Thursday, August 20, 2026

ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ – ਡਿੰਪਾ

ਇਲਾਜ਼ ਦਾ ਸਾਰਾ ਖਰਚਾ ਪੰਜਾਬ ਸਰਕਾਰ ਕਰੇਗੀ-ਡੈਨੀ

ਜੰਡਿਆਲਾ ਗੁਰੁ, 1 ਅਗਸਤ (ਹਰਿੰਦਰ ਪਾਲ ਸਿੰਘ) – ਇਥੋਂ ਨੇੜਲੇ ਪਿੰਡ ਮੁੱਛਲ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ‘ੁਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤਰਫੋਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਹਲਕਾ ਖਡੂਰ ਸਾਹਿਬ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਮਾਰੇ ਗਏ ਵਿਅਕਤੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਇਕ-ਇਕ ਲੱਖ ਰੁਪਏ ਦੀ ਫੌਰੀ ਸਹਾਇਤਾ ਦਾ ਐਲਾਨ ਕੀਤਾ।ਉਨਾਂ ਕਿਹਾ ਕਿ ਮੁੱਖ ਮੰਤਰੀ ਸਾਰੇ ਮਾਮਲੇ ‘ਤੇ ਪੁਲਿਸ ਅਧਿਕਾਰੀਆਂ ਨਾਲ ਰਾਬਤਾ ਰੱਖ ਰਹੇ ਹਨ ਅਤੇ ਉਨਾਂ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ 48 ਘੰਟੇ ਦਾ ਸਮਾਂ ਦਿੱਤਾ ਹੈ।ਡਿੰਪਾ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ ਪੰਜ ਟੀਮਾਂ ਵੱਲੋਂ 50 ਤੋਂ ਵੱਧ ਛਾਪੇ ਮਾਰੇ ਗਏ ਹਨ ਅਤੇ ਹੁਣ ਤੱਕ 8 ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ।ਡਿੰਪਾ ਨੇ ਭਰੋਸਾ ਦਿੱਤਾ ਕਿ ਇਸ ਵਿਚ ਸ਼ਾਮਿਲ ਸਾਰੇ ਮੁਲਜ਼ਮ ਫੜੇ ਜਾਣਗੇ ਅਤੇ ਉਨਾਂ ਦੀਆਂ ਨਸ਼ਾ ਵੇਚ ਕੇ ਬਣਾਈਆਂ ਗਈਆਂ ਜਾਇਦਾਦਾਂ ਕੁਰਕ ਕੀਤੀਆਂ ਜਾਣਗੀਆਂ ।
ਡਿੰਪਾ ਨੇ ਦੱਸਿਆ ਕਿ ਮੁੱਖ ਮੰਤਰੀ ਪਹਿਲਾਂ ਹੀ ਡਵੀਜ਼ਨਲ ਕਮਿਸਨਰ ਜਲੰਧਰ ਰਾਹੀਂ ਇਸ ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਆਦੇਸ਼ ਦੇ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਐਸ.ਐਸ.ਪੀ ਅੰਮ੍ਰਿਤਸਰ ਧੁਰਵ ਦਾਹੀਆ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਜਾਂਚ ਕਰ ਰਹੀ ਹੈ ।
            ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਵੀ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਹਸਪਤਾਲ ਵਿੱਚ ਇਲਾਜ ਅਧੀਨ ਸਾਰੇ ਵਿਅਕਤੀਆਂ ਦਾ ਇਲਾਜ਼ ਪੰਜਾਬ ਸਰਕਾਰ ਦੀ ਤਰਫੋਂ ਕਰਵਾਉਣ ਦਾ ਐਲਾਨ ਕਰਦੇ ਕਿਹਾ ਕਿ ਇਸ ਘਿਨਾਉਣੇ ਕਾਰੇ ਵਿਚ ਸ਼ਾਮਿਲ ਸਾਰੇ ਦੋਸ਼ੀ, ਚਾਹੇ ਉਹ ਕਿਸੇ ਵੀ ਅਹੁਦੇ ਉਤੇ ਕਿਉਂ ਨਾ ਹੋਣ, ਬਖਸ਼ੇ ਨਹੀਂ ਜਾਣ ਗੇ।ਡਿੰਪਾ ਅਤੇ ਡੈਨੀ ਪਿੰਡ ਵਿਚ ਕਿਸਾਨ ਯੂਨੀਅਨਾਂ ਵਲੋਂ ਇਸ ਮੁੱਦੇ ‘ਤੇ ਲਗਾਏ ਗਏ ਧਰਨੇ ਵਿੱਚ ਵੀ ਗਏ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਦੇ ਹਰ ਤਰਾਂ ਦੀ ਮਦਦ ਅਤੇ ਇਨਸਾਫ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਧੂ ਸਿੰਘ, ਐਸ.ਐਸ.ਪੀ ਧੁਰਵ ਦਾਹੀਆ, ਐਸ.ਡੀ.ਐਮ ਮੇਜਰ ਸੁਮਿਤ ਮੁੱਧ ਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …