ਬਠਿੰਡਾ, 30 ਜੁਲਾਈ (ਪੰਜਾਬ ਪੋਸਟ ਬਿਊਰੋ) – ਸਥਾਨਕ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ) ਦੇ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਵੱਲੋਂ ‘ਪੈਸ਼ਨ’ ਨਾਮਕ ਉਦਮਿਤਾ ਵਿਕਾਸ ਬਾਰੇ 5 ਰੋਜ਼ਾ ਆਨਲਾਈਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿਚ ਲਗਭਗ 150 ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਦਾਖਲਾ ਲਿਆ।ਰਿਜਨਲ ਸੈਂਟਰ ਫ਼ਾਰ ਇੰਟਰਪ੍ਰੀਨਿਓਰਸ਼ਿਪ ਡਿਵੈਲਪਮੈਂਟ ਦੇ ਡਾਇਰੈਕਟਰ ਪਰਮਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਣ ਅਤੇ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਉਨ੍ਹਾਂ ਨੇ ਵੱਖ-ਵੱਖ ਸਰਕਾਰੀ ਯੋਜਨਾਵਾਂ ਜਿਵੇਂ ਪੀ.ਐਮ.ਈ.ਜੀ.ਪੀ-1, ਪੀ.ਐਮ.ਈ.ਜੀ.ਪੀ-2, ਸਟੈਂਡ ਅੱਪ ਇੰਡੀਆ, ਮੇਕ ਇਨ ਇੰਡੀਆ, ਸਕਿੱਲ ਇੰਡੀਆ, ਮੁਦਰਾ, ਸੰਪਦਾ, ਐਮ.ਐਸ.ਐਮ.ਈ ਅਤੇ ਕੇ.ਵੀ.ਆਈ.ਸੀ ਦੇ ਕਲੱਸਟਰ ਵਿਕਾਸ ਆਦਿ ਬਾਰੇ ਵੇਰਵੇ ਪੇਸ਼ ਕੀਤੇ।
ਦੂਜੇ ਦਿਨ ਡਾ: ਮਨੀਸ਼ ਗੁਪਤਾ, ਡੀਨ, ਰਿਸਰਚ ਐਂਡ ਇਨੋਵੇਸ਼ਨ ਨੇ ‘ਸਟਾਰਟ ਅੱਪ ਕਿਵੇਂ ਬਣਾਈਏ’ ਬਾਰੇ ਭਾਸ਼ਣ ਦਿੱਤਾ। ਉਨ੍ਹਾਂ ਨੇ ਉਦਮਿਤਾ ਅਤੇ ਸਟਾਰਟ ਅੱਪ ਦੀ ਪਰਿਭਾਸ਼ਾ ਦੱਸੀ ਅਤੇ ਉਭਰ ਰਹੇ ਉੱਦਮੀਆਂ ਨੂੰ ਕਿਹਾ ਕਿ ਕੋਵਿਡ-19 ਦੇ ਲਾਕਡਾਊਨ ਦੌਰਾਨ ਉਹ ਆਪਣੇ ਵਿਚਾਰਾਂ ਪ੍ਰਤੀ ਵਿਸ਼ਵਾਸ ਨਾ ਗੁਆਉਣ, ਬਲਕਿ ਯੋਜਨਾ-ਬੀ ਨੂੰ ਵਿਚਾਰਨ ਅਤੇ ਨਵੀਨਤਾ ਦੇਣ।ਉਨ੍ਹਾਂ ਨੇ ਫੰਡਿੰਗ ਦੇ ਵੱਖ-ਵੱਖ ਪੜਾਵਾਂ ਜਿਵੇਂ ਸੀਡ ਫੰਡਿੰਗ, ਐਂਜਲ ਇਨਵੈਸਟਰ ਫੰਡਿੰਗ, ਵੈਂਚਰ ਕੈਪੀਟਲਿਸਟ ਅਤੇ ਆਈ.ਪੀ.ਓ ‘ਤੇ ਵੀ ਚਾਨਣਾ ਪਾਇਆ।
ਤੀਜੇ ਦਿਨ ਸਾਤਰਾ ਕੈਪੀਟਲ ਐਡਵਾਈਜ਼ਰ ਦੇ ਸੰਸਥਾਪਕ ਪ੍ਰਬੀਰ ਮਿਸ਼ਰਾ ਨੇ ਦੱਸਿਆ ਉਹ ਸਟਾਰਟ ਅੱਪਾਂ ਅਤੇ ਇਨਕੁਬੇਟਰਾਂ ਨਾਲ ਕੰਮ ਕਰ ਰਿਹਾ ਹੈ ਅਤੇ ਉਸ ਦਾ ਨਿਵੇਸ਼ ਬੈਂਕਿੰਗ ਵਿੱਚ 20 ਸਾਲ ਦਾ ਤਜਰਬਾ ਹੈ।ਉਨ੍ਹਾਂ ਨੇ ਉਭਰ ਰਹੇ ਉਦਮੀਆਂ ਨੂੰ ਸਲਾਹ ਦਿੱਤੀ ਕਿ ਉਹ ਸਟਾਰਟਅਪ ਤੇ ਜਾਣ ਤੋਂ ਪਹਿਲਾਂ ਇਕ ਪੂਰੀ ਵੈਲਯੂ ਚੇਨ ਵਿਚੋਂ ਲੰਘਣ।ਉਨ੍ਹਾਂ ਕਿਹਾ ਕਿ ਹਰ ਕਿਸਮ ਦੇ ਸਟਾਰਟ ਅੱਪ ਲਈ ਤਕਨਾਲੋਜੀ ਜਿਵੇਂ ਬਲਾਕ ਚੈਨ, ਆਰਟੀਫਿਸ਼ੀਅਲ ਇੰਟੈਲੀਜੈਂਸ ਆਦਿ ਦਾ ਹੋਣਾ ਬਿਹਤਰ ਹੈ।ਮਿਸ਼ਰਾ ਨੇ ਕਿਹਾ ਕਿ ਪ੍ਰਚਲਿਤ ਦ੍ਰਿਸ਼ਟੀਕੋਣ ਵਿੱਚ ਫੂਡ ਸਟਾਰਟ ਅੱਪ ਇੱਕ ਮਹੱਤਵਪੂਰਨ ਸਟਾਰਟ ਅੱਪ ਹੁੰਦਾ ਹੈ।ਉਨ੍ਹਾਂ ਨੇ ਬੈਲੇਂਸ ਸ਼ੀਟਾਂ, ਲਾਭ ਅਤੇ ਘਾਟੇ ਦੀਆਂ ਸਟੇਟਮੈਂਟਾਂ ਅਤੇ ਨਕਦ ਪ੍ਰਵਾਹ ਬਾਰੇ ਵੀ ਦੱਸਿਆ।
ਚੌਥੇ ਦਿਨ ਪਹਿਲੇ ਸੈਸ਼ਨ ਦੀ ਸ਼ੁਰੂਆਤ ਪੰਪਕਾਰਟ ਦੇ ਸੰਸਥਾਪਕ ਅਤੇ ਸੀ.ਈ.ਓ ਕੇ ਐਸ ਭਾਟੀਆ ਨੇ ਕੀਤੀ।ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੋਈ ਸੁਪਨਾ ਛੋਟਾ ਨਹੀਂ ਹੁੰਦਾ ਅਤੇ ਕੁੱਝ ਵੀ ਅਸੰਭਵ ਨਹੀਂ ਹੁੰਦਾ।ਈ-ਕਾਮਰਸ ਵਿਚ ਨਵੇਂ ਰੁਝਾਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਈ-ਕਾਮਰਸ ਬਹੁਤ ਪ੍ਰਫੁੱਲਿਤ ਹੋਵੇਗਾ। ਉਨ੍ਹਾਂ ਦੱਸਿਆ ਕਿ 25% ਕਾਰੋਬਾਰ ਹੁਣ ਆਫ਼ਲਾਈਨ ਤੋਂ ਆਨਲਾਈਨ ਵੱਲ ਤਬਦੀਲ ਹੋ ਰਿਹਾ ਹੈ ਅਤੇ ਅਗਲਾ ਦਹਾਕਾ ਹਾਈਪਰ ਲੋਕਲ ਈ-ਕਾਮਰਸ ਦਾ ਹੋਵੇਗਾ।ਉਨ੍ਹਾਂ ਨੇ ਆਪਣੀ ਕੰਪਨੀ ਪੰਪਕਾਰਟ ਦੇ ਦ੍ਰਿਸ਼ਟੀਕੋਣ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਕਿ ਇਹ ਕਿਵੇਂ ਹਾਈਪਰ ਲੋਕਲ ਹੋਣ ਜਾ ਰਿਹਾ ਹੈ।ਦੂਸਰੇ ਸੈਸ਼ਨ ਵਿੱਚ ਹੈਦਰਾਬਾਦ ਵਿਖੇ ਸਥਿਤ ਇਨਕਿਊਬੇਸ਼ਨ ਸੈਂਟਰ ਏ-ਆਈਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਜੈ ਨਦੀਮਿਤੀ ਨੇ ਬਿਜ਼ਨਸ ਮਾਡਲ ਕੈਨਵਸ ਅਤੇ ਪਿੱਚ ਪੇਸ਼ਕਾਰੀ ਬਾਰੇ ਗੱਲ ਕੀਤੀ।ਉਨ੍ਹਾਂ ਨੇ ਬਿਜ਼ਨਸ ਮਾਡਲ ਕੈਨਵਸ ਦੇ ਸਾਰੇ 9 ਪੁਆਇੰਟਾਂ ਦੇ ਫ਼ਾਇਦਿਆਂ ਦੀ ਸ਼ਲਾਘਾ ਕੀਤੀ।ਉਨ੍ਹਾਂ ਦੱਸਿਆ ਕਿ ਪਿੱਚ ਵਿੱਚ ਸਾਰੇ ਪਹਿਲੂਆਂ ਜਿਵੇਂ ਕਿ ਆਈਡੀਆ, ਬਿਜ਼ਨਸ ਮਾਡਲ, ਯੂ.ਐਸ.ਪੀ, ਮਾਰਕੀਟਿੰਗ ਰਣਨੀਤੀ ਅਤੇ ਸਟਾਰਟ ਅੱਪ ਵਿੱਚ ਕਿਉਂ ਨਿਵੇਸ਼ ਕੀਤਾ ਜਾਵੇ ਆਦਿ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਆਖ਼ਰੀ ਦਿਨ, ਡਾ. ਪੁਨੀਤ ਦਿਵੇਦੀ ਪ੍ਰੋਫੈਸਰ ਅਤੇ ਡਾਇਰੈਕਟਰ ਮਾਡਰਨ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਇੰਦੌਰ ਨੇ ‘ਬਿਜ਼ਨਸ ਆਈਡੀਆ ਵੈਲਿਡੇਸ਼ਨ’ ਵਿਸ਼ੇ ‘ਤੇ ਭਾਸ਼ਣ ਦਿੱਤਾ।ਉਨਾਂ ਕਿਹਾ ਕਿ ਇਹ ਗਾਹਕ, ਸਲਾਹਕਾਰ, ਸੁਸਾਇਟੀ ਅਤੇ ਮਾਰਕੀਟ ਬਿਜ਼ਨਸ ਆਈਡੀਆ ਨੂੰ ਪ੍ਰਮਾਣਿਤ ਕਰਦੇ ਹਨ। ਉਸ ਨੇ ਵਿਚਾਰ ਨੂੰ ਯੋਗ ਮੰਨਣ ਲਈ ਚਾਰ-ਪੁਆਇੰਟ ਫ਼ਾਰਮੂਲਾ ਵਿਸਥਾਰ ਨਾਲ ਦੱਸਿਆ ਜਿਵੇਂ ਵਿਚਾਰ ਦੇ ਪਿੱਛੇ ਟੀਚਾ, ਕਲਪਨਾ ਅਤੇ ਮਾਰਕੀਟ ਖੋਜ, ਪ੍ਰਯੋਗ ਅਤੇ ਸੁਧਾਰ ਆਦਿ।
ਅੰਤ ਵਿੱਚ, ਡੀ.ਮਨੀਸ਼ ਗੁਪਤਾ, ਡੀਨ ਆਰ ਐਂਡ ਆਈ ਅਤੇ ਮੁਖੀ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਨੇ ਧੰਨਵਾਦ ਦਾ ਪ੍ਰਸਤਾਵ ਪੇਸ਼ ਕੀਤਾ ਅਤੇ ‘ਪੈਸ਼ਨ’ ਨਾਮਕ ਉਦਮਿਤਾ ਵਿਕਾਸ ਪ੍ਰੋਗਰਾਮ ਦੇ ਸਾਰੇ 5 ਦਿਨਾਂ ਦੀ ਰਿਪੋਰਟ ਪੜੀ। ਬੀ.ਐਫ.ਜੀ.ਆਈ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਲਈ ਪ੍ਰੇਰਿਤ ਕੀਤਾ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …