Saturday, April 18, 2026

ਮੀਰੀ-ਪੀਰੀ ਦਿਵਸ ਮੌਕੇ ਸਰਬੱਤ ਦਾ ਭਲਾ ਟਰੱਸਟ ਨੇ ਢਾਡੀ ਸਿੰਘਾਂ ਨੂੰ ਵੰਡਿਆ ਰਾਸ਼ਨ

ਡਾ. ਓਬਰਾਏ ਦੇ ਸੇਵਾ ਕਾਰਜਾਂ ਸਦਕਾ ਪੂਰੀ ਦੁਨੀਆਂ ‘ਚ ਸਿੱਖ ਕੌਮ ਦੀ ਸ਼ਾਖ ਵਧੀ – ਐਮ.ਏ

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਕਿਰਤ ਕਰੋ ਤੇ ਵੰਡ ਛਕੋ ਨੂੰ ਸਹੀ ਅਰਥਾਂ `ਚ ਆਪਣੀ ਜ਼ਿੰਦਗੀ `ਚ ਲਾਗੂ ਕਰਕੇ ਪੂਰੀ ਦੁਨੀਆਂ ‘ਚ ਮਿਸਾਲ ਬਣੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਪ੍ਰਭਾਵਿਤ ਹੋਏ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣ ਦੀ ਵਿੱਢੀ ਗਈ ਮੁਹਿੰਮ ਦੇ ਤੀਸਰੇ ਪੜਾਅ ਤਹਿਤ ਮੀਰੀ ਪੀਰੀ ਦਿਵਸ ਮੌਕੇ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਨਾਲ ਸਬੰਧਤ 50 ਢਾਡੀ ਸਿੰਘਾਂ ਦੇ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।
               ਰਾਸ਼ਨ ਵੰਡਣ ਪਹੁੰਚੇ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜਨਰਲ ਸਕੱਤਰ ਮਨਪ੍ਰੀਤ ਸੰਧੂ, ਵਿੱਤ ਸਕੱਤਰ ਨਵਜੀਤ ਸਿੰਘ ਘਈ, ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਆਦਿ ਨੇ ਦੱਸਿਆ ਕਿ ਡਾ. ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਅੰਮ੍ਰਿਤਸਰ ਜ਼ਿਲੇ ਅੰਦਰ ਤੀਜੇ ਪੜਾਅ ਤਹਿਤ ਬੀਤੇ ਦੋ ਦਿਨ ਤੋਂ ਸੁੱਕਾ ਰਾਸ਼ਨ ਵੰਡਣ ਦੀ ਕੀਤੀ ਸ਼ੁਰੂਆਤ ਅਧੀਨ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਸਬੰਧਤ ਮੀਰੀ-ਪੀਰੀ ਦਿਵਸ ਮੌਕੇ ਭਾਈ ਬਲਦੇਵ ਸਿੰਘ ਐਮ.ਏ ਦੀ ਅਗਵਾਈ ਵਾਲੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ 50 ਢਾਡੀ ਸਿੰਘਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਵੰਡਿਆ ਗਿਆ ਹੈ।
               ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਤੀਜੇ ਪੜਾਅ ਤਹਿਤ ਅੰਮ੍ਰਿਤਸਰ ਅਤੇ ਮਜੀਠਾ ਖੇਤਰ ਨਾਲ ਸਬੰਧਤ 1900 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਵੇਗਾ ਅਤੇ ਇਸ ਦੌਰਾਨ ਕਰੋਨਾ ਮਹਾਂਮਾਰੀ ਕਾਰਨ ਪ੍ਰਭਾਵਿਤ ਹੋਏ ਮੱਧਵਰਗੀ ਪਰਿਵਾਰਾਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।
               ਇਸ ਸਮੇਂ ਢਾਡੀ ਸਭਾ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਐਮ.ਏ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਇਸ ਔਖੀ ਘੜੀ ਵੇਲੇ ਗੁਰੂ ਘਰ ਦੇ ਪ੍ਰਚਾਰਕਾਂ ਦੀ ਮਦਦ ਲਈ ਅੱਗੇ ਆਉਣ `ਤੇ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਅੱਗੇ ਤਾਂ ਉਹ ਸਿੱਖ ਧਰਮ ਦੀ ਸਤਿਕਾਰਤ ਹਸਤੀ ਡਾ. ਓਬਰਾਏ ਦੇ ਵੱਡੇ ਸੇਵਾ ਕਾਰਜਾਂ ਦੀ ਬਦੌਲਤ ਪੂਰੀ ਦੁਨੀਆਂ ‘ਚ ਸਮੁੱਚੀ ਸਿੱਖ ਕੌਮ ਦੀ ਸ਼ਾਖ ਵਧੀ ਹੈ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …