ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ ਉਦਘਾਟਨ
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ) – ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਜਿਲ੍ਹਾ ਹੁਸ਼ਿਆਰਪੁਰ ਵੱਲੋਂ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਲੋੜਵੰਦਾਂ ਦੀ ਸਹਾਇਤਾ ਲਈ ਰੋਜ਼ਾਨਾ ਲੱਗਣ ਵਾਲੇ ਲੰਗਰ ਦੀ ਸ਼ੁਰੂਆਤ ਕੀਤੀ ਗਈੇ।ਲੰਗਰ ਦਾ ਉਦਘਾਟਨ ਸ਼ਿਵਦੁਲਾਰ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਰਾਜ ਵਿੱਚ 25 ਹਸਪਤਾਲਾਂ ਵਿੱਚ ਮੁਫ਼ਤ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਲੋੜਵੰਦਾਂ ਨੂੰ ਤਿੰਨੇ ਟਾਈਮ ਦਾ ਖਾਣਾ ਮੁਫ਼ਤ ਵਿੱਚ ਮੁਹੱਈਆ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਲੰਗਰ ਸੇਵਾ ਸੰਸਥਾ ਵੱਲੋਂ ਰੋਜ਼ਾਨਾ ਕਰੀਬ 72000 ਸੰਗਤਾਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ।
ਢਿਲੋਂ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਲੋੜਵੰਦ ਲੋਕਾਂ ਲਈ ਫ੍ਰੀ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵੱਲੋਂ ਅੰਮਿ੍ਰਤਸਰ, ਜਲੰਧਰ, ਲੁਧਿਆਣਾ ਅਤੇ ਹਸ਼ਿਆਰਪੁਰ ਦੇ ਰੇਲਵੇ ਸਟੇਸ਼ਨਾਂ ਦੇ ਨਾਲ ਨਾਲ ਬੱਸ ਸਟੈਂਡਾਂ ‘ਤੇ ਵੀ ਲੋੜਵੰਦਾਂ ਲਈ ਲੰਗਰ ਲਗਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਵੀ ਪੰਜਾਬ ਵਿੱਚ ਰਾਜ ਵਿੱਚ ਆਮ ਜਨਤਾ ਨੂੰ ਰੋਟੀ ਦਾ ਪ੍ਰਬੰਧ ਕਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ, ਉਸ ਸਮੇਂ ਵੀ ਇਸ ਸੰਸਥਾ ਵੱਲੋਂ ਰੋਜਾਨਾ ਕਰੀਬ 1,80,000 ਸੰਗਤਾਂ ਲਈ ਲੰਗਰ ਤਿਆਰ ਕਰਕੇ 30 ਗੱਡੀਆਂ ਰਾਹੀਂ ਪੂਰੇ ਪੰਜਾਬ ਵਿੱਚ ਪਹੁੰਚਾਇਆ ਜਾਂਦਾ ਸੀ ਜਿਸ ‘ਤੇ ਰੋਜਾਨਾ ਕਰੀਬ 12 ਲੱਖ ਰੁਪਏ ਖਰਚ ਕੀਤਾ ਜਾਂਦਾ ਸੀ।
ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਸਿਧਾਂਤ ਅਨੁਸਾਰ ਆਓ ਸਾਰੇ ਰਲ ਕੇ ਮਾਨਵਤਾ ਦੇ ਭਲੇ ਲਈ ਇਸ ਲੰਗਰ ਸੇਵਾ ਵਿੱਚ ਆਪਣੀ ਸ਼ਰਧਾ ਨਾਲ ਦਸਵੰਧ ਪਾ ਕੇ ਲੋੜਵੰਦਾਂ ਦੀ ਵੱਧ ਤੋਂ ਵੱਧ ਸੇਵਾ ਕਰਕੇ ਆਪਣਾ ਮਨੁੱਖੀ ਜੀਵਨ ਸਫਲ ਬਣਾਈਏ।ਇਸ ਮੌਕੇ ਮੈਡਮ ਅਲਕਾ ਕਾਲੀਆ ਐਸ.ਡੀ.ਐਮ ਮਜੀਠਾ ਅਤੇ ਬੂਟਾ ਸਿੰਘ ਲੰਗਰ ਸੇਵਾ ਸੰਸਥਾ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਵੱਲੋਂ ਕੋਵਿਡ 19 ਮਹਾਂਮਾਰੀ ਤੋਂ ਬਚਣ ਲਈ ਲੋਕਾਂ ਵਿੱਚ ਮਾਸਕਾਂ ਦੀ ਵੰਡ ਕੀਤੀ ਗਈ ਅਤੇ ਖੁਦ ਲੋੜਵੰਦਾਂ ਨੂੰ ਮਾਸਕ ਲਗਾਏ। ਉਨ੍ਹਾਂ ਨੇ ਕਿਹਾ ਕਿ ਜਿਲੇ੍ਹ ਵਿੱਚ ਲੋੜਵੰਦ ਲੋਕਾਂ ਨੂੰ ਜਲਦੀ ਹੀ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਮਾਸਕਾਂ ਦੀ ਵੰਡ ਕੀਤੀ ਜਾਵੇਗੀ।