ਕਿਸੇ ਵੀ ਕੀਮਤ `ਤੇ ਸਰਕਾਰੀ ਖਰੀਦ ਖਤਮ ਨਹੀਂ ਹੋਣ ਦਿੱਤੀ ਜਾਵੇਗੀ
ਸਮਰਾਲਾ, 21 ਜੁਲਾਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵਲੋਂ ਪੂਰੇ ਪੰਜਾਬ ਵਿੱਚ ਕੇਂਦਰ ਸਰਕਾਰ ਵਲੋਂ ਲਿਆਂਦੇ
ਮੰਡੀਕਰਨ ਤੋੜਨ ਦੇ ਆਰਡੀਨੈਂਸ, ਤੇਲ ਦੀਆਂ ਵਧੀਆਂ ਕੀਮਤਾਂ ਅਤੇ ਬਿਜਲੀ ਸੋਧ ਬਿੱਲ 2020 ਵਿਰੁੱਧ ਟਰੈਕਟਰਾਂ ‘ਤੇ ਸਵਾਰ ਹੋ ਕੇ ਪਰਮਿੰਦਰ ਸਿੰਘ ਪਾਲ ਮਾਜਰਾ ਜਨਰਲ ਸਕੱਤਰ ਪੰਜਾਬ ਦੀ ਅਗਵਾਈ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ।ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹਰੇਕ ਕਿਸਾਨ ਨੇ ਮਾਸਕ ਪਾ ਕੇ ਅਤੇ ਸਮਾਜਿਕ ਦੂਰੀ ਰੱਖ ਕੇ ਇਸ ਰੋਸ ਪ੍ਰਦਰਸ਼ਨ ਵਿੱਚ ਭਾਗ ਲਿਆ।
ਪਰਮਿੰਦਰ ਸਿੰਘ ਪਾਲ ਮਾਜਰਾ ਨੇ ਆਪਣੇ ਸੰਬੋਧਨ ‘ਚ ਕਿਹਾ ਕੇਂਦਰ ਸਰਕਾਰ ਨੇ ਜੋ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਖੇਤੀ ਸੋਧ ਬਿੱਲ ਦੇ ਆਰਡੀਨੈਂਸ ਜਾਰੀ ਕੀਤੇ ਹਨ, ਉਹ ਕਿਸਾਨਾਂ ਦੇ ਮੌਤ ਦੇ ਵਰੰਟ ਜਾਰੀ ਕਰਨ ਦੇ ਸਮਾਨ ਹਨ, ਕਿਉਂਕਿ ਇਹ ਤਿੰਨੇ ਆਰਡੀਨੈਂਸ ਵਪਾਰੀਆਂ, ਕਾਰਪੋਰੇਟ ਅਦਾਰਿਆਂ ਦੀ ਸੁਵਿਧਾ ਦੇ ਧਿਆਨ ਵਿੱਚ ਰੱਖ ਕੇ ਬਣਾਏ ਗਏ ਹਨ, ਇਸ ਆਰਡੀਨੈਂਸ ਰਾਹੀਂ ਸਰਕਾਰ ਨੇ ਵਪਾਰੀਆਂ, ਕਾਰਪੋਰੇਟ ਦੇ ਅਦਾਰਿਆਂ ਨੂੰ ਟੈਕਸ ਛੋਟ ਦੇ ਕੇ ਪ੍ਰਾਈਵੇਟ ਮੰਡੀ ਖੋਲਣ ਦੀ ਖੁੱਲ ਦਿੱਤੀ ਗਈ ਹੈ, ਟੈਕਸ ਛੋਟ ਮਿਲ ਜਾਣ ਨਾਲ ਇਹ ਵਪਾਰੀ ਸਰਕਾਰੀ ਮੰਡੀਆਂ ਤੋਂ ਬਾਹਰ ਇੱਕ ਦੋ ਫਸਲਾਂ ਐਮ.ਐਸ.ਪੀ ਤੋਂ 20-30 ਰੁਪਏ ਵੱਧ ਦੇ ਕੇ ਖਰੀਦ ਲੈਣਗੇ। ਫਸਲ ਸਰਕਾਰੀ ਮੰਡੀਆਂ ਵਿੱਚ ਨਾ ਜਾਣ ਕਾਰਨ ਪੰਜਾਬ ਨੂੰ ਮੰਡੀ ਬੋਰਡ ਰਾਹੀਂ ਹੁੰਦੀ 3500 ਕਰੋੜ ਦੀ ਆਮਦਨ ਬੰਦ ਹੋ ਜਾਵੇਗੀ, ਜਿਸ ਨਾਲ ਪਿੰਡਾਂ ਦੇ ਵਿਕਾਸ ਖਾਸ ਕਰਕੇ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਨਿਰਮਾਣ ਬਿੱਲਕੁੱਲ ਬੰਦ ਹੋ ਜਾਵੇਗਾ। ਦੂਸਰਾ ਹਜਾਰਾਂ ਆੜ੍ਹਤੀਏ, ਮੁਨੀਮ, ਪੱਲੇਦਾਰ ਬੇਰੁਜਗਾਰ ਹੋ ਜਾਣਗੇ ਅਤੇ ਅਜਿਹੇ ਮੰਡੀਕਰਨ ਢਾਂਚੇ ਨਾਲ ਮੰਡੀ ਬੋਰਡ ਖਤਮ ਹੋ ਜਾਵੇਗਾ ਅਤੇ ਸਰਕਾਰ ਐਮ.ਐਸ.ਪੀ ‘ਤੇ ਖਰੀਦ ਕਰਨ ਤੋਂ ਭੱਜ ਜਾਏਗੀ। ਕਿਸਾਨ ਵਪਾਰੀਆਂ ਅਤੇ ਕਾਰਪੋਰੇਟ ਅਦਾਰਿਆਂ ਦੇ ਰਹਿਮੋ ਕਰਮ ‘ਤੇ ਰਹਿ ਜਾਵੇਗਾ ਅਤੇ ਸਰਕਾਰੀ ਖਰੀਦ ਬੰਦ ਹੋਣ ਨਾਲ ਇਹ ਅਦਾਰੇ ਕਿਸਾਨਾਂ ਦੀਆਂ ਫਸਲਾਂ ਕੋਡੀਆਂ ਦੇ ਭਾਅ ਲੁੱਟਣਗੇ ਅਤੇ ਕਿਸਾਨ ਖੇਤੀ ਛੱਡਣ ਲਈ ਮਜਬੂਰ ਹੋ ਜਾਣਗੇ।ਦੂਸਰੇ ਬਿੱਲ ਰਾਹੀਂ ਸਰਕਾਰ ਨੇ ਇਨ੍ਹਾਂ ਵਪਾਰੀਆਂ ਨੂੰ ਫਸਲ ਭੰਡਾਰ ਕਰਨ ਦੀ ਪੂਰੀ ਖੁੱਲ ਹੋਵੇਗੀ, ਜਿਸ ਨਾਲ ਇਹ ਵਪਾਰੀ ਸੀਜਨ ਸਮੇਂ ਵਿੱਚ ਘੱਟ ਰੇਟ ‘ਤੇ ਫਸਲ ਖਰੀਦ ਕੇ ਅਤੇ ਬਾਅਦ ਵਿੱਚ ਮਾਰਕੀਟ ਵਿੱਚ ਆਰਜ਼ੀ ਕਮੀ ਦਿਖਾ ਕੇ ਆਮ ਜਨਤਾ ਨੂੰ ਮਹਿੰਗੇ ਭਾਅ ਵੇਚ ਕੇ ਦੂਹਰਾ ਮੁਨਾਫਾ ਕਮਾਉਣਗੇ ਅਤੇ ਆਮ ਜਨਤਾ ਭੁੱਖਮਰੀ ਦਾ ਸ਼ਿਕਾਰ ਹੋ ਜਾਵੇਗੀ। ਤੀਸਰੇ ਬਿੱਲ ਰਾਹੀਂ ਸਰਕਾਰ ਇਨ੍ਹਾਂ ਕਾਰਪੋਰੇਟ ਅਦਾਰਿਆਂ ਨੂੰ ਲੁੱਟੀ ਫਸਲ ਦੂਰ ਦੁਰਾਡੇ ਦੀਆਂ ਮੰਡੀਆਂ ਵਿੱਚ ਲਿਜਾ ਕੇ ਵੇਚਣ ਦੀ ਖੁੱਲ ਦਿੱਤੀ ਹੈ, ਕਿਉਂਕਿ ਸਰਕਾਰ ਨੂੰ ਪਤਾ ਹੈ ਕਿ ਵੱਡੀ ਗਿਣਤੀ ਵਿੱਚ ਕਿਸਾਨ 5 ਤੋਂ 7 ਏਕੜ ਦੀ ਮਲਕੀਅਤ ਵਾਲੇ ਹਨ, ਦੂਰ ਦੁਰਾਡੇ ਦੀਆਂ ਮੰਡੀਆਂ ਵਿੱਚ ਫਸਲ ਲਿਜਾ ਕੇ ਵੇਚਣਾ ਇਨ੍ਹਾਂ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ ਹੋਵੇਗੀ। ਇਸ ਲਈ ਸਰਕਾਰ ਇਨ੍ਹਾਂ ਬਿੱਲਾਂ ਦੀ ਆੜ ਵਿੱਚ ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਇਨ੍ਹਾਂ ਕਾਰਪੋਰੇਟ ਅਦਾਰਿਆਂ ਨੂੰ ਸੌਂਪਣਾ ਚਾਹੁੰਦੀ ਹੈ। ਕੇਂਦਰ ਸਰਕਾਰ ਨੇ ਪਹਿਲਾਂ ਹੀ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਤੇ ਡੈਮਾਂ ਦੇ ਹੱਕ ਡੈਮ ਸੇਫਟੀ ਬਿੱਲ ਰਾਹੀਂ ਪੰਜਾਬ ਤੋਂ ਖੋਹ ਕੇ ਰਾਜਾਂ ਤੋਂ ਬਿਜਲੀ ਦੇ ਅਧਿਕਾਰ ਵੀ ਖੋਹ ਲੈਣਾ ਚਾਹੁੰਦੀ ਹੈ ਤੇ ਕੇਂਦਰ ਸਰਕਾਰ ਕਿਸਾਨਾਂ ਅਤੇ ਮਜਦੂਰਾਂ ਨੂੰ ਜੋ ਥੋੜੀ ਜਿਹੀ ਬਿਜਲੀ ਤੇ ਸਬਸਿਡੀ ਮਿਲਦੀ ਹੈ ਉਹ ਬੰਦ ਕਰ ਦੇਵੇਗੀ ਅਤੇ ਬਿਜਲੀ ਸੋਧ ਬਿੱਲ ਰਾਹੀਂ ਟਿਊਬਵੈੱਲਾਂ ਤੇ ਮੀਟਰ ਲੱਗ ਜਾਣਗੇ ਅਤੇ ਸਬਸਿਡੀ ਖਤਮ ਹੋਣ ਨਾਲ ਕਿਸਾਨਾਂ ਅਤੇ ਮਜਦੂਰਾਂ ਨੂੰ ਬਿਜਲੀ ਦੇ ਬਿੱਲ ਦੇਣੇ ਪੈਣਗੇ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡੀਜਲ ਦੇ ਰੇਟ ਚੰਡੀਗੜ੍ਹ ਦੇ ਬਰਾਬਰ ਕਰੇ ਅਤੇ ਕੇਂਦਰ ਸਰਕਾਰ ਵੀ ਤੇਲ ਨੂੰ ਜੀ.ਐਸ.ਟੀ ਵਿਚ ਲੈ ਕੇ ਆਵੇ ਜਿਵੇਂ ਕਿ ਕੇਂਦਰ ਸਰਕਾਰ ਗੱਲ ਕਰਦੀ ਹੈ ਇੱਕ ਮੰਡੀ ਇੱਕ ਦੇਸ਼ ਉਸੇ ਤਰ੍ਹਾਂ ਟੈਕਸ ਵੀ ਬਰਾਬਰ ਕਰੇ, ਪੰਜਾਬ ਸਰਕਾਰ ਕਿਸਾਨਾਂ ਦਾ ਸਾਰਾ ਕਰਜਾ ਮੁਆਫ ਕਰੇ, ਘਰ ਘਰ ਨੌਕਰੀ ਦੇਣ ਦਾ ਵਾਅਦਾ ਪੂਰਾ ਕਰੇ। ਪੰਜਾਬ ਸਰਕਾਰ ਨੇ ਜੋ ਇੰਤਕਾਲ ਫੀਸ ਦੁੱਗਣੀ ਕਰ ਦਿੱਤੀ ਹੈ, ਉਸ ਵਾਧੇ ਨੂੰ ਵਾਪਸ ਲਵੇ। ਗੰਨੇ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰੇ। ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰ ਨੌਕਰੀ ਦੇਵੇ, ਬਿਜਲੀ ਦੀ ਸਪਲਾਈ ਦਿਨ ਵਿੱਚ 10 ਘੰਟੇ ਦੇਵੇ, ਨਦੀਆਂ ਨਾਲਿਆਂ ਦੀ ਸਫਾਈ ਜੰਗੀ ਪੱਧਰ ‘ਤੇ ਕਰੇ ਤਾਂ ਜੋ ਫਸਲਾਂ ਨੂੰ ਹੜ੍ਹਾਂ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਕਿਸਾਨ ਮਾਰੂ ਆਰਡੀਨੈਂਸ ਵਾਪਸ ਨਾ ਲਏ ਤਾਂ ਭਾਰਤੀ ਕਿਸਾਨ ਯੂਨੀਅਨ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ, ਸਮਾਂ ਮਿਲਦੇ ਹੀ ਕਿਸਾਨ ਦਿੱਲੀ ਵੱਲ ਵਹੀਰਾਂ ਘੱਤ ਕੇ ਦਿੱਲੀ ਨੂੰ ਮੁਕੰਮਲ ਬੰਦ ਕਰ ਦੇਣਗੇ ਅਤੇ ਪ੍ਰਧਾਨ ਮੰਤਰੀ ਸਮੇਤ ਇਨ੍ਹਾਂ ਦੇ ਕੈਬਨਿਟ ਮੰਤਰੀਆਂ ਨੂੰ ਘਰੋਂ ਬਾਹਰ ਨਿਕਲਣਾ ਬੰਦ ਕਰ ਦੇਣਗੇ।
ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਸਰਪੰਚ ਮਨਜਿੰਦਰ ਸਿੰਘ ਢੀਂਡਸਾ ਵਾਈਸ ਪ੍ਰਧਾਨ, ਸਰਪੰਚ ਸਰਬਜੀਤ ਸਿੰਘ ਖੀਰਨੀਆਂ ਜਨਰਲ ਸਕੱਤਰ ਜ਼ਿਲ੍ਹਾ, ਕੁਲਵਿੰਦਰ ਸਿੰਘ ਸਰਵਰਪੁਰ ਤਹਿਸੀਲ ਪ੍ਰਧਾਨ, ਹਰਗੁਰਮੁੱਖ ਸਿੰਘ ਦਿਆਲਪੁਰਾ ਜਨਰਲ ਸਕੱਤਰ, ਸੁਰਿੰਦਰ ਸਿੰਘ ਭਰਥਲਾ ਮੀਤ ਪ੍ਰਧਾਨ, ਹਰਜਿੰਦਰ ਸਿੰਘ ਭਰਥਲਾ ਜ਼ਿਲ੍ਹਾ ਜਨਰਲ ਸਕੱਤਰ, ਹਰਦੀਪ ਸਿੰਘ ਭਰਥਲਾ ਬਲਾਕ ਪ੍ਰਧਾਨ, ਉਜਲ ਸਿੰਘ ਮੱਲ ਮਾਜਰਾ ਵਾਈਸ ਪ੍ਰਧਾਨ ਬਲਾਕ, ਰਾਜਵੀਰ ਸਿੰਘ ਮੱਲ ਮਾਜਰਾ ਪ੍ਰਧਾਨ ਯੂਥ ਵਿੰਗ, ਭਿੰਦਰ ਸਿੰਘ ਭਰਥਲਾ ਜਨਰਲ ਸਕੱਤਰ, ਸਤਵੰਤ ਸਿੰਘ ਪਾਲ ਮਾਜਰਾ ਜਨਰਲ ਸਕੱਤਰ, ਚਰਨਜੀਤ ਸਿੰਘ ਪਾਲ ਮਾਜਰਾ, ਸੁਖਦੇਵ ਸਿੰਘ ਫੌਜੀ ਬਾਲਿਓ ਵਾਈਸ ਪ੍ਰਧਾਨ, ਰਣਧੀਰ ਸਿੰਘ ਖੱਟਰਾਂ ਪ੍ਰੈਸ ਸਕੱਤਰ, ਸੁਖਦੀਪ ਸਿੰਘ ਬੌਂਦਲੀ ਯੂਥ ਪ੍ਰਧਾਨ, ਸਰਪੰਚ ਸੁਦਾਗਰ ਸਿੰਘ ਭਗਵਾਨਪੁਰਾ ਜਨਰਲ ਸਕੱਤਰ, ਕਰਮਜੀਤ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੇ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ।
Punjab Post Daily Online Newspaper & Print Media