4 ਪੁਲਿਸ ਕਰਮਚਾਰੀ ਤੇ ਇਕ ਫਰੀਦਾਬਾਦ ਤੋਂ ਪਰਤਿਆ ਸੀ ਵਿਅਕਤੀ – ਡੀ.ਸੀ
ਬਠਿੰਡਾ, 17 ਜੂਨ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜ਼ਿਲੇ ਵਿੱਚ ਅੱਜ ਕੋਵਿਡ-19 ਬਿਮਾਰੀ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ।ਡਿਪਟੀ ਕਮਿਸ਼ਨਰ ਬੀ.ਸ੍ਰੀ
ਨਿਵਾਸਨ ਨੇ ਦੱਸਿਆ ਕਿ ਇਸ ਨਾਲ ਹੁਣ ਜ਼ਿਲੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 7 ਹੋ ਗਈ ਹੈ।ਉਨਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਬਿਮਾਰੀ ਦੇ ਪਸਾਰ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦਾ ਸਖ਼ਤੀ ਨਾਲ ਪਾਲਣ ਕਰਨ ਅਤੇ ਘਰੋਂ ਘੱਟ ਤੋਂ ਘੱਟ ਬਾਹਰ ਨਿਕਲਣ।
ਡਿਪਟੀ ਕਮਿਸ਼ਨਰ ਨੇ ਦਸਿਆ ਕਿ ਅੱਜ ਜੋ 5 ਲੋਕ ਪਾਜਿਟਿਵ ਆਏ ਹਨ ਉਨਾਂ ਵਿਚ 4 ਪੁਲਿਸ ਮੁਲਾਜ਼ਮ ਹਨ, ਅਤੇ ਇਕ ਵਿਅਕਤੀ ਫਰੀਦਾਬਾਦ ਤੋਂ ਪਰਤਿਆ ਸੀ। ਫਰੀਦਾਬਾਦ ਤੋਂ ਪਰਤਿਆ ਸਖ਼ਸ ਆਪਣੇ ਘਰ ਵਿਚ ਇਕਾਂਤਵਾਸ ਵਿਚ ਸੀ ਅਤੇ ਆਪਣੇ ਕੰਮ ਵਾਲੀ ਥਾਂ ਨਹੀਂ ਗਿਆ ਸੀ। ਪੰਜਾਂ ਵਿਚੋਂ ਤਿੰਨ ਪੁਰਸ਼ ਅਤੇ 2 ਔਰਤਾਂ ਹਨ ਅਤੇ ਸਾਰੇ ਬਾਲਗ ਹਨ।
ਇਸ ਸਬੰਧੀ ਐਸ.ਐਸ.ਪੀ ਡਾ: ਨਾਨਕ ਸਿੰਘ ਨੇ ਦੱਸਿਆ ਕਿ 4 ਪੁਲਿਸ ਮੁਲਾਜਮਾਂ ਦੇ ਕਰੋਨਾ ਪਾਜ਼ਟਿਵ ਆਉਣ ਤੋਂ ਬਾਅਦ ਪੁਲਿਸ ਵਿਭਾਗ ਵਲੋਂ ਸਾਰੇ ਸੁਰੱਖਿਆ ਉਪਾਅ ਕੀਤੇ ਜਾ ਰਹੇ ਹਨ।ਜਿਸ ਤਹਿਤ ਲਗਭਗ 4 ਦਰਜ਼ਨ ਪੁਲਿਸ ਕਰਮਚਾਰੀਆਂ ਨੂੰ ਇਕਾਂਤਵਾਸ ਵਿਚ ਭੇਜਿਆ ਜਾ ਰਿਹਾ ਹੈ।ਮਹਿਲਾ ਥਾਣੇ ਦੇ ਸਾਰੇ ਸਟਾਫ ਨੂੰ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ ਅਤੇ ਥਾਣੇ ਨੂੰ ਸੈਨੇਟਾਈਜ਼ ਕੀਤਾ ਜਾਵੇਗਾ।ਇੱਥੇ ਨਵੇਂ ਐਸ.ਐਚ.ਓ ਦੀ ਤਾਇਨਾਤੀ ਕੀਤੀ ਜਾ ਰਹੀ ਹੈ।ਚਾਰਾਂ ਵਿਚੋਂ ਇੱਕ ਮੁਲਾਜ਼ਮ ਇਸ ਥਾਣੇ ਤੋਂ ਸੀ।ਇਸੇ ਤਰਾਂ ਇੱਕ ਮੁਲਾਜ਼ਮ ਵਰਧਮਾਨ ਚੌਕੀ ਨਾਲ ਸਬੰਧਤ ਸੀ।ਜਿਸ ਦੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।ਜਦਕਿ ਕੈਂਟ ਅਤੇ ਸਿਵਲ ਲਾਈਨ ਥਾਣੇ ਦਾ ਇੱਕ ਇੱਕ ਮੁਲਾਜਮ ਪਿੱਛਲੇ ਦਿਨੀ ਥਾਣੇ ਤੋਂ ਬਾਹਰ ਡਿਊਟੀ ਤੇ ਸੀ ਅਤੇ ਥਾਣੇ ਨਹੀਂ ਗਿਆ ਹੈ।ਫਿਰ ਵੀ ਇੰਨਾਂ ਦੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
Punjab Post Daily Online Newspaper & Print Media