ਅਗਨੀ ਭੇਟ ਅਤੇ ਗੁੰਮ ਹੋਏ ਪਾਵਨ ਸਰੂਪਾਂ ਸਬੰਧੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ (ਬ) ਨੇ ਨਹੀਂ ਨਿਭਾਈ ਜ਼ਿੰਮੇਵਾਰੀ – ਢੀਂਡਸਾ
ਮਸਤੂਆਣਾ ਸਾਹਿਬ/ ਲੌਂਗੋਵਾਲ, 1 ਅਗਸਤ (ਜਗਸੀਰ ਲੌਂਗੋਵਾਲ) – ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ੍ਰੋਮਣੀ ਅਕਾਲੀ ਦਲ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ
ਦੇ 267 ਸਰੂਪ ਗੁੰਮ ਹੋਣ ਕਾਰਨ ਪਸ਼ਚਾਤਾਪ ਕਰਨ ਲਈ ਸਮੁੱਚੇ ਪੰਜਾਬ ‘ਚ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਹੈ।ਜਿਸ ਦੀ ਕੜੀ ਵਜੋਂ ਅੱਜ ਇਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਗੁਰ ਸਾਗਰ ਮਸਤੂਆਣਾ ਸਾਹਿਬ ਵਿਖੇ ਪਾਏ ਗਏ। ਜਿਸ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਦੇਵ ਸਿੰਘ ਢੀਂਡਸਾ ਤੋਂ ਇਲਾਵਾ ਐਮ.ਪੀ ਬੀਬੀ ਪਰਮਜੀਤ ਕੌਰ ਗੁਲਸ਼ਨ, ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ, ਭਾਈ ਮੋਹਕਮ ਸਿੰਘ, ਸਾਬਕਾ ਸਪੀਕਰ ਬੀਰਦਵਿੰਦਰ ਸਿੰਘ, ਸਾਬਕਾ ਕੇਂਦਰੀ ਮੰਤਰੀ ਬਲੰਵਤ ਸਿੰਘ ਰਾਮੂਵਾਲੀਆ, ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਸਾਬਕਾ ਚੇਅਰਮੈਨ ਐਸ. ਐਸ ਬੋਰਡ ਤੇਜਿੰਦਰਪਾਲ ਸਿੰਘ ਸੰਧੂ, ਸਾਬਕਾ ਸੂਚਨਾ ਕਮਿਸਨਰ ਨਿਧੜਕ ਸਿੰਘ ਬਰਾੜ, ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦਰਾਈਆਂ, ਸਾਬਕਾ ਏ.ਐਮ ਗੁਰਬਚਨ ਸਿੰਘ ਬੱਚੀ, ਆਲ ਇੰਡੀਆ ਸਿੱਖ ਸਟੂਡੈਂਟਸ ਦੇ ਸਾਬਕਾ ਸੀਨੀਅਰ ਆਗੂ ਸਰਬਜੀਤ ਸਿੰਘ ਸੋਹਲ, ਜਸਵੀਰ ਸਿੰਘ ਘੁੰਮਣ, ਗੁਰਸੇਵਕ ਸਿੰਘ ਹਰਪਾਲ, ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ ਸਮੇਤ ਕਾਫ਼ੀ ਗਿਣਤੀ ਵਿੱਚ ਸੰਗਤ ਵੀ ਸ਼ਾਮਲ ਹੋਈ।
ਸੰਗਤ ਨੂੰ ਸੰਬੋਧਨ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਹੋਣ ਤੇ ਕਈ ਥਾਵਾਂ ‘ਤੇ ਅਗਨ ਭੇਂਟ ਹੋਣ ਕਾਰਨ ਹਰ ਸਿੱਖ ਹਿਰਦੇ ਵਲੂੰਧਰੇ ਗਏ।ਪਰ ਸ੍ਰੋਮਣੀ ਕਮੇਟੀ ਨੇ ਨਾਂ ਹੀ ਸੰਗਤ ਨੂੰ ਜਾਣਕਾਰੀ ਦਿੱਤੀ ਤੇ ਨਾਂ ਹੀ ਕੋਈ ਜਾਂਚ ਕਰਵਾਈ ਗਈ ਅਤੇ ਨਾਂ ਪਸ਼ਚਾਤਾਪ ਕੀਤਾ ਗਿਆ ਜੋ ਸਾਰੀ ਜਿੰਮੇਵਾਰੀ ਸ੍ਰੋਮਣੀ ਕਮੇਟੀ ਦੀ ਬਣਦੀ ਸੀ।
ਇਨ੍ਹਾਂ ਦੁਖਦਾਈ ਘਟਨਾਵਾਂ ਪ੍ਰਤੀ ਲਾਪ੍ਰਵਾਹੀ ਸ੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਤੇ ਉਨ੍ਹਾਂ `ਤੇ ਆਕਾਵਾਂ ਦੀ ਸ਼ੱਕੀ ਭੂਮਿਕਾ ਜੱਗ ਜ਼ਾਹਿਰ ਕਰਦੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਮਾਤ ਹੋਣ ਦੇ ਨਾਤੇ ਇਹ ਆਪਣੀ ਜਿੰਮੇਵਾਰੀ ਹੈ ਕਿ ਸ੍ਰੋਮਣੀ ਕਮੇਟੀ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਨੂੰ ਨਾ ਸੰਭਾਲ ਸਕਣ, ਜਾਂਚ ਨਾ ਕਰਵਾਉਣ ਅਤੇ ਪਸ਼ਚਾਤਾਪ ਨਾ ਕਰਨ ਕਰਕੇ ਪਸ਼ਚਾਤਾਪ ਦੀ ਅਰਦਾਸ ਕੀਤੀ ਜਾਵੇ।ਢੀਂਡਸਾ ਨੇ ਕਿਹਾ ਕਿ ਉਨ੍ਹਾਂ ਸੰਗਤ ਨੂੰ ਬਕਾਇਦਾ ਅਪੀਲ ਕੀਤੀ ਸੀ ਕਿ ਕਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਆਪੋ ਆਪਣੇ ਘਰਾਂ ਵਿੱਚ ਰਹਿ ਕੇ ਹੀ ਪਸ਼ਚਾਤਾਪ ਦੀ ਅਰਦਾਸ ਕੀਤੀ ਜਾਵੇ।ਪਰ ਸੰਗਤ ਆਪ ਮੁਹਾਰੇ ਪਸ਼ਚਾਤਾਪ ਅਰਦਾਸ ਵਿੱਚ ਸ਼ਾਮਲ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ ਵੱਖ ਜ਼ਿਲਿਆਂ ‘ਚ ਪਸ਼ਚਾਤਾਪ ਅਰਦਾਸ ਕਰਨ ਲਈ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ।8 ਅਗਸਤ ਨੂੰ ਹੁਸ਼ਿਅਰਪੁਰ ਅਤੇ 17 ਅਗਸਤ ਨੂੰ ਗੁਰਦਾਸਪੁਰ ਵਿਖੇ ਅਰਦਾਸ ਹੋਵੇਗੀ।
ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਦੋਸ਼ ਲਾਇਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਸਿੱਖੀ ਸਿਧਾਂਤਾਂ ਅਤੇ ਸਿੱਖ ਸੰਸਥਾਵਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵੱਡੇ ਵੱਡੇ ਰਾਜੇ ਵੀ ਅਕਾਲ ਤਖ਼ਤ ਅੱਗੇ ਝੁਕਾਉਂਦੇ ਰਹੇ ਹਨ ਬਾਦਲ ਪਰਿਵਾਰ ਨੇ ਕੌਮ ਦੇ ਜਥੇਦਾਰਾਂ ਨੂੰ ਸਿਆਸਤਦਾਨਾਂ ਦੇ ਨੌਕਰ ਬਣਾ ਦਿੱਤਾ।ਉਨ੍ਹਾਂ ਸਿੱਖ ਸੰਗਤ ਨੂੰ ਸੱਦਾ ਦਿੱਤਾ ਕਿ ਸਿੱਖ ਸਿਧਾਂਤਾ ਅਤੇ ਸਿੱਖੀ ਰਵਾਇਤਾਂ ਨੂੰ ਬਚਾਉਣ ਲਈ ਸ੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਲਈ ਅੱਗੇ ਆਉਣ।
ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਨੂੰ ਨਹੀਂ ਸੰਭਾਲ ਸਕੇ, ਉਨ੍ਹਾਂ ਲੋਕਾਂ ਨੂੰ ਸਿਆਸਤ ਤੇ ਧਾਰਮਿਕ ਖੇਤਰ ਵਿਚੋਂ ਬਾਹਰ ਕਰ ਦੇਣਾ ਚਾਹੀਦਾ ਹੈ।ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਖਾਲਸਾ ਪੰਥ ਦੀ ਆਨ ਤੇ ਸ਼ਾਨ ਨੂੰ ਬਚਾਉਣ ਲਈ ਸਿੱਖ ਸੰਗਤ ਨੂੰ ਬਾਦਲ ਪਰਿਵਾਰ ਹਰ ਹਾਲਤ ਵਿੱਚ ਲਾਂਭੇ ਕਰਨਾ ਪਵੇਗਾ।
ਭਾਈ ਮੋਹਕਮ ਸਿੰਘ ਨੇ ਕਿਹਾ ਕਿ ਸਿੱਖ ਸਿਧਾਂਤਾਂ ਤੇ ਰਵਾਇਤਾਂ ਨੂੰ ਬਚਾਉਣਾ ਸਮੇਂ ਦੀ ਲੋੜ ਹੈ।ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਾਰਟੀ ਦੇ ਸੱਦੇ ‘ਤੇ ਕਰੋਨਾਵਾਇਰਸ ਦੇ ਕਹਿਰ ਦੇ ਬਾਵਜ਼ੂਦ ਬਹੁਤ ਸਾਰੀ ਸੰਗਤ ਵਲੋਂ ਪਿੰਡਾਂ ‘ਚ ਵੀ ਪਸ਼ਚਾਤਾਪ ਕਰਨ ਤੇ ਅਰਦਾਸ ਵਿੱਚ ਸ਼ਾਮਲ ਹੋਣ ਦਾ ਧੰਨਵਾਦ ਕੀਤਾ।
ਇਸ ਮੌਕੇ ਭਾਈ ਮਲਕੀਤ ਸਿੰਘ ਚੰਗਾਲ, ਹਰਦੇਵ ਸਿੰਘ ਰੋਗਲਾ, ਜੈਪਾਲ ਸਿੰਘ ਮੰਡੀਆਂ, ਰਾਮਪਾਲ ਸਿੰਘ ਬਹਿਣੀਵਾਲ (ਸ਼੍ਰੋਮਣੀ ਕਮੇਟੀ ਮੈਂਬਰ), ਅਨੁਪਿੰਦਰ ਕੌਰ ਸੰਧੂ, ਬੀਬੀ ਹਰਜੀਤ ਕੌਰ ਤਲਵੰਡੀ, ਅਮਰਬੀਰ ਸਿੰਘ ਚੈਰੀ, ਜਥੇਦਾਰ ਸਰਬਜੀਤ ਸਿੰਘ ਡੂੰਮਵਾਲੀ, ਸਿਮਰਜੀਤ ਕੌਰ ਸਿੱਧੂ ਜਲੰਧਰ, ਮਾਨ ਸਿੰਘ ਗਰਚਾ, ਸੁਖਵੰਤ ਸਿੰਘ ਸਰਾਓ, ਗੁਰਤੇਜ ਸਿੰਘ ਝਨੇੜੀ, ਚਮਨਦੀਪ ਸਿੰਘ ਮਿਲਖੀ, ਕੁਲਦੀਪ ਸਿੰਘ ਬੁਗਰ, ਸਤਗੁਰ ਸਿੰਘ ਨਮੋਲ, ਭੁਪਿੰਦਰ ਸਿੰਘ ਪੂਨੀਆ, ਜਸਵੰਤ ਸਿੰਘ ਖਹਿਰਾ, ਸੁਰਜੀਤ ਸਿੰਘ ਮੂਲੋਵਾਲ, ਅਮਰੀਕ ਸਿੰਘ ਸੰਗਤੀਵਾਲਾ, ਸੋਨੀ ਮੰਡੇਰ, ਮਨਿੰਦਰ ਸਿੰਘ ਲਖਮੀਵਾਲਾ, ਦਵਿੰਦਰ ਸਿੰਘ ਸੋਢੀ, ਜੀਤ ਸਿੰਘ ਸਿੱਧੂ, ਸਨੀਤਾ ਸ਼ਰਮਾ, ਭਾਈ ਪਰਗਟ ਸਿੰਘ ਭੋਡੀਪੁਰਾ, ਹਰਪ੍ਰੀਤ ਸਿੰਘ ਢੀਂਡਸਾ ਅਤੇ ਗੁਰਮੀਤ ਸਿੰਘ ਜੌਹਲ ਵੀ ਮੌਜੂਦ ਸਨ।
Punjab Post Daily Online Newspaper & Print Media