Thursday, October 8, 2026

ਪਲਾਜ਼ਮਾ ਥੈਰੇਪੀ ਨੇ ਮੌਲਵੀ ਮੁਹੰਮਦ ਅਮਾਨਉਲਾ ਨੂੰ ਬਖਸ਼ੀ ਨਵੀਂ ਜ਼ਿੰਦਗੀ

ਪੰਜਾਬੀਆਂ ਦੀ ਸੇਵਾ ਭਾਵਨਾ ਨੇ ਮੈਨੂੰ ਜ਼ਿੰਦਗੀ ਭਰ ਲਈ ਖਰੀਦ ਲਿਆ – ਅਮਾਨਉਲਾ

ਕਪੂਰਥਲਾ, 1 ਅਗਸਤ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਦੇ ਮੌਲਵੀ ਲਈ ਪਲਾਜ਼ਮਾ ਇਲਾਜ ਵਿਧੀ ਕਿਸੇ ਵਰਦਾਨ ਤੋਂ ਘੱਟ ਨਹੀਂ।ਕਰੋਨਾ ਪਾਜੀਟਿਵ ਐਲਾਨੇ ਜਾਣ ਤੋਂ ਬਾਅਦ ਜਦ ਉਸ ਦੀ ਹਾਲਤ ਗੰਭੀਰ ਸੀ ਤਾਂ ਉਸ ਦਾ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਪਲਾਜ਼ਮਾ ਥੈਰੇਪੀ ਨਾਲ ਇਲਾਜ਼ ਕੀਤਾ ਗਿਆ, ਜੋ ਕਿ ਬਿਲਕੁੱਲ ਸਫਲ ਰਿਹਾ ਤੇ ਮੌਲਵੀ ਮੁਹੰਮਦ ਅਮਾਨਉੱਲਾ ਨੂੰ ਨਵੀਂ ਜਿੰਦਗੀ ਮਿਲ ਗਈ।
               ਸ਼ਾਲਾਮਾਰ ਬਾਗ ਨੇੜੇ ਬੀਬੀ ਪੀਰੋ ਵਾਲੀ ਮਸਜਿਦ ਦੇ ਮੁੱਖ ਮੌਲਵੀ 41 ਸਾਲਾ ਮੁਹੰਮਦ ਅਮਾਨਉੱਲਾ ਪਿਛਲੇ 30 ਸਾਲ ਤੋਂ ਕਪੂਰਥਲਾ ਵਿਖੇ ਰਹਿ ਰਹੇ ਹਨ। ਮੌਲਵੀ ਅਮਾਨਉੱਲਾ ਭਾਵੇਂ ਪੱਛਮੀ ਬੰਗਾਲ ਦੇ ਭਾਗਲਪੁਰ ਨਾਲ ਸਬੰਧਿਤ ਹਨ ਪਰ ਉਹ ਪੰਜਾਬ ਦੇ ਲੋਕਾਂ ਦੀ ਦਇਆ ਭਾਵਨਾ, ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਦੇ ਲੋਕਾਂ ਉਪਰ ਪ੍ਰਭਾਵ ਨੂੰ ਸਜ਼ਦਾ ਕਰਦੇ ਹਨ।
              ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਗਲਾ ਖਰਾਬ ਹੋਣ ਤੇ ਬਹੁਤ ਜਿਆਦਾ ਥਕਾਵਟ ਦੀ ਸ਼ਿਕਾਇਤ ਸੀ ਅਤੇ ਫਿਰ ਤੇਜ ਬੁਖਾਰ ਨੇ ਉਨ੍ਹਾਂ ਨੂੰ ਹਾਲੋਂ ਬੇਹਾਲ ਕਰ ਦਿੱਤਾ।ਪਹਿਲਾਂ ਤਾਂ ਉਨ੍ਹਾਂ ਨੇ ਕਪੂਰਥਲਾ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਤੋਂ ਬੁਖਾਰ ਦੀ ਦਵਾਈ ਖਾਧੀ।ਪਰ ਕੋਈ ਸੁਧਾਰ ਨਾ ਹੋਣ ਕਰਕੇ ਉਨ੍ਹਾਂ ਨੇ ਸਿਵਲ ਹਸਪਤਾਲ ਕਪੂਰਥਲਾ ਤੋਂ ਕਰੋਨਾ ਦਾ ਟੈਸਟ ਕਰਵਾਇਆ ਜੋ ਕਿ ਪਾਜ਼ਟਿਵ ਆਇਆ।ਮੌਲਵੀ ਅਮਾਨਉੱਲਾ ਨੇ ਕਿਹਾ ਕਿ ਟੈਸਟ ਪਾਜ਼ਟਿਵ ਆਉਣ ਪਿਛੋਂ ਉਨ੍ਹਾਂ ਦੀ ਹਾਲਤ ਗੰਭੀਰ ਹੁੰਦੀ ਦੇਖ ਉਨਾਂ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕੀਤਾ ਗਿਆ, ਜਿਥੇ ਕਿਸੇ ਦਾਨੀ ਵਲੋਂ ਦਾਨ ਕੀਤੇ ਪਲਾਜ਼ਮਾ ਨਾਲ ਉਸਦਾ ਇਲਾਜ ਕੀਤਾ ਗਿਆ।
              ਮੌਲਵੀ ਅਮਾਨਉੱਲਾ ਨੇ ਕਿਹਾ ਕਿ ਉਹ 14 ਦਿਨ ਹਸਪਤਾਲ ਰਿਹਾ ਅਤੇ ਇਸ ਦੌਰਾਨ ਜੋ ਸੇਵਾ ਭਾਵਨਾ ਉਨਾਂ ਦੀ ਪੰਜਾਬ ਦੇ ਲੋਕਾਂ ਤੇ ਵਿਸ਼ੇਸ਼ ਕਰਕੇ ਡਾਕਟਰਾਂ ਤੇ ਹੋਰ ਸਟਾਫ ਨੇ ਦਿਖਾਈ, ਉਹ ਸ਼ਾਇਦ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਨਹੀਂ`।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਇਸ ਸੇਵਾ ਭਾਵਨਾ ਨੇ ਉਨ੍ਹਾਂ ਨੂੰ ਜਿੰਦਗੀ ਭਰ ਲਈ ਮੁੱਲ ਲੈ ਲਿਆ ਹੈ ਅਤੇ ਉਹ ਰਹਿੰਦੀ ਉਮਰ ਤੱਕ ਪੰਜਾਬ ਦੇ ਰਿਣੀ ਰਹਿਣਗੇ।ਉਨ੍ਹਾਂ ਕਿਹਾ ਕਿ ਉਹ ਸੇਵਾ ਭਾਵਨਾ ਦਾ ਕਰਜ਼ ਉਤਾਰਨ ਲਈ ਆਪਣਾ ਪਲਾਜ਼ਮਾ ਜ਼ਰੂਰ ਦਾਨ ਕਰਨਗੇ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …