ਨਕਲੀ ਸ਼ਰਾਬ ਦੀ ਭੇਂਟ ਚੜ੍ਹੇ ਮਿ੍ਤਕਾਂ ਦੇ ਪਰਿਵਾਰਾਂ ਨੂੰ ਮਿਲੇ ਵਿਰੋਧੀ ਧਿਰ ਦੇ ਨੇਤਾ
ਜੰਡਿਆਲਾ, 31 ਜੁਲਾਈ (ਹਰਿੰਦਰਪਾਲ ਸਿੰਘ) – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ
ਸੂਬੇ ‘ਚ ਧੜੱਲੇ ਨਾਲ ਚੱਲ ਰਹੇ ਸ਼ਰਾਬ ਮਾਫ਼ੀਆ ਲਈ ਸਿੱਧਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਉਨ੍ਹਾਂ ਕਿਹਾ ਕਿ ਸਰਕਾਰੀ ਸਰਪ੍ਰਸਤੀ ਹੇਠ ਚੱਲ ਰਿਹਾ ਇਹ ਸ਼ਰਾਬ ਮਾਫ਼ੀਆ ਨਾ ਸਿਰਫ਼ ਪੰਜਾਬ ਦੇ ਖ਼ਜ਼ਾਨੇ ਅਤੇ ਲੋਕਾਂ ਦੀਆਂ ਜੇਬਾਂ ਨੂੰ ਲੁੱਟ ਰਿਹਾ ਹੈ, ਸਗੋਂ ਜਨਤਾ ਦੀਆਂ ਜ਼ਿੰਦਗੀਆਂ ਨਾਲ ਵੀ ਖਿਲਵਾੜ ਕਰ ਰਿਹਾ ਹੈ।ਮੁੱਛਲ ਅਤੇ ਟਾਂਗਰਾਂ ਦੇ ਪਰਿਵਾਰਾਂ ‘ਤੇ ਜੋ ਕਹਿਰ ਟੁੱਟਾ ਹੈ, ਇਸ ਲਈ ਕੋਈ ਹੋਰ ਨਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਅਸਲੀ ਦੋਸ਼ੀ ਹਨ, ਜੋ ਆਬਕਾਰੀ ਮਹਿਕਮੇ ਦੇ ਮੰਤਰੀ ਵੀ ਹਨ।
ਇੱਥੋਂ ਨੇੜਲੇ ਪਿੰਡਾਂ ਮੁੱਛਲ ਅਤੇ ਟਾਂਗਰਾ ਪਹੁੰਚ ਕੇ ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।ਹਰਪਾਲ ਸਿੰਘ ਚੀਮਾ ਨੇ ਇਸ ਪੂਰੀ ਤ੍ਰਾਸਦੀ ਦੀ ਸਮਾਂਬੱਧ ਅਤੇ ਨਿਰਪੱਖ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਕੋਲੋਂ ਕਰਵਾਉਣ ਤੋਂ ਇਲਾਵਾ ਪੀੜਿਤ ਪਰਿਵਾਰਾਂ ਨੂੰ ਘੱਟ ਤੋਂ ਘੱਟ 20 ਲੱਖ ਰੁਪਏ ਦਾ ਮੁਆਵਜ਼ਾ, ਇਕ-ਇਕ ਮੈਂਬਰ ਨੂੰ ਨੌਕਰੀ ਅਤੇ ਮੁਲਾਜ਼ਮਾਂ ਖਿਲਾਫ ਕਤਲ ਦਾ ਪਰਚਾ ਦਰਜ਼ ਕਰਨ ਦੀ ਮੰਗ ਕੀਤੀ।ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਪਣੀ ਮਿਹਨਤ ਨਾਲ ਰੋਜ਼ ਕਮਾਉਣ ਅਤੇ ਪਰਿਵਾਰ ਚਲਾਉਣ ਵਾਲੇ ਇਹ ਸਾਰੇ ਮ੍ਰਿਤਕ ਅਸਲ ‘ਚ ਭ੍ਰਿਸ਼ਟ ਅਤੇ ਬੇਕਿਰਕ ਸਿਸਟਮ ਦੀ ਭੇਂਟ ਚੜ੍ਹੇ ਹਨ।ਉਨ੍ਹਾਂ ਨਾਲ ਆਮ ਆਦਮੀ ਪਾਰਟੀ (ਆਪ) ਦੇ ਮਾਝਾ ਜੋਨ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਦਲਬੀਰ ਸਿੰਘ ਟੋਂਗ ਹਲਕਾ ਇੰਚਾਰਜ ਬਾਬਾ ਬਕਾਲਾ, ਹਰਭਜਨ ਸਿੰਘ ਈ.ਟੀ.ਓ ਹਲਕਾ ਇੰਚਾਰਜ ਜੰਡਿਆਲਾ ਸਮੇਤ ਹੋਰ ਆਗੂ ਮੌਜ਼ੂਦ ਸਨ।
Punjab Post Daily Online Newspaper & Print Media