ਸ਼ਿਵਦੁਲਾਰ ਸਿੰਘ ਢਿਲੋਂ ਨੇ ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋ ਕੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 31 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਜੋ ਕਿ ਅੱਜ 31 ਜੁਲਾਈ ਨੂੰ ਸੇਵਾ ਮੁਕਤ ਹੋਏ ਹਨ, ਦੇ ਸਥਾਨ ‘ਤੇ
ਗੁਰਪ੍ਰੀਤ ਸਿੰਘ ਖਹਿਰਾ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਾ ਅਹੁੱਦਾ ਸੰਭਾਲ ਲਿਆ ਹੈ।ਦੋਵੇਂ ਅਧਿਕਾਰੀ ਅੱਜ ਬਾਅਦ ਦੁਪਹਿਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ।
ਢਿੱਲੋਂ ਨੇ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੇ ਕਿਹਾ ਕਿ ਗੁਰੂ ਕ੍ਰਿਪਾ ਨਾਲ ਹੀ ਮੈਨੂੰ ਇਸ ਇਤਹਾਸਕ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ।ਉਨਾਂ ਜ਼ਿਲਾ ਵਾਸੀਆਂ ਵਲੋਂ ਮਿਲੇ ਭਰਵੇਂ ਸਹਿਯੋਗ ਲਈ ਧੰਨਵਾਦ ਕਰਦੇ ਕਿਹਾ ਕਿ ਅੰਮ੍ਰਿਤਸਰ ਦੀਆਂ ਯਾਦਾਂ ਸਦਾ ਉਨਾਂ ਦੇ ਮਨ ‘ਤੇ ਉਕਰੀਆਂ ਰਹਿਣਗੀਆਂ।
ਗੁਰਪ੍ਰੀਤ ਸਿੰਘ ਖਹਿਰਾ, ਜੋ ਕਿ ਪਠਾਨਕੋਟ ਤੋਂ ਤਬਦੀਲ ਹੋ ਕੇ ਅੰਮ੍ਰਿਤਸਰ ਆਏ ਹਨ, ਨੇ ਡਿਪਟੀ ਕਮਿਸ਼ਨਰ ਦਾ ਅਹੁੱਦਾ ਸੰਭਾਲਣ ਤੋਂ ਪਹਿਲਾਂ ਗੁਰੂ ਰਾਮਦਾਸ ਦੇ ਪਵਿੱਤਰ ਸਥਾਨ ‘ਤੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ ਅਤੇ ਅਰਦਾਸ ਕੀਤੀ ਕਿ ਵਾਹਿਗੁਰੂ ਨੇ ਉਨਾਂ ਨੂੰ ਅੰਮ੍ਰਿਤਸਰ ਦੀ ਸੇਵਾ ਦਾ ਜੋ ਸੁਭਾਗ ਦਿੱਤਾ ਹੈ, ਉਹ ਉਸ ‘ਤੇ ਪੂਰਾ ਉਤਰ ਸਕਣ।
ਖਹਿਰਾ ਨੇ ਕੋਵਿਡ-19 ਸੰਕਟ ਨਾਲ ਨਜਿੱਠਣ ਲਈ ਜਿਲਾ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦੇ ਕਿਹਾ ਕਿ ਇਸ ਮਹਾਂਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਓ ਅਤੇ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਘਰੋਂ ਨਾ ਨਿਕਲੋ।
ਸ੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ, ਮੈਨੇਜਰ ਮੁਖਤਾਰ ਸਿੰਘ, ਸੁਖਦੇਵ ਸਿੰਘ ਭੂਰਾਕੋਨਾ, ਕੁਲਵਿੰਦਰ ਸਿੰਘ ਰਮਦਾਸ, ਤਜਿੰਦਰ ਸਿੰਘ, ਰਜਿੰਦਰ ਸਿੰਘ ਰੂਬੀ, ਜਸਵਿੰਦਰ ਸਿੰਘ ਜੱਸੀ, ੱ ਅੰਮ੍ਰਿਤਪਾਲ ਸਿੰਘ ਨੇ ਦੋਵਾਂ ਅਧਿਕਾਰੀਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਐਸ.ਡੀ.ਐਮ ਵਿਕਾਸ ਹੀਰਾ, ਨਿੱਜੀ ਸਕੱਤਰ ਦੀਪਕ ਅਰੋੜਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media