Wednesday, March 25, 2026

ਡਾ. ਓਬਰਾਏ ਦੀ ਬਦੌਲਤ ਦੁਬਈ ਤੋਂ ਵਤਨ ਪੁੱਜੇ ਗੁਰਮੁੱਖ ਤੇ ਗੁਰਜੰਟ ਦੇ ਮ੍ਰਿਤਕ ਸਰੀਰ

ਹੁਣ ਤੱਕ ਵਾਰਸਾਂ ਤੱਕ ਪਹੁੰਚਾ ਚੁੱਕੇ ਹਾਂ 180 ਮ੍ਰਿਤਕ ਸਰੀਰ – ਡਾ. ਐਸ.ਪੀ.ਐਸ ਓਬਰਾਏ

ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਫਰਿਸ਼ਤੇ ਵਜੋਂ ਜਾਣੇ ਜਾਂਦੇ ਦੁਬਈ ਦੇ ਉਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਦੇ ਵਿਸ਼ੇਸ਼ ਯਤਨਾਂ ਸਦਕਾ ਧੂਰੀ (ਸੰਗਰੂਰ) ਨਾਲ ਸਬੰਧਤ 38 ਸਾਲਾ ਗੁਰਮੁੱਖ ਸਿੰਘ ਪੁੱਤਰ ਗੁਰਜੰਟ ਸਿੰਘ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਗਗੜੇਵਾਲ ਦੇ 29 ਸਾਲਾ ਗੁਰਜੰਟ ਸਿੰਘ ਪੁੱਤਰ ਗੁਰਮੰਗਤ ਸਿੰਘ ਦੀਆਂ ਮ੍ਰਿਤਕ ਦੇਹਾਂ ਬੀਤੀ ਦੇਰ ਰਾਤ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜੀਆਂ।
                 ਮ੍ਰਿਤਕ ਗੁਰਮੁੱਖ ਸਿੰਘ ਦੇ ਭਰਾ ਦਰਸ਼ਨ ਸਿੰਘ, ਰਿਸ਼ਤੇਦਾਰਾਂ ਹੰਸ ਰਾਜ ਤੇ ਰਾਜੂ ਸਿੰਘ ਨੇ ਦੱਸਿਆ ਕਿ ਗੁਰਮੁੱਖ ਸਿੰਘ ਅੱਤ ਦਰਜੇ ਦੀ ਗਰੀਬੀ ਚੋਂ ਗੁਜ਼ਰ ਰਹੇ ਆਪਣੇ ਪਰਿਵਾਰ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਕਰੀਬ 2 ਸਾਲ ਪਹਿਲਾਂ ਦੁਬਈ ਗਿਆ ਸੀ ਕਿ ਇਸ ਸਾਲ ਕਰੋਨਾ ਮਹਾਂਮਾਰੀ ਨਾਲ ਪੈਦਾ ਹੋਏ ਹਾਲਾਤ ਕਾਰਨ ਕੰਮਕਾਰ ਬੰਦ ਹੋਣ ਕਰਕੇ ਪ੍ਰੇਸ਼ਾਨ ਗੁਰਮੁੱਖ ਸਿੰਘ ਦੀ ਬੀਤੀ 2 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ ਸੀ।ਉਨ੍ਹਾਂ ਦੱਸਿਆ ਕਿ ਦੁਬਈ ਸਥਿਤ ਭਾਰਤੀ ਦੂਤਾਵਾਸ ਨੇ ਡਾ. ਓਬਰਾਏ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਗੁਰਮੁੱਖ ਸਿੰਘ ਦੀ ਮੌਤ ਬਾਰੇ ਦੱਸਦਿਆਂ ਇਸ ਦੇ ਵਾਰਸ ਲੱਭਣ ਬਾਰੇ ਕਿਹਾ ਸੀ। ਜਿਸ ‘ਤੇ ਡਾ. ਓਬਰਾਏ ਵਲੋਂ ਉਨ੍ਹਾਂ ਨਾਲ ਸੰਪਰਕ ਕਰਕੇ ਪਰਿਵਾਰ `ਤੇ ਟੁੱਟੇ ਇਸ ਕਹਿਰ ਦੀ ਜਾਣਕਾਰੀ ਦਿੱਤੀ ਗਈ।ਜਦ ਉਨ੍ਹਾਂ ਦੇ ਇਲਾਕੇ ਦੇ ਮੋਹਤਬਰ ਸੱਜਣਾਂ ਨੂੰ ਵੀ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਵੀ ਆਪਣੇ ਪੱਧਰ ‘ਤੇ ਡਾ. ਓਬਰਾਏ ਨਾਲ ਸੰਪਰਕ ਕਰ ਗੁਰਮੁੱਖ ਦੇ ਪਰਿਵਾਰ ਦੀ ਬਹੁਤ ਹੀ ਪਤਲੀ ਆਰਥਿਕ ਹਾਲਤ ਦਾ ਹਵਾਲਾ ਦਿੰਦਿਆਂ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਬੇਨਤੀ ਕੀਤੀ।
                 ਦੂਜੇ ਪਾਸੇ ਮ੍ਰਿਤਕ ਗੁਰਜੰਟ ਸਿੰਘ ਦੇ ਪਿਤਾ ਗੁਰਮੰਗਤ ਸਿੰਘ, ਭਰਾ ਬਲਜੀਤ ਸਿੰਘ ਤੇ ਗੁਰਸੇਵ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ 3 ਸਾਲ ਪਹਿਲਾਂ ਕਰਜ਼ਾ ਚੁੱਕ ਕੇ ਦੁਬਈ ਗਿਆ ਸੀ ਅਤੇ ਉਹ ਉਥੇ ਪੱਥਰ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਬੀਤੀ 30 ਜੂਨ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੁਬਈ ਅੰਦਰ ਉਸ ਦੀ ਮੌਤ ਹੋ ਗਈ ਸੀ।ਦੁਬਈ ਰਹਿੰਦੇ ਗੁਰਜੰਟ ਦੇ ਚਾਚੇ ਨੇ ਇਸ ਬਾਰੇ ਡਾ. ਓਬਰਾਏ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਉਸ ਦੀ ਮ੍ਰਿਤਕ ਦੇਹ ਵਾਪਸ ਭੇਜਣ ਲਈ ਅਰਜ਼ੋਈ ਕੀਤੀ।ਉਸ ਦੇ ਵਾਰਸਾਂ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਗੁਰਜੰਟ ਦੁਬਈ ਜਾਣ ਤੋਂ ਬਾਅਦ ਆਪਣੇ ਘਰ ਪੈਦਾ ਹੋਈ ਆਪਣੀ 3 ਸਾਲਾ ਪੁੱਤਰੀ ਦਾ ਮੂੰਹ ਵੇਖੇ ਬਗੈਰ ਹੀ ਇਸ ਦੁਨੀਆਂ ਤੋਂ ਹਮੇਸ਼ਾਂ ਲਈ ਚਲਾ ਗਿਆ ਹੈ।
                ਉਪਰੋਕਤ ਦੋਵਾਂ ਪੀੜਤ ਪਰਿਵਾਰਾਂ ਨੇ ਡਾ. ਐਸ.ਪੀ ਸਿੰਘ ਓਬਰਾਏ ਦਾ ਇਸ ਔਖੀ ਘੜੀ `ਚ ਵੱਡਾ ਸਾਥ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਡਾ. ਓਬਰਾਏ ਉਨ੍ਹਾਂ ਦੀ ਮਦਦ ਨਾ ਕਰਦੇ ਤਾਂ ਉਹ ਆਪਣੇ ਪੁੱਤਰਾਂ ਦੇ ਅੰਤਿਮ ਦਰਸ਼ਨ ਕਦੇ ਵੀ ਨਾ ਕਰ ਪਾਉਂਦੇ।
                ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਨੇ ਦੋਵਾਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੁਣ ਤੱਕ ਵੱਖ-ਵੱਖ ਦੇਸ਼ਾਂ ਤੋਂ 180 ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ ਅਤੇ ਮ੍ਰਿਤਕਾਂ ਦੇ ਲੋੜਵੰਦ ਪਰਿਵਾਰਾਂ ਨੂੰ ਘਰ ਗਜ਼ਾਰੇ ਲਈ ਟਰੱਸਟ ਵਲੋਂ ਮਹੀਨੇਵਾਰ ਪੈਨਸ਼ਨ ਵੀ ਦਿੱਤੀ ਜਾ ਰਹੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਪਿਛਲੇ 6 ਦਿਨਾਂ ਅੰਦਰ ਹੀ 3 ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਲਿਆਂਦੇ ਗਏ ਹਨ ਜਦੋਂਕਿ 4 ਹੋਰ ਬਦਨਸੀਬ ਨੌਜਵਾਨਾਂ ਦੇ ਮ੍ਰਿਤਕ ਸਰੀਰ ਆਉਂਦੇ ਇਕ-ਦੋ ਦਿਨਾਂ `ਚ ਹੀ ਲਿਆਂਦੇ ਜਾਣਗੇ।
                ਜ਼ਿਕਰਯੋਗ ਹੈ ਕਿ ਇਹ ਮ੍ਰਿਤਕ ਦੇਹਾਂ ਭਾਰਤ ਭੇਜਣ `ਚ ਡਾ. ਉਬਰਾਏ ਤੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਅਤੇ ਭਾਰਤੀ ਦੂਤਾਵਾਸ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ ਹੈ।
              ਇਸ ਮੌਕੇ ਟਰੱਸਟ ਤੋਂ ਸੁਖਦੀਪ ਸਿੱਧੂ, ਸੁਖਜਿੰਦਰ ਸਿੰਘ ਹੇਰ, ਮਨਪ੍ਰੀਤ ਸੰਧੂ, ਸਿਸ਼ਪਾਲ ਸਿੰਘ ਲਾਡੀ ਤੇ ਨਵਜੀਤ ਸਿੰਘ ਘਈ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …