ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ- ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਰਣਜੀਤ ਐਵਨਿਊ ਦੇ ਵਿਦਿਆਰਥੀਆਂ ਨੇ
ਨਾਮਵਰ ਕੰਪਨੀਆਂ ’ਚ ਨੌਕਰੀਆਂ ਪ੍ਰਾਪਤ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਚੁਣੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਬੀ.ਟੈਕ (ਸੀ.ਐਸ.ਈ ਅਤੇ ਈ.ਸੀ.ਈ) ਦੇ 6 ਵਿਦਿਆਰਥੀਆਂ ਨੂੰ ਕਿਯੂ-ਸਪਾਈਡਰ (ਬੇਂਗਲੌਰੂ) ਦੁਆਰਾ ਚੁਣਿਆ ਗਿਆ ਜੋ 9 ਲੱਖ ਤੱਕ ਪੈਕਜ ’ਚ ਵਿਸ਼ਵ ਦੀ ਸਭ ਤੋਂ ਉੱਚ ਇੱਕ ਸਨਮਾਨ ਡਿਗਰੀ ਸਾਫ਼ਟਵੇਅਰ ਟੈਸਟਿੰਗ ਕੌਸ਼ਲ ਸੰਸਥਾਵਾਂ ਹੈ।ਇਸ ਕੰਪਨੀ ਦੇ ਵੱਖ-ਵੱਖ ਦਫਤਰ ਪੂਨੇ, ਨੋਇਡਾ, ਦਿੱਲੀ, ਅਮਰੀਕਾ ਅਤੇ ਯੂ.ਕੇ ’ਚ ਸਥਾਪਿਤ ਹਨ।
ਇਸ ਦੌਰਾਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਪ੍ਰਾਪਤੀ ਲਈ ਡਾਇਰੈਕਟਰ ਡਾ. ਬਾਲਾ ਅਤੇ ਫ਼ੈਕਲਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਮੀਦ ਕੀਤੀ ਕਿ ਇਹ ਵਿਦਿਆਰਥੀ ਹੋਰ ਉਚਾਈਆਂ ਪ੍ਰਾਪਤ ਕਰਨਗੇ ਅਤੇ ਆਪਣੇ ਕਾਲਜ ਅਤੇ ਦੇਸ਼ ਲਈ ਵਧੇਰੇ ਨਾਮਣਾ ਖੱਟਣਗੇ।
ਉਨ੍ਹਾਂ ਕਿਹਾ ਕਿ ਚੁਣੇ ਗਏ ਵਿਦਿਆਰਥੀਆਂ ’ਚ ਜੋਤੀ ਅਤੇ ਰਿੰਪੀ ਸ਼ਰਮਾ ਦੋਵੇਂ ਬੀ.ਟੈਕ ਸਮੈਸਟਰ 8 ਤੋਂ ਹਨ। ਜਦ ਕਿ ਕੁਲਵਿੰਦਰ ਸਿੰਘ ਅਤੇ ਰਾਜਨਦੀਪ ਸਿੰਘ ਦੋਵੇਂ ਬੀ.ਟੈਕ ਸਮੈਸਟਰ 8ਵਾਂ ਤੋਂ, ਨਵਪ੍ਰੀਤ ਕੌਰ ਅਤੇ ਨੇਹਾ ਬੀ.ਟੈਕ ਸਮੈਸਟਰ 6ਵੇਂ ਤੋਂ ਹਨ।
ਇਸ ਮੌਕੇ ਡਾ. ਬਾਲਾ ਨੇ ਕਿਹਾ ਕਿ ਇਹ ਉਪਲੱਬਧੀਆਂ ਫ਼ੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਸਦਕਾ ਹੀ ਹਾਸਲ ਹੋਈਆਂ ਹਨ, ਇਸ ਸਮੇਂ ਮਹਾਂਮਾਰੀ ਦੇ ਕਾਰਨ ਜਦੋਂ ਮਾਰਕੀਟ ’ਚ ਨੌਕਰੀਆਂ ਦੇ ਮੌਕੇ ਘੱਟ ਰਹੇ ਹਨ ਤਾਂ ਵੀ ਸਾਡੇ ਕਾਲਜ ਦੇ ਵਿਦਿਆਰਥੀਆਂ ਨੂੰ ਪ੍ਰਸਿੱਧ ਕੰਪਨੀਆਂ ਵਲੋਂ ਨੌਕਰੀਆਂ ਮਿਲਣਾ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ ਕੁੱਝ ਵਿਦਿਆਰਥੀ ਆਰਥਿਕ ਪੱਖੋਂ ਕਮਜ਼ੋਰ ਵਰਗ ਨਾਲ ਸਬੰਧਿਤ ਹਨ ਅਤੇ ਆਪਣੀ ਪੜ੍ਹਾਈ ’ਚ ਮਾਹਿਰ ਰਹੇ ਹਨ।ਇਸ ਲਈ ਉਨ੍ਹਾਂ ਨੇ ਆਪਣੀ ਲਗਨ ਅਤੇ ਅਣਥੱਕ ਕੋਸ਼ਿਸ਼ਾਂ ਨਾਲ ਇਹ ਪ੍ਰਾਪਤੀ ਹਾਸਲ ਕੀਤੀ ਹੈ।ਉਨ੍ਹਾਂ ਨੇ ਕਿਹਾ ਚੁਣੇ ਗਏ ਵਿਦਿਆਰਥੀਆਂ ’ਚੋਂ ਰਿੰਪੀ ਸ਼ਰਮਾ ਅਤੇ ਕੁਲਵਿੰਦਰ ਸਿੰਘ ਪਹਿਲਾਂ ਹੀ ਇਕ ਯੂਨੀਵਰਸਿਟੀ ’ਚੋਂ ਮੈਰਿਟ ਪੁਜੀਸ਼ਨ ਹਾਸਲ ਕਰ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੇ ਆਪਣੀ ਲਗਨ ਤੇ ਮਿਹਨਤ ਇਹ ਨੌਕਰੀ ਹਾਸਲ ਕੀਤੀ ਹੈ।