ਕਪੂਰਥਲਾ ਜਿਲੇ ਨੇ 97.49 ਪਾਸ ਫੀਸਦ ਅੰਕ ਲੈ ਕੇ ਪੰਜਾਬ ‘ਚੋਂ ਹਾਸਿਲ ਕੀਤਾ ਪਹਿਲਾ ਸਥਾਨ
ਕਪੂਰਥਲਾ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰਵੀਂ ਦੇ ਇਮਤਿਹਾਨਾਂ ਦੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਨੇ
ਪ੍ਰਾਈਵੇਟ ਸਕੂਲਾਂ ਨੂੰ ਮਾਤ ਦਿੰਦਿਆਂ ਵੱਡੀ ਉਪਲੱਬਧੀ ਹਾਸਿਲ ਕੀਤੀ ਹੈ, ਜਿਸ ਦੇ ਚੱਲਦਿਆਂ ਜ਼ਿਲਾ ਕਪੂਰਥਲਾ ਪੂਰੇ ਪੰਜਾਬ ਵਿਚ ਪਾਸ ਪ੍ਰਤੀਸ਼ਤ ਦੇ ਮਾਮਲੇ ਵਿਚ ਪਹਿਲੇ ਨੰਬਰ `ਤੇ ਰਿਹਾ ਹੈ।
ਡਿਪਟੀ ਕਮਿਸ਼ਨਰ ਦੀਪਤੀ ਉਪਲ ਨੇ ਦੱਸਿਆ ਕਿ ਜਿਲੇ ਲਈ ਮਾਣ ਵਾਲੀ ਗੱਲ ਹੈ ਕਿ ਸਰਕਾਰੀ ਸਕੂਲਾਂ ਦੇ ਨਤੀਜੇ ਸ਼ਾਨਦਾਰ ਰਹੇ ਹਨ ਅਤੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਬਿਹਤਰੀਨ ਕਾਰੁਜ਼ਗਾਰੀ ਆਈ ਹੈ।ਉਨਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਮੁੱਢਲੇ ਢਾਂਚੇ ਅਤੇ ਵਾਤਾਵਰਣ ਦੀ ਅਣਹੌਂਦ ਦੀ ਅਕਸਰ ਕੀਤੀ ਜਾਂਦੀ ਗੱਲ ਨੂੰ ਮੁੱਢੋ ਨਕਾਰਦਿਆਂ ਸਰਕਾਰੀ ਸਕੂਲਾਂ ਦੇ ਨਤੀਜਿਆਂ ਨੇ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਨਤੀਜੇ ਪ੍ਰਾਪਤ ਕੀਤੇ ਹਨ। ਸਰਕਾਰੀ ਸਕੂਲਾਂ ਅੰਦਰ 10 ਫੀਸਦ ਦਾਖਲਿਆਂ ਦੇ ਵਾਧੇ ਨੇ ਦਰਸਾ ਦਿੱਤਾ ਹੈ ਕਿ ਲੋਕਾਂ ਦਾ ਸਰਕਾਰੀ ਸਕੂਲਾਂ ਵੱਲ ਅੱਗੋਂ ਨਾਲੋਂ ਵੱਧ ਧਿਆਨ ਵਧਿਆ ਹੈ।
ਉਨਾਂ ਕਿਹਾ ਕਿ ਜਿਲੇ ਦੇ ਪਹਿਲੇ ਪੰਜ ਟਾਪਰ ਵਿਦਿਆਰਥਣਾਂ ਨੇ ਜ਼ਿਲੇ ਦਾ ਨਾਂਅ ਰੋਸ਼ਨ ਕੀਤਾ ਹੈ।ਉਨਾਂ ਅੱਗੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਪਾਸ ਪ੍ਰਤੀਸ਼ਤ ਵਿਚ ਕਪੂਰਥਲਾ ਜ਼ਿਲੇ ਦੇ 97.49 ਫੀਸਦ, ਦੂਸਰੇ ਨੰਬਰ `ਤੇ ਰੂਪਨਗਰ ਜਿਲਾ 97.39 ਫੀਸਦ ਅੰਕ ਅਤੇ ਫਿਰੋਜ਼ਪੁਰ ਜਿਲਾ 97.37 ਫੀਸਦ ਲੈ ਕੇ ਤੀਸਰੇ ਸਥਾਨ `ਤੇ ਰਿਹਾ।ਦੂਜੀ ਤਰਫ ਉਪਰੋਕਤ ਜ਼ਿਲਿਆਂ ਦੇ ਪ੍ਰਾਈਵੇਟ ਸਕੂਲਾਂ ਦੇ ਨਤੀਜੇ ਕ੍ਰਮਵਾਰ 92.82 ਫੀਸਦ, 96.93 ਫੀਸਦ ਅਤੇ 95.65 ਫੀਸਦ ਰਹੇ।
ਫਗਵਾੜਾ ਅਤੇ ਸ਼ਹਿਰ ਕਪੂਰਥਲਾ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਟਾਪ 05 ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ ਅਤੇ ਉਨਾਂ ਸਕੂਲਾਂ ਦੇ ਪ੍ਰਿੰਸਪੀਲ ਵੀ ਔਰਤਾਂ ਹਨ। ਡਿਪਟੀ ਕਮਿਸ਼ਨਰ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਨਾਂ ਨਤੀਜਿਆਂ ਕਾਰਨ ਸਰਕਾਰੀ ਸਕੂਲਾਂ ਵਿਚ ਲੋਕਾਂ ਦਾ ਵਿਸ਼ਵਾਸ ਹੋਰ ਵਧੇਗਾ ਤੇ 10 ਫੀਸਦ ਤੋਂ ਵੱਧ ਦਾਖਲਾ ਵੀ ਵਧੇਗਾ।
ਵਿਦਿਆਰਥਣ ਕ੍ਰਿਸ਼ਨਾ, ਜਿਸ ਨੇ ਮੁੱਖ ਮੰਤਰੀ ਪੰਜਾਬ ਵਲੋਂ 5100 ਰੁਪਏ ਦਾ ਨਗਦ ਇਨਾਮ ਹਾਸਿਲ ਕੀਤਾ ਹੈ ਨੇ ਕਿਹਾ ਕਿ ਆਈ.ਆਈ.ਟੀ ਤੋਂ ਇੰਜੀਨੀਅਰਿੰਗ ਕਰਨ ਦਾ ਸੁਪਨਾ ਹੈ ਅਤੇ ਵਿਦਿਆਰਥਣ ਤ੍ਰਿਸ਼ਨਾ ਨੇ ਕਿਹਾ ਕਿ ਉਹ ਆਈ.ਪੀ.ਐਸ ਬਣੇਗੀ।
ਇਸ ਮੌਕੇ ਮੱਸਾ ਸਿੰਘ ਜ਼ਿਲਾ ਸਿੱਖਿਆ ਅਫਸਰ, ਬਿਕਰਮਜੀਤ ਸਿੰਘ ਡਿਪਟੀ ਡੀ.ਈ.ਓ ਅਤੇ ਸਕੂਲਾਂ ਦੇ ਪ੍ਰਿੰਸੀਪਲ ਵੀ ਮੋਜੂਦ ਸਨ।
Punjab Post Daily Online Newspaper & Print Media