Tuesday, March 17, 2026

ਜ਼ਹਿਰੀਲੀ ਤੇ ਨਕਲੀ ਸ਼ਰਾਬ ਮਾਮਲੇ ‘ਚ 7 ਹੋਰ ਗ੍ਰਿਫਤਾਰ – ਕੁੱਲ ਗਿਣਤੀ ਹੋਈ 8

ਜ਼ਹਿਰੀਲੀ ਸ਼ਰਾਬ ਨਾਲ 38 ਮੌਤਾਂ ਕਾਰਨ ਪੁਲਿਸ ਨੇ ਛਾਪੇਮਾਰੀ ਲਈ 5 ਟੀਮਾਂ ਦਾ ਕੀਤਾ ਗਠਨ

ਚੰਡੀਗੜ੍ਹ, 31 ਜੁਲਾਈ (ਪੰਜਾਬ ਪੋਸਟ ਬਿਊਰੋ) – ਸੂਬੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੀ ਗਿਣਤੀ 38 ਹੋ ਗਈ ਹੈ, ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦਿਹਾਤੀ, ਬਟਾਲਾ ਅਤੇ ਤਰਨ ਤਾਰਨ ਜ਼ਿਲਿਆਂ ਤੋਂ ਸ਼ਰਾਬ ਦੀ ਤਸਕਰੀ ਕਰਨ ਵਾਲੇ 7 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।ਸੀਨੀਅਰ ਅਧਿਕਾਰੀਆਂ ਦੀ ਅਗਵਾਈ ‘ਚ ਪੰਜ ਟੀਮਾਂ ਵੱਲੋਂ 40 ਤੋਂ ਵੱਧ ਛਾਪੇ ਮਾਰੇ ਗਏ।
                  ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਮੱਦੇਨਜ਼ਰ ਹੁਣ ਤੱਕ ਫੜੇ ਗਏ ਵਿਅਕਤੀਆਂ ਦੀ ਗਿਣਤੀ 8 ਹੋ ਗਈ ਹੈ, ਜਿਨਾਂ ਵਿੱਚ ਬਲਵਿੰਦਰ ਕੌਰ ਵੀ ਸ਼ਾਮਲ ਹੈ।ਜਿਸ ਨੂੰ ਬੀਤੀ ਰਾਤ ਮੁਛਲ ਪਿੰਡ ਥਾਣਾ ਤਰਸਿੱਕਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
                  ਡੀ.ਜੀ.ਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ, ਡਰੱਮ, ਸਟੋਰੇਜ ਕੈਨ ਆਦਿ ਬਰਾਮਦ ਕੀਤੇ ਗਏ ਹਨ ਅਤੇ ਉਕਤ ਸ਼ਰਾਬ ਜਾਂਚ ਕਰਨ ਲਈ ਰਸਾਇਣਕ ਵਿਸ਼ਲੇਸ਼ਣ ਲਈ ਭੇਜੀ ਗਈ ਹੈ।ਉਨਾਂ ਨੇ ਕਿਹਾ ਕਿ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ।ਪੁਲਿਸ ਟੀਮਾਂ ਇਸ ਖੇਤਰ ਵਿਚ ਸ਼ਰੇਆਮ ਚੱਲ ਰਹੇ ਸ਼ਰਾਬ ਮਾਫੀਆ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਸਬੰਧਤ ਮਾਮਲੇ ਵਿਚ ਸ਼ਾਮਲ ਸਾਰੇ ਵਿਅਕਤੀਆਂ ‘ਤੇ ਨਕੇਲ ਕੱਸੀ ਜਾਵੇਗੀ।
                   ਬਲਵਿੰਦਰ ਕੌਰ ਅਤੇ ਮਿੱਠੂ ਨੂੰ ਅੰਮ੍ਰਿਤਸਰ ਦਿਹਾਤੀ ਜ਼ਿਲੇ ਤੋਂ ਗ੍ਰਿਫਤਾਰ ਕੀਤਾ ਗਿਆ, ਜਦੋਂਕਿ ਬਟਾਲਾ ਜ਼ਿਲੇ ਤੋਂ ਕਾਬੂ ਕੀਤੇ ਦੋ ਵਿਅਕਤੀਆਂ ਦੀ ਪਛਾਣ ਦਰਸ਼ਨ ਰਾਣੀ ਅਤੇ ਰਾਜਨ ਵਜੋਂ ਤੋਂ ਕੀਤੀ ਗਈ ਹੈ।ਚਾਰ ਹੋਰ ਵਿਅਕਤੀਆਂ ਕਸ਼ਮੀਰ ਸਿੰਘ, ਅੰਗਰੇਜ ਸਿੰਘ, ਅਮਰਜੀਤ ਅਤੇ ਬਲਜੀਤ ਨੂੰ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
                  ਡੀ.ਜੀ.ਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਚਾਰ ਮੁਲਜਮਾਂ ਖਿਲਾਫ ਥਾਣਾ ਸਦਰ ਤਰਨਤਾਰਨ ਵਿਖੇ ਐਫ.ਆਈ.ਆਰ ਨੰ. 253 ਮਿਤੀ 31 ਜੁਲਾਈ 2020 ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ ਜਿੰਨਾਂ ਨੇ ਪਿੰਡ ਨੌਰੰਗਾਬਾਦ ਵਿਖੇ ਸ਼ਰਾਬ ਦੀ ਸਪਲਾਈ ਕਰਨ ਬਾਰੇ ਮੰਨਿਆ ਹੈ।ਉਨਾਂ ਕਿਹਾ ਕਿ ਮਿੱਠੂ ਨਾਮ ਦੇ ਜਿਸ ਵਿਅਕਤੀ ਨੂੰ ਅੱਜ ਪਿੰਡ ਜੱਸੋ ਨੰਗਲ ਥਾਣਾ ਖਿਲਚੀਆਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਉਸ ਨੇ ਵੀ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਕਰਨ ਬਾਰੇ ਮੰਨਿਆ ਹੈ।
                 ਸ਼ੁਕਰਵਾਰ ਸ਼ਾਮ ਤੱਕ ਅੰਮ੍ਰਿਤਸਰ ਦਿਹਾਤੀ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਵਾਲੇ 10 ਵਿਅਕਤੀ, ਬਟਾਲਾ ਵਿੱਚ 9 ਅਤੇ ਤਰਨਤਾਰਨ ਵਿੱਚ 19 ਵਿਅਕਤੀਆਂ ਦੀ ਮੌਤ ਹੋ ਗਈ ਹੈ।ਡੀ.ਜੀ.ਪੀ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ, ਕਿਉਂਕਿ ਸਪੱਸ਼ਟ ਤੌਰ ‘ਤੇ ਕਈ ਇਲਾਕਿਆਂ ਵਿੱਚ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਦਾ ਨੈਟਵਰਕ ਫੈਲਿਆ ਹੋਇਆ ਹੈ।ਉਨਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿਛ ਕਰਨ ਤੋਂ ਬਾਅਦ ਇਸ ਮਾਮਲੇ ਵਿਚ ਹੋਰ ਗਿਰਫਤਾਰੀਆਂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
              ਯਾਦ ਰਹੇ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਡਵੀਜ਼ਨਲ ਕਮਿਸਨਰ ਜਲੰਧਰ ਰਾਹੀਂ ਇਸ ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਆਦੇਸ਼ ਦੇ ਚੁੱਕੇ ਹਨ।ਇਸ ਜਾਂਚ ਦੌਰਾਨ ਤੱਥਾਂ ਅਤੇ ਹਾਲਤਾਂ ਦੀ ਘੋਖ ਕੀਤੀ ਜਾਏਗੀ ਅਤੇ ਨਾਲ ਹੀ ਇਸ ਘਟਨਾ ਨਾਲ ਜੁੜੇ ਕਿਸੇ ਵੀ ਹੋਰ ਮੁੱਦੇ ਜਾਂ ਘਟਨਾਵਾਂ ਨਾਲ ਸਬੰਧਤ ਹਾਲਾਤਾਂ ਅਤੇ ਉਸ ਤੋਂ ਬਾਅਦ ਦੇ ਹਾਲਾਤਾਂ ਦੀ ਪੜਤਾਲ ਕੀਤੀ ਜਾਵੇਗੀ।ਇਕ ਸਰਕਾਰੀ ਬੁਲਾਰੇ ਅਨੁਸਾਰ ਇਸ ਘਟਨਾ ਦੀ ਜਾਂਚ ਵਿੱਚ ਕਮਿਸਨਰ ਜਲੰਧਰ, ਸਬੰਧਤ ਜੁਆਇੰਟ ਆਬਕਾਰੀ ਅਤੇ ਕਰ ਕਮਿਸਨਰ ਪੰਜਾਬ ਅਤੇ ਸਬੰਧਤ ਜਿਲਿਆਂ ਦੇ ਐਸ.ਪੀ ਸ਼ਾਮਲ ਕੀਤੇ ਗਏ ਹਨ।
                ਮੁੱਖ ਮੰਤਰੀ ਨੇ ਕਮਿਸਨਰ ਜਲੰਧਰ ਡਿਵੀਜਨ ਨੂੰ ਇਸ ਕੇਸ ਦੀ ਤਫਤੀਸ਼ ਦੇ ਜਲਦੀ ਨਿਪਟਾਰੇ ਲਈ ਕਿਸੇ ਵੀ ਸਿਵਲ/ਪੁਲਿਸ ਅਧਿਕਾਰੀ ਜਾਂ ਕਿਸੇ ਮਾਹਿਰ ਦਾ ਸਹਿਯੋਗ ਲੈਣ ਦੀ ਖੁੱਲ ਦਿੱਤੀ ਹੈ।ਉਨਾਂ ਨੇ ਇਸ ਕੇਸ ਵਿਚ ਕਿਸੇ ਨੂੰ ਵੀ ਦੋਸ਼ੀ ਪਾਏ ਜਾਣ ’ਤੇ ਉਸ ਵਿਰੁੱਧ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …