Tuesday, April 14, 2026

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਾਉਣ ਦੀ ਵਿਸ਼ੇਸ਼ ਮੁਹਿੰਮ ਸ਼ੁਰੂ

ਜਿਲੇ ‘ਚ ਲਾਏ ਜਾਣਗੇ 341200 ਬੂਟੇ, ਮਗਨਰੇਗਾ ਤਹਿਤ ਕਿਰਤੀਆਂ ਨੂੰ ਦਿੱਤਾ ਜਾਵੇਗਾ ਰੁਜ਼ਗਾਰ – ਡਿਪਟੀ ਕਮਿਸ਼ਨਰ

ਜੰਡਿਆਲਾ, 8 ਅਗਸਤ (ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਵਲੋ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲੇ੍ਹ ਦੇ ਹਰ ਪਿੰਡ ਵਿੱਚ 400 ਬੂਟੇ ਲਗਾਉਣ ਦੀ ਸੁਰੁਆਤ ਹੋ ਚੁੱਕੀ ਹੈ ਅਤੇ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਨ ਲਈ 853 ਪੰਚਾਇਤਾਂ ਵਿਚ 341200 ਬੂਟੇ ਲਗਾਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਗਨਰੇਗਾ ਤਹਿਤ ਬੂਟੇ ਲਗਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।ਉਨਾਂ ਦੱਸਿਆ ਕਿ ਇਹ ਬੂਟੇ ਲਗਾਉਣ ਲਈ ਮਗਨਰੇਗਾ ਸਕੀਮ ਅਧੀਨ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ 18 ਨਰਸਰੀਆਂ ਤਿਆਰ ਕੀਤੀਆਂ ਗਈਆਂ ਹਨ ਤੇ ਇਹ ਬੂਟੇ ਇੰਨਾਂ ਨਰਸਰੀਆਂ ਤੋ ਪੰਚਾਇਤਾਂ ਨੂੰ ਮੁਫਤ ਵਿਚ ਦਿੱਤੇ ਜਾਣਗੇ।ਉਨਾਂ ਕਿਹਾ ਕਿ ਇਸ ਨਾਲ ਵਾਤਾਵਰਨ ਵੀ ਸੁਧ ਹੋਵੇਗਾ ਅਤੇ ਨਰੇੋਗਾ ਜਾਬ ਕਾਰਡ ਹੋਲਡਰਾਂ ਨੂੰ ਰੋਜ਼ਗਾਰ ਦੀ ਪ੍ਰਾਪਤੀ ਵੀ ਹੋਵੇਗੀ।ਉਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਾਉਣ ਦੀ ਵਿਸ਼ੇਸ਼ ਮੁਹਿੰਮ ਚਲਾ ਕੇ ਬਾਬਾ ਬਕਾਲਾ ਸਾਹਿਬ ਨੂੰ ਹਰਿਆ-ਭਰਿਆ ਬਣਾਇਆ ਜਾਵੇਗਾ।
                   ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਘਰ-ਘਰ ਹਰਿਆਲੀ ਮੁਹਿੰਮ ਨਾਲ ਜੋੜਨ ਅਤੇ ਉਤਸ਼ਾਹਿਤ ਕਰਨ ਲਈ ਢੁੱਕਵੀਆਂ ਥਾਵਾਂ ’ਤੇ ਬੈਨਰ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਹਰ ਨਾਗਰਿਕ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਇਹ ਸਮੇਂ ਦੀ ਮੰਗ ਵੀ ਹੈ।ਉਨ੍ਹਾਂ ਕਿਹਾ ਕਿ ਸਮਾਜ ਸੇਵੀ ਜਥੇਬੰਦੀਆਂ, ਯੂਥ ਕਲੱਬਾਂ ਅਤੇ ਚਾਹਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੰਗਲਾਤ ਵਿਭਾਗ ਮੁਫ਼ਤ ਬੂਟੇ ਮਹੱਈਆ ਕਰਵਾ ਰਿਹਾ ਹੈ ਅਤੇ ਉਹ ਬੂਟੇ ਲਾ ਕੇ, ਬੂਟਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਵੀ ਨਿਭਾਉਣ।
           ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰਣਬੀਰ ਸਿੰਘ ਮੁੱਧਲ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਗਨਰੇਗਾ ਅਧੀਨ ਬੂਟੇ ਲਗਾਉਣ ਲਈ 10 ਕਰੋੜ 95 ਲੱਖ 74 ਹਜਾਰ 674 ਰੁਪਏ ਦੀ ਪ੍ਰਵਾਨਗੀ ਹੋ ਗਈ ਹੈ ਜਿਸ ਵਿੱਚੋਂ 10 ਕਰੋੜ 10 ਲੱਖ 65 ਹਜ਼ਾਰ 999 ਰੁਪੲੈ ਦੀ ਅਦਾਇਗੀ ਲੇਬਰ ਨੂੰ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਨਰਸਰੀਆਂ ਵਿੱਚ ਨਿੰਮ, ਜਾਮੁਨ, ਅਮਰੂਦ, ਟਾਹਲੀ, ਧਰੇਕ, ਸੁਖੰਝਨਾ ਆਦਿ ਕਿਸਮ ਦੀ ਬੂਟੇ ਤਿਆਰ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇਹ ਬੂਟੇ ਸਰਕਾਰੀ ਸਕੂਲ, ਸਾਂਝੀਆਂ ਥਾਂਵਾਂ, ਸੜਕਾਂ ਦੇ ਕੰਢੇ, ਪਾਰਕਾਂ ਤੇ ਖੇਡ ਮੈਦਾਨ ਵਿੱਚ ਲਗਾਏ ਜਾ ਰਹੇ ਹਨ।
                 ਇਸ ਸਬੰਧੀ ਮਗਨਰੇਗਾ ਦੀ ਕੁਆਰਡੀਨੇਟਰ ਹਰਸਿਮਰਨਜੀਤ ਕੌਰ ਅਤੇ ਕਰਨਦੀਪ ਸਿੰਘ ਨੇ ਦੱਸਿਆ ਕਿ ਇਸ ਕੰਮ ਲਈ ਨਰੇਗਾ ਜਾਬ ਕਾਰਡ ਹੋਲਡਰਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਗਨਰੇਗਾ ਤਹਿਤ ਵੱਖ ਵੱਖ ਪਿੰਡਾਂ ਵਿੱਚ ਕਈ ਤਰ੍ਹਾਂ ਦੇ ਵਿਕਾਸ ਕਾਰਜ ਚੱਲ ਰਹੇ ਹਨ ਜਿੰਨਾਂ ਵਿੱਚ ਛੱਪੜਾਂ ਦੀ ਸਫਾਈ, ਖੇਡ ਮੈਦਾਨ ਨਿਰਮਾਣ, ਸੜਕਾਂ ਦਾ ਨਿਰਮਾਣ, ਬਰਮਾਂ ਤੇ ਮਿੱਟੀ ਅਤੇ ਸੁੰਦਰ ਪਾਰਕਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …