Saturday, May 30, 2026

ਮਾਲ ਮੰਤਰੀ ਨੇ ਬਿਆਸ ਵਿਖੇ ਸਬ-ਤਹਿਸੀਲ ਲਈ ਇਮਾਰਤ ਦਾ ਰੱਖਿਆ ਨੀਂਹ ਪੱਥਰ

ਡੇਰਾ ਬਿਆਸ ਨੇ ਦਿੱਤੀ ਪੰਜ ਏਕੜ ਜ਼ਮੀਨ ਅਤੇ ਇਮਾਰਤ ਉਸਾਰ ਕੇ ਦੇਣ ਦਾ ਐਲਾਨ

ਜੰਡਿਆਲਾ ਗੁਰੂ/ ਬਿਆਸ, 14 ਜੁਲਾਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਪੰਜਾਬ ਸਰਕਾਰ ਵਲੋਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ

ਹੇਠ 19 ਜੂਨ 2020 ਨੂੰ ਬਿਆਸ ਨੂੰ ਸਬ-ਤਹਿਸੀਲ ਬਨਾਉਣ ਦਾ ਐਲਾਨ ਕੀਤਾ ਗਿਆ ਸੀ।ਠੀਕ 25 ਦਿਨ ਬਾਅਦ ਮਾਲ ਅਤੇ ਮੁੜ ਵਸੇਬਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸਬ-ਤਹਿਸੀਲ ਲਈ ਇਮਾਰਤ ਬਣਾਉਣ ਦਾ ਨੀਂਹ ਪੱਥਰ ਰੱਖਿਆ। ਅੱਜ ਕਰਾਵਏ ਗਏ ਪ੍ਰਭਾਵਸ਼ਾਲੀ ਸਮਾਗਮ ਵਿਚ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਰਮਿੰਦਰ ਸਿੰਘ ਆਂਵਲਾ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਡੇਰਾ ਬਿਆਸ ਤੋਂ ਡੀ.ਕੇ ਸੀਕਰੀ, ਐਸ.ਡੀ.ਐਮ ਸ੍ਰੀਮਤੀ ਅਲਕਾ ਕਾਲੀਆ ਅਤੇ ਜਿਲਾ ਮਾਲ ਅਧਿਕਾਰੀ ਮੁਕੇਸ਼ ਸ਼ਰਮਾ ਵੀ ਹਾਜ਼ਰ ਸਨ।ਮਾਲ ਮੰਤਰੀ ਨੇ ਅਰਦਾਸ ਉਪਰੰਤ ਕਹੀ ਨਾਲ ਟੱਕ ਲਗਾ ਕੇ ਅਤੇ ਪੱਥਰ ਤੋਂ ਪਰਦਾ ਹਟਾ ਕੇ ਇਮਾਰਤ ਦਾ ਨੀਂਹ ਪੱਥਰ ਰੱਖਿਆ।

                  ਆਪਣੇ ਸੰਬੋਧਨ ਵਿਚ ਕਾਂਗੜ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਨੇ 10 ਪਟਵਾਰ ਸਰਕਲਾਂ ਤੇ 29 ਪਿੰਡਾਂ ਦੇ ਕਰੀਬ 10 ਹਜ਼ਾਰ ਹੈਕਟੇਅਰ ਰਕਬੇ ਨੂੰ ਸ਼ਾਮਿਲ ਕਰਕੇ ਇਹ ਸਬ-ਤਹਿਸੀਲ ਬਣਾਈ ਹੈ।ਉਨਾਂ ਦੱਸਿਆ ਕਿ ਉਕਤ ਸਬ-ਤਹਿਸੀਲ ਦਾ ਕੰਮ ਭਾਵੇਂ ਨਿੱਜੀ ਇਮਾਰਤ ਵਿਚ ਸ਼ੁਰੂ ਕਰ ਦਿੱਤਾ ਗਿਆ ਹੈ, ਪਰ ਡੇਰਾ ਬਾਬਾ ਜੈਮਲ ਸਿੰਘ ਵਲੋਂ ਇਮਾਰਤ ਲਈ ਪੰਜ ਏਕੜ ਰਕਬਾ ਦੇਣ ਅਤੇ ਇਮਾਰਤ ਬਣਾ ਕੇ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਨਾਲ ਇਹ ਸ਼ਾਨਦਾਰ ਛੇਤੀ ਪੂਰੀ ਹੋਣ ਦੀ ਸੰਭਾਵਨਾ ਹੈ।
                        ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਡੇਰੇ ਵਲੋਂ ਮੌਜੂਦਾ ਸੰਕਟ ਵਿਚ ਮਨੁੱਖਤਾ ਦੀ ਭਲਾਈ ਲਈ ਕੀਤੇ ਕਾਰਜ਼ਾਂ ਦੇ ਨਾਲ-ਨਾਲ ਸਬ-ਤਹਿਸੀਲ ਕੰਪਲੈਕਸ ਦੀ ਉਸਾਰੀ ਵਿਚ ਨਿਭਾਈ ਜਾ ਰਹੀ ਭੂਮਿਕਾ ਦੀ ਤਾਰੀਫ ਕੀਤੀ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਿਸ ਤਰਾਂ ਸਰਕਾਰ ਨੇ ਕੋਵਿਡ ਨਾਲ ਨਜਿਠਿਆ ਹੈ, ਉਹ ਦੇਸ਼ ਭਰ ਵਿਚ ਆਪਣੀ ਤਰਾਂ ਦੀ ਵੱਖਰੀ ਮਿਸਾਲ ਹੈ।ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਸਬ-ਤਹਿਸੀਲ ਦੇ ਨੀਂਹ ਪੱਥਰ ਲਈ ਪੁੱਜੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਵਿਸ਼ੇਸ਼ ਧੰਨਵਾਦ ਕਰਦੇ ਸਰਕਾਰ ਵਲੋਂ ਕੀਤੇ ਇਸ ਫੈਸਲੇ ਦਾ ਵੀ ਧੰਨਵਾਦ ਕੀਤਾ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …