਂ ਹੋਈ ਛੁੱਟੀ
ਪਟਿਆਲਾ 17 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਪੈਡਿੰਗ 1186 ਸੈਂਪਲਾਂ
ਵਿਚੋਂ 286 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟਾਂ ਵਿਚੋਂ 274 ਨੈਗੇਟਿਵ ਅਤੇ 12 ਕੋਵਿਡ ਪੌਜਟਿਵ ਪਾਏ ਗਏ ਹਨ, ਜਿਨ੍ਹਾਂ ਵਿਚ 11 ਰਜਿੰਦਰਾ ਹਸਪਤਾਲ ਵਿਚ ਤਾਇਨਾਤ ਨਰਸਾਂ ਅਤੇ ਮੁਲਾਜ਼ਮ ਹਨ।ਇੱਕ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਮਰੀਜ਼ ਹੈ।ਬਾਕੀ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਰਜਿੰਦਰਾ ਹਸਪਤਾਲ ਵਿਚ ਸਟਾਫ਼ ਨਰਸਾਂ ਦੇ ਕੋਵਿਡ ਪੌਜ਼ਟਿਵ ਆਉਣ ਤੇ ਉਨ੍ਹਾਂ ਦੇ ਨੇੜੇ ਅਤੇ ਦੂਰ ਦੇ ਸੰਪਰਕ ਵਿੱਚ ਆਏ ਤਕਰੀਬਨ 60 ਨਰਸਾਂ/ ਮੁਲਾਜ਼ਮਾਂ ਦੇ ਬੀਤੇ ਦਿਨਾਂ ਵਿਚ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਸਨ।ਇੰਨੀ ਬਰੀਕੀ ਵਿਚ ਕੀਤੀ ਟਰੇਸਿੰਗ ਕਾਰਨ ਪੈਡਿੰਗ ਸੈਂਪਲਾਂ ਦੀ ਰਿਪੋਰਟ ਆਉਣ ’ਤੇ ਉਨ੍ਹਾਂ ਵਿਚੋਂ ਰਾਜਿੰਦਰਾ ਹਸਪਤਾਲ ਦੇ 6 ਨਰਸਾਂ ਅਤੇ 5 ਮੁਲਾਜ਼ਮ ਕੋਵਿਡ ਪੌਜਟਿਵ ਪਾਏ ਗਏ ਹਨ।ਇਸ ਤੋਂ ਇਲਾਵਾ ਰਾਜਿੰਦਰਾ ਹਸਪਤਾਲ ਵਿਚ ਹੀ ਕਿਸੇ ਹੋਰ ਬਿਮਾਰੀ ਕਾਰਨ ਦਾਖਲ ਰਣਬੀਰ ਪੁਰਾ ਪਟਿਆਲਾ ਦੀ ਰਹਿਣ ਵਾਲੀ 47 ਸਾਲਾ ਔਰਤ ਵੀ ਕੋਵਿਡ ਪੌਜ਼ਟਿਵ ਪਾਈ ਗਈ ਹੈ।
ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਇਹਨਾਂ ਪੌਜਟਿਵ ਕੇਸਾਂ ਨੂੰ ਨਵੀਂ ਪਾਲਿਸੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫ਼ਟ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਇਹਨਾਂ ਪੌਜ਼ਟਿਵ ਕੇਸਾਂ ਦੀ ਕੰਟੈਕਟ ਟਰੇਸਿੰਗ ਕਰਕੇ ਨੇੜੇ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲੈਣ ਦੀ ਪ੍ਰਕਿਰਿਆ ਜਾਰੀ ਰਹੇਗੀ।
ਡਾ. ਮਲਹੋਤਰਾ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਅੱਜ ਤਿੰਨ ਹੋਰ ਮਰੀਜ਼ ਜਿਨ੍ਹਾਂ ਵਿਚੋਂ ਇੱਕ ਅਫ਼ਸਰ ਕਲੋਨੀ ਅਤੇ ਦੋ ਡੀ.ਐਮ.ਡਬਲਿਊ ਪਟਿਆਲਾ ਦੇ ਰਹਿਣ ਵਾਲੇ ਹਨ, ਨੂੰ ਵੀ ਕੋਵਿਡ ਤੋਂ ਠੀਕ ਹੋਣ ‘ਤੇ ਹਦਾਇਤਾਂ ਅਨੁਸਾਰ ਰਾਜਿੰਦਰਾ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।ਇਸ ਤਰਾਂ ਹੁਣ ਤੱਕ ਕਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 130 ਹੋ ਗਈ ਹੈ।
ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਵਿਦੇਸ਼ਾਂ ਤੋਂ ਆ ਰਹੇ ਯਾਤਰੀ ਜੋ ਕਿ ਸਰਕਾਰੀ ਕੁਆਰਨਟੀਨ ਫੈਸੀਲਿਟੀ ਹੋਟਲ ਜਾਂ ਗੁਰਦੁਆਰਾ ਸਾਹਿਬ ਵਿਖੇ ਰਹਿ ਰਹੇ ਹਨ ਅਤੇ ਬਾਹਰੀ ਰਾਜਾਂ ਤੋਂ ਆ ਰਹੇ ਵਿਅਕਤੀ ਜੋ ਕਿ ਆਪਣੇ ਘਰਾਂ ਵਿਚ ਇਕਾਂਤਵਾਸ ਵਿਚ ਰਹਿ ਰਹੇ ਹਨ, ਸਿਹਤ ਵਿਭਾਗ ਦੀਆਂ ਆਰ.ਆਰ.ਟੀ ਟੀਮਾਂ ਵੱਲੋਂ ਉਨ੍ਹਾਂ ਦੀ ਸਮੇਂ ਸਮੇਂ ਸਿਹਤ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਬਹੁਤ ਸਾਰੇ ਲੋਕ ਜੋ ਕਿ ਘਰਾਂ ਵਿਚ ਇਕਾਂਤਵਾਸ(ਕੁਆਰਨਟੀਨ) ਕੀਤੇ ਗਏ ਹਨ ਉਹ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬਾਹਰ ਘੁੰਮ ਰਹੇ ਹਨ ਅਤੇ ਕਈਆਂ ਵਲੋਂ ਘਰਾਂ ਦੇ ਬਾਹਰ ਲੱਗੇ ਘਰ ਵਿੱਚ ਇਕਾਂਤਵਾਸ ਦੇ ਸਟਿੱਕਰ ਫਾੜੇ ਜਾ ਰਹੇ ਹਨ।ਜਿਸ ਦਾ ਸਖ਼ਤ ਨੋਟਿਸ ਲੈਂਦੇ ਹੋਏ ਉਨ੍ਹਾਂ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਟੀਮਾਂ ਨੂੰ ਅਜਿਹਾ ਕੁੱਝ ਜਾਂਚ ਦੌਰਾਨ ਮਿਲਦਾ ਹੈ ਤਾਂ ਉਹ ਉਸ ਦੀ ਸੂਚਨਾ ਤੁਰੰਤ ਨਾਲ ਲਗਦੇ ਸਬੰਧਤ ਥਾਣੇ ਵਿਚ ਦੇਣ ਤਾਂ ਜੋ ਅਜਿਹੇ ਵਿਅਕਤੀਆਂ ਵਿਰੁੱਧ ਐਕਟ ਅਨੁਸਾਰ ਕਾਰਵਾਈ ਕੀਤੀ ਜਾ ਸਕੇ ਅਤੇ ਜੁਰਮਾਨੇ ਕੀਤੇ ਜਾ ਸਕਣ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੁੱਲ 602 ਸੈਂਪਲ ਲਏ ਗਏ ਹਨ।ਜਿਨ੍ਹਾਂ ਵਿਚੋਂ ਪੌਜ਼ਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾਂ ਤੋਂ ਆ ਰਹੇ ਯਾਤਰੀਆਂ, ਲੇਬਰ, ਫਲੂ ਲੱਛਣਾਂ ਵਾਲੇ ਮਰੀਜ਼, ਟੀ.ਬੀ ਮਰੀਜ਼, ਸਿਹਤ ਵਿਭਾਗ ਦੇ ਫ਼ਰੰਟਲਾਈਨ ਵਰਕਰ, ਪੁਲਿਸ ਮੁਲਾਜ਼ਮ, ਸੈਨੇਟਰੀ ਵਰਕਰ ਆਦਿ ਦੇ ਲਏ ਗਏ ਸੈਂਪਲ ਸ਼ਾਮਲ ਹਨ।ਜਿਨ੍ਹਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।
ਜਿਲ੍ਹੇ ਵਿੱਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜਿਲ੍ਹੇ ਵਿੱਚ ਕੋਵਿਡ ਜਾਂਚ ਸਬੰਧੀ 14330 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾਂ ਵਿਚੋਂ ਜਿਲ੍ਹਾ ਪਟਿਆਲਾ 193 ਕੋਵਿਡ ਪੌਜ਼ਟਿਵ, 12580 ਨੈਗੇਟਿਵ ਅਤੇ 1537 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜ਼ਟਿਵ ਕੇਸਾਂ ਵਿੱਚੋਂ ਤਿੰਨ ਪੌਜ਼ਟਿਵ ਕੇਸ ਦੀ ਮੌਤ ਹੋ ਚੁੱਕੀ ਹੈ, 130 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 60 ਹੈ ।
Punjab Post Daily Online Newspaper & Print Media