ਕੋਵਿਡ ਪਾਬੰਦੀਆ ਦੇ ਬਾਵਜ਼ੂਦ ਹੁਣ ਤੱਕ ਮੇਨ ਡੈਮ ਦਾ 45 ਫ਼ੀਸਦੀ ਕੰਮ ਮੁਕੰਮਲ
ਪਠਾਨਕੋਟ, 1 ਜੁਲਾਈ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਗਾਈਆਂ ਪਾਬੰਦੀਆਂ ਦੇ ਬਾਵਜ਼ੂਦ ਸ਼ਾਹਪੁਰਕੰਡੀ ਡੈਮ
ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਜਲ ਸਰੋਤ ਵਿਭਾਗ ਪੰਜਾਬ ਜੰਗੀ ਪੱਧਰ ‘ਤੇ ਕੰਮ ਕਰ ਰਿਹਾ ਹੈ ਅਤੇ ਮੁੱਖ ਡੈਮ ਦਾ ਹੁਣ ਤੱਕ 45 ਫ਼ੀਸਦੀ ਕੰਮ ਪੂਰਾ ਕਰ ਲਿਆ ਗਿਆ ਹੈ।ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਕੋਵਿਡ-19 ਨੂੰ ਰੋਕਣ ਲਈ ਲਗਾਏ ਗਏ ਦੇਸ਼-ਵਿਆਪੀ ਲਾਕਡਾਊਨ ਕਾਰਨ ਸਾਰੇ ਵਿਕਾਸ ਕਾਰਜ ਰੁਕ ਗਏ ਸਨ।ਕੋਵਿਡ ਤੋਂ ਬਚਾਅ ਸਬੰਧੀ ‘ਮਿਸ਼ਨ ਫਤਿਹ’ ਤਹਿਤ ਦੱਸੇ ਸਾਰੇ ਸੁਰੱਖਿਆ ਉਪਾਵਾਂ ਨੂੰ ਯਕੀਨੀ ਬਣਾਉਂਦੇ ਹੋਏ ਜਲ ਸਰੋਤ ਵਿਭਾਗ ਨੇ 29 ਅਪਰੈਲ 2020 ਨੂੰ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਦਾ ਨਿਰਮਾਣ ਕਾਰਜ ਮੁੜ ਸ਼ੁਰੂ ਕੀਤਾ ਹੈ।ਹੁਣ, ਇਸ ਪ੍ਰਾਜੈਕਟ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਮੇਨ ਡੈਮ ਦਾ 45% ਕੰਮ ਪੂਰਾ ਕੀਤਾ ਜਾ ਚੁੱਕਾ ਹੈ।
ਪਠਾਨਕੋਟ ਵਿਖੇ ਜਲ ਸਰੋਤ ਵਿਭਾਗ ਵੱਲੋਂ ਬਣਾਏ ਜਾ ਰਹੇ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਦਾ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਲਈ ਵਿਸ਼ੇਸ ਦੌਰੇ ‘ਤੇ ਪੁੱਜੇ ਸੁਖਬਿੰਦਰ ਸਿੰਘ ਸਰਕਾਰੀਆ ਨੇ ਪਰੀਆਂ ਵਾਲੇ ਬਾਗ ਵਿਖੇ ਜੋ ਡੈਮ ਤੋਂ ਟਰਮੀਨਲ ਕੱਢੀ ਜਾਣੀ ਹੈ ਉਸ ਖੇਤਰ ਦਾ ਦੋਰਾ ਕੀਤਾ ਅਤੇ ਜਿਥੇ ਪਾਵਰ ਹਾਊਸ ਬਣਾਏ ਜਾਣੇ ਹਨ ਉਨ੍ਹਾਂ ਖੇਤਰਾਂ ਵਿਖੇ ਪਹੁੰਚ ਕੇ ਵੀ ਜਾਇਜ਼ਾ ਲਿਆ।ਇਸ ਤੋਂ ਬਾਅਦ ਉਨ੍ਹਾਂ ਵੱਲੋਂ ਸਾਹਪੁਰਕੰਡੀ ਵਿਖੇ ਬਣਾਏ ਜਾ ਰਹੇ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਦਾ ਵੀ ਦੋਰਾ ਕੀਤਾ।ਇਸ ਤੋਂ ਬਾਅਦ ਉਨ੍ਹਾਂ ਵੱਲੋਂ ਰਣਜੀਤ ਸਾਗਰ ਡੈਮ ਅਧਿਕਾਰੀਆਂ ਨਾਲ ਰਾਵੀ ਸਦਨ ਰੈਸਟ ਹਾਊਸ ਵਿਖੇ ਇੱਕ ਵਿਸ਼ੇਸ਼ ਮੀਟਿੰਗ ਵੀ ਕੀਤੀ।
ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਦੇ ਭੰਡਾਰ ਦੀ ਭਰਾਈ ਸਾਲ 2022 ਦੇ ਅੱਧ ਤੱਕ ਸ਼ੁਰੂ ਹੋਣ ਦੀ ਉਮੀਦ ਹੈ, ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਵਿੱਚ ਅਗਸਤ 2023 ਤੱਕ ਬਿਜਲੀ ਉਤਪਾਦਨ ਸ਼ੁਰੂ ਹੋਣ ਦੀ ਆਸ ਹੈ।ਇਸ ਨਾਲ ਰਾਜ ਵਿੱਚ ਸਿੰਜ਼ਾਈ ਪ੍ਰਣਾਲੀ ਅਤੇ ਵਾਤਾਵਰਨ ਪੱਖੀ ਬਿਜਲੀ ਉਤਪਾਦਨ ਵਿੱਚ ਹੋਰ ਸੁਧਾਰ ਆਵੇਗਾ।
ਉਨ੍ਹਾਂ ਕਿਹਾ ਕਿ ਇਹ ਮਾਧੋਪੁਰ ਹੈਡ ਵਰਕਸ ਤੋਂ ਸ਼ੁਰੂ ਹੋਣ ਵਾਲੀ ਨਹਿਰੀ ਪ੍ਰਣਾਲੀ ਨੂੰ ਇਕਸਾਰ ਪਾਣੀ ਦੀ ਸਪਲਾਈ ਯਕੀਨੀ ਬਣਾਏਗਾ ਅਤੇ ਇਸ ਪ੍ਰਾਜੈਕਟ ਨਾਲ ਪੰਜਾਬ ਵਿੱਚ ਤਕਰੀਬਨ 5000 ਹੈਕਟੇਅਰ ਰਕਬੇ ਲਈ ਸਿੰਜਾਈ ਸਮਰੱਥਾ ਪੈਦਾ ਹੋਣ ਦੀ ਸੰਭਾਵਨਾ ਹੈ ਅਤੇ ਯੂ.ਬੀ.ਡੀ.ਸੀ ਸਿਸਟਮ ਅਧੀਨ ਇਸ ਪ੍ਰਾਜੈਕਟ ਨਾਲ 1.18 ਲੱਖ ਹੈਕਟੇਅਰ ਰਕਬੇ ਵਿੱਚ ਸਿੰਜਾਈ ਸਹੂਲਤਾਂ ਮਿਲਣਗੀਆਂ।ਇਸ ਤੋਂ ਇਲਾਵਾ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ‘ਤੇ ਸਾਲਾਨਾ 1042 ਮਿਲੀਅਨ ਯੂਨਿਟ ਬਿਜਲੀ ਪੈਦਾ ਹੋਵੇਗੀ।
ਜ਼ਿਕਰਯੋਗ ਹੈ ਕਿ ਰਾਵੀ ਦਰਿਆ ਉਤੇ ਪਠਾਨਕੋਟ ਜ਼ਿਲ੍ਹੇ ਵਿੱਚ ਰਣਜੀਤ ਸਾਗਰ ਡੈਮ ਦੇ 11 ਕਿਲੋਮੀਟਰ ਦੇ ਡਾਊਨਸਟ੍ਰੀਮ ਅਤੇ ਮਾਧੋਪੁਰ ਹੈਡਵਰਕਸ ਦੇ 8 ਕਿਲੋਮੀਟਰ ਅੱਪਸਟ੍ਰੀਮ ’ਤੇ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਬਣਾਇਆ ਜਾ ਰਿਹਾ ਹੈ।ਇਸ ਨਾਲ ਰਾਵੀ ਦਰਿਆ ਦੇ ਪਾਣੀ ਦਾ ਪਾਕਿਸਤਾਨ ਨੂੰ ਵਹਾਅ ਘਟੇਗਾ ਅਤੇ ਇਸ ਦਾ ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਲਾਭ ਹੋਵੇਗਾ।
ਚੀਫ਼ ਇੰਜਨੀਅਰ (ਸ਼ਾਹਪੁਰਕੰਡੀ ਡੈਮ ਪ੍ਰੋਜੈਕਟ) ਸੰਦੀਪ ਸਲੂਜਾ ਨੇ ਦੱਸਿਆ ਕਿ ਸ਼ਾਹਪੁਰਕੰਡੀ ਪਾਵਰ ਹਾਊਸਜ਼ ਵਿੱਚ 206 ਮੈਗਾਵਾਟ ਬਿਜਲੀ ਉਤਪਾਦਨ ਤੋਂ ਇਲਾਵਾ ਇਹ ਪ੍ਰਾਜੈਕਟ ਡਾਊਨਸਟ੍ਰੀਮ ਬਿਜਲੀ ਪ੍ਰਾਜੈਕਟਾਂ ਲਈ ਪਾਣੀ ਦੀ ਨਿਯਮਤ ਸਪਲਾਈ ਯਕੀਨੀ ਬਣਾਏਗਾ।ਇਸ ਸਰਹੱਦੀ ਇਲਾਕੇ ਵਿੱਚ ਇਸ ਪ੍ਰਾਜੈਕਟ ਨਾਲ ਸੈਰ-ਸਪਾਟਾ ਸਮਰੱਥਾ ਪੈਦਾ ਹੋਵੇਗੀ ਅਤੇ ਲੋਕਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ।ਉਨ੍ਹਾਂ ਅੱਗੇ ਦੱਸਿਆ ਕਿ ਪਾਵਰ ਹਾਊਸਾਂ ਦੇ ਨਿਰਮਾਣ ਕਾਰਜਾਂ ਲਈ ਟੈਂਡਰ ਜਲਦੀ ਜਾਰੀ ਕੀਤੇ ਜਾਣਗੇ।ਪੀ.ਐਸ.ਪੀ.ਸੀ.ਐਲ ਨੇ ਪਾਵਰ ਹਾਊਸਾਂ ਦੇ ਇਲੈਕਟ੍ਰੋਮਕੈਨਿਕਲ ਸਬੰਧੀ ਕਾਰਜ ਬੀ.ਐਚ.ਈ.ਐਲ ਨੂੰ ਸੌਂਪ ਦਿੱਤੇ ਹਨ।
Punjab Post Daily Online Newspaper & Print Media