Thursday, August 20, 2026

ਜਿਲੇ ਵਿੱਚ ਹੁਣ ਤੱਕ 1321 ਵਿਅਕਤੀਆਂ ਨੇ ਕਰੋਨਾ ਨੂੰ ਦਿੱਤੀ ਮਾਤ – ਸਿਵਲ ਸਰਜਨ

ਅੰਮ੍ਰਿਤਸਰ, 1 ਅਗਸਤ (ਸੁਖਬੀਰ ਸਿੰਘ) – ਅੰਮ੍ਰਿਤਸਰ ਜਿਲੇ ‘ਚ ਜਿੱਥੇ ਕਿ ਪੰਜਾਬ ਦਾ ਸਭ ਤੋਂ ਪਹਿਲਾ ਕੋਵਿਡ-19 ਦਾ ਮਰੀਜ਼ ਜਾਂਚ ਵਿੱਚ ਮਿਲਿਆ ਸੀ, ਵਿਚ ਕੋਰੋਨਾ ਨਾਲ ਜੰਗ ਜਾਰੀ ਹੈ ਅਤੇ ਇਹ ਲੋਕਾਂ ਦੇ ਸਾਥ ਨਾਲ ਹੀ ਜਿੱਤੀ ਜਾਣੀ ਹੈ। ਹੁਣ ਤੱਕ ਜਿਲੇ ਵਿਚ 1859 ਕੇਸਾਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਅਤੇ ਰੋਜ਼ਾਨਾ 50 ਤੋਂ ਵੱਧ ਮਰੀਜ਼ ਸਾਹਮਣੇ ਆ ਰਹੇ ਹਨ।
                   ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਵੱਖ-ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ ਮਰੀਜਾਂ ਵਿਚੋਂ ਹੁਣ ਤੱਕ 1321 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਅਤੇ ਕੇਵਲ 460 ਕੋਵਿਡ ਮਰੀਜ਼ ਇਲਾਜ ਅਧੀਨ ਹਨ। ਉਨਾਂ ਕਿਹਾ ਕਿ ਅੰਮ੍ਰਿਤਸਰ ਵਿਚ ਅੰਤਰਰਾਸ਼ਟਰੀ ਹਵਾਈ ਅੱਡਾ, ਅੰਤਰਰਾਸ਼ਟਰੀ ਸਰਹੱਦ ਅਤੇ ਰੇਲਵੇ ਜੰਕਸ਼ਨ ਹੋਣ ਕਾਰਨ ਬਾਹਰੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਕੇਸਾਂ ਦੇ ਵਾਧੇ ਵਿਚ ਇਹ ਵੀ ਵੱਡਾ ਕਾਰਨ ਹੈ। ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਭਾਵੇਂ ਸਾਡੇ ਸਰਕਾਰੀ ਹਸਪਤਾਲ ਵਿਚ ਮਰੀਜਾਂ ਲਈ ਪੁਖਤਾ ਪ੍ਰਬੰਧ ਹਨ, ਪਰ ਫਿਰ ਵੀ ਕਈ ਲੋਕ ਆਪਣੀ ਇੱਛਾ ਨਾਲ ਸਥਾਨਕ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਨਿੱਜੀ ਹਸਪਤਾਲਾਂ ਵਿਚੋਂ ਵੀ ਇਲਾਜ਼ ਕਰਵਾ ਰਹੇ ਹਨ।
                ਉਨਾਂ ਕਿਹਾ ਕਿ ਕੋਰੋਨਾ ਨੂੰ ਹਰਾਉਣ ਵਾਲੇ ਮਰੀਜ਼ਾਂ ਵਿਚ ਵੱਡੀ ਉਮਰ ਦੇ ਲੋਕਾਂ ਤੋਂ ਇਲਾਵਾ ਗਰਭਵਤੀ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ।ਬਦਕਿਸਮਤੀ ਨਾਲ ਜਿਲੇ ਵਿਚ 78 ਲੋਕਾਂ ਦੀ ਜਾਨ ਵੀ ਕੋਵਿਡ-19 ਕਾਰਨ ਜਾ ਚੁੱਕੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।ਉਨਾਂ ਕਿਹਾ ਕਿ ਜੇਕਰ ਤੁਸੀਂ ਮਾਸਕ ਲਗਾ ਕੇ ਘਰੋਂ ਬਾਹਰ ਜਾਂਦੇ ਹੋ, ਆਪਸੀ ਦੂਰੀ 2 ਮੀਟਰ ਦੀ ਰੱਖਦੇ ਹੋ ਅਤੇ ਮੂੰਹ, ਨੱਕ ਨੂੰ ਹੱਥ ਲਗਾਉਣ ਤੋਂ ਪਹਿਲਾਂ ਪਾਣੀ ਨਾਲ ਚੰਗੀ ਤਰਾਂ ਧੋ ਲੈਂਦੇ ਹੋ ਤਾਂ ਤੁਹਾਨੂੰ ਵਾਇਰਸ ਦੀ ਲਾਗ ਨਹੀਂ ਲੱਗ ਸਕਦੀ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …